ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ ਅਗਲੇ ਮਹੀਨੇ 25 ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ 25 ਅਕਤੂਬਰ ਨੂੰ ਜਲੰਧਰ ਵਿਖੇ ਹੋਵੇਗੀ
Publish Date: Sat, 26 Sep 2026 07:00 PM (IST)
Updated Date: Sat, 26 Sep 2026 07:00 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.)ਦੇ ਸਾਲ 2026 ਤੋਂ 2029 ਤੱਕ ਲਈ 12 ਅਹੁਦੇਦਾਰਾਂ ਦੀ ਚੋਣ 25 ਅਕਤੂਬਰ 2026 ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਗੁਪਤ ਵੋਟਾਂ ਰਾਹੀਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਵੇਗੀ। ਕੇਂਦਰੀ ਸਭਾ ਦੀ ਕਾਰਜਕਾਰਨੀ ਨੇ ਇਹ ਚੋਣ ਕਰਵਾਉਣ ਲਈ ਡਾ. ਲਖਵਿੰਦਰ ਸਿੰਘ ਜੌਹਲ ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ ਹੈ ਤੇ ਨਾਲ ਹੀ ਸਹਾਇਕ ਚੋਣ ਅਧਿਕਾਰੀਆਂ ਵਜੋਂ ਸਤਨਾਮ ਸਿੰਘ ਮਾਣਕ ਤੇ ਪ੍ਰੋ. ਤੇਜਿੰਦਰ ਵਿਰਲੀ ਨੂੰ ਨਿਯੁਕਤ ਕੀਤਾ ਗਿਆ ਹੈ। ਤਿੰਨਾਂ ਹੀ ਚੋਣ ਅਧਿਕਾਰੀਆਂ ਵੱਲੋਂ ਅੱਜ ਇਥੇ ਮੀਟਿੰਗ ਕਰਨ ਉਪਰੰਤ ਜਾਰੀ ਕੀਤੇ ਗਏ ਬਿਆਨ ਅਨੁਸਾਰ ਅਹੁਦੇਦਾਰਾਂ ਦੀ ਚੋਣ ਲਈ ਉਮੀਦਵਾਰ ਆਪੋ-ਆਪਣੀ ਨਾਮਜ਼ਦਗੀ ਸੰਬੰਧੀ ਲੋੜੀਂਦੇ ਫ਼ਾਰਮ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੋਂ ਪ੍ਰਾਪਤ ਕਰ ਕੇ, ਜਾਂ “ਪੰਜਾਬੀ ਲੇਖਕ” ਦੇ ਤਾਜ਼ਾ ਅੰਕ ਵਿੱਚੋਂ ਲੈ ਕੇ, ਉਸ ਫ਼ਾਰਮ ਨੂੰ ਭਰ ਕੇ ਚੋਣ ਅਧਿਕਾਰੀ ਨੂੰ 7 ਤੋਂ 14 ਅਕਤੂਬਰ ਸ਼ਾਮ 4 ਵਜੇ ਤੱਕ ਰਜਿਸਟਰਡ ਪੱਤਰ ਰਾਹੀਂ ਪਹੁੰਚਾ ਸਕਦੇ ਹਨ ਜਾਂ ਖੁਦ ਆ ਕੇ ਬੰਦ ਲਿਫਾਫ਼ੇ ਵਿੱਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਦਫ਼ਤਰ ਸਕੱਤਰ (ਭੂਵਨ ਜੋਸ਼ੀ ਮੋਬਾਈਲ ਨੰਬਰ-8699371597) ਨੂੰ ਦੇ ਸਕਦੇ ਹਨ। ਇਸ ਤੋਂ ਬਾਅਦ ਪੁੱਜਣ ਵਾਲੇ ਨਾਮਜ਼ਦਗੀ ਪੱਤਰ ਸਵੀਕਾਰ ਨਹੀਂ ਕੀਤੇ ਜਾਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 15.10.2026 ਨੂੰ (ਬਾਅਦ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ) ਹੋਵੇਗੀ। ਚੋਣ ਨਾ ਲੜਨ ਦੇ ਚਾਹਵਾਨ ਉਮੀਦਵਾਰ 16.10.2026 ਨੂੰ (ਸਵੇਰੇ 11 ਵਜੇ ਤੋਂ ਸ਼ਾਮ 04 ਵਜੇ ਤੱਕ) ਆਪਣਾ ਨਾਂ ਵਾਪਸ ਲੈ ਸਕਦੇ ਹਨ। ਵੋਟਾਂ ਪੈਣ ਉਪਰੰਤ ਉਸੇ ਦਿਨ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਦਾ ਐਲਾਨ ਕਰ ਦਿੱਤਾ ਜਾਵੇਗਾ। ਚੋਣ ਅਧਿਕਾਰੀਆਂ ਨੇ ਲੇਖਕ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਕੀਤੇ ਗਏ ਪਛਾਣ ਪੱਤਰਾਂ ਚੋਂ ਕੋਈ ਇਕ ਫੋਟੋ-ਪਛਾਣ-ਪੱਤਰ ਆਪਣੇ ਨਾਲ ਜ਼ਰੂਰ ਲੈ ਕੇ ਆਉਣ ਤਾਂ ਕਿ ਵੋਟ ਪਾਉਣ ਲਈ ਉਨ੍ਹਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਲੇਖਕ ਭਾਈਚਾਰੇ ਨੂੰ ਨਿਰਪੱਖ ਤੇ ਨਿਰਵਿਘਨ ਚੋਣਾਂ ਕਰਵਾਉਣ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਚੋਣਾਂ ਵਾਲੇ ਦਿਨ ਦੇਸ਼ ਭਗਤ ਯਾਦਗਾਰ ਹਾਲ ਦੇ ਸਮੁੱਚੇ ਕੰਪਲੈਕਸ ਅੰਦਰ ਇਸ਼ਤਿਹਾਰ ਆਦਿ ਲਗਾਉਣ ਦੀ ਮਨਾਹੀ ਹੋਵੇਗੀ ਤੇ ਚੋਣ ਪ੍ਰਚਾਰ ਦੇਸ਼ ਭਗਤ ਯਾਦਗਾਰ ਹਾਲ ਦੀਆਂ ਹੱਦਾਂ ਤੋਂ ਬਾਹਰ ਹੋਵੇਗਾ। ਚੋਣਾਂ ਸਬੰਧੀ ਹੋਰ ਜਾਣਕਾਰੀ ਲਈ ਮੋਬਾਈਲ ਨੰਬਰ 9417194812 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਚੋਣ ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਵੋਟ ਪਾਉਣ ਦਾ ਹੱਕ ਸਿਰਫ਼ ਜੀਵਨ ਮੈਂਬਰਾਂ ਤੇ ਸਾਹਿਤ ਸਭਾਵਾਂ ਵੱਲੋਂ ਬਣਾਏ ਮੈਂਬਰ ਲੇਖਕਾਂ ਨੂੰ ਹੀ ਹੋਵੇਗਾ। ਚੁਣੇ ਜਾਣ ਵਾਲੇ ਅਹੁਦੇਦਾਰ ਇਸ ਪ੍ਰਕਾਰ ਹੋਣਗੇ -ਪ੍ਰਧਾਨ-1 -ਸੀਨੀਅਰ ਮੀਤ ਪ੍ਰਧਾਨ-1 -ਮੀਤ ਪ੍ਰਧਾਨ- 5 (ਜਿਨ੍ਹਾਂ ਵਿੱਚੋਂ ਇਕ ਔਰਤਾਂ ਲਈ ਰਾਖਵਾਂ) -ਜਨਰਲ ਸਕੱਤਰ-1 -ਸਕੱਤਰ-4 (ਜਿਨ੍ਹਾਂ ਵਿੱਚੋਂ ਇਕ ਔਰਤਾਂ ਲਈ ਰਾਖਵਾਂ)