ਤਰੱਕੀਆਂ ਦੀ ਖੁਸ਼ੀ ਘੱਟ ਤੇ ਪਰੇਸ਼ਾਨੀ ਜ਼ਿਆਦਾ ਹੋਈ :ਟੂਰਾ ਸਿੱਖਿਆ ਵਿਭਾਗ ਹੈੱਡ ਮਾਸਟਰਾਂ ਦੀਆਂ ਕੀਤੀਆਂ ਤਰੱਕੀਆਂ ਨੂੰ ਲੋਕਲ ਖਾਲੀ ਸਟੇਸ਼ਨਾਂ ਤੇ ਇੱਛਾ ਅਨੁਸਾਰ ਐਡਜਸਟਮੈਂਟਾਂ ਕਰੇ ਟੂਰਾ
Publish Date: Fri, 04 Sep 2026 06:33 PM (IST)
Updated Date: Fri, 04 Sep 2026 06:34 PM (IST)
ਸਿੱਖਿਆ ਵਿਭਾਗ ਹੈੱਡ ਮਾਸਟਰਾਂ ਨੂੰ ਲੋਕਲ ਸਟੇਸ਼ਨਾਂ ’ਤੇ ਇੱਛਾ ਅਨੁਸਾਰ ਐਡਜਸਟ ਕਰੇ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਐੱਸਸੀ/ਬੀਸੀ ਸਮਾਜ ਤੇ ਮੁਲਾਜ਼ਮ ਵਰਗ ਦੀ ਆਵਾਜ਼ ਬੁਲੰਦ ਕਰਨ ਵਾਲੀ ਗਜ਼ਟਿਡ ਤੇ ਨਾਨ ਗਜ਼ਟਿਡ ਐੱਸਸੀ/ਬੀਸੀ ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਦੀ ਇਕਾਈ ਕਪੂਰਥਲਾ ਦੇ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਸਤਵੰਤ ਟੂਰਾ, ਮਨਜੀਤ ਗਾਟ, ਸੰਤੋਖ ਮੱਲੀ, ਬਲਵਿੰਦਰ ਮਸੀਹ, ਲਖਵੀਰ ਚੰਦ ਤੇ ਬਲਵਿੰਦਰ ਨਿੱਧੜਕ ਨੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀ ਆਲੋਚਨਾ ਕਰਦਿਆਂ ਕਿਹਾ ਕਿ 1 ਸਤੰਬਰ 2026 ਨੂੰ ਸਿੱਖਿਆ ਵਿਭਾਗ ਵੱਲੋਂ ਮਾਸਟਰ ਕਾਡਰ ਤੋਂ ਕਰੀਬ 178 ਅਧਿਆਪਕਾਂ ਨੂੰ ਮੁੱਖ ਅਧਿਆਪਕਾਂ ਦੀਆਂ ਤਰੱਕੀਆਂ ਦੇ ਆਰਡਰ ਜਾਰੀ ਕੀਤੇ ਗਏ, ਜਿਸ ਨਾਲ ਅਧਿਆਪਕਾਂ ਨੂੰ ਖੁਸ਼ੀ ਘੱਟ ਸਗੋਂ ਜਾਣ-ਆਉਣ ਦੀ ਪਰੇਸ਼ਾਨੀ ਜ਼ਿਆਦਾ ਸਤਾਉਣ ਲੱਗੀ ਹੈ, ਕਿਉਂਕਿ ਸਿੱਖਿਆ ਵਿਭਾਗ ਵੱਲੋਂ ਜੋ ਤਰੱਕੀਆਂ ਦੇ ਆਰਡਰ ਜਾਰੀ ਕੀਤੇ ਗਏ ਹਨ ਉਨ੍ਹਾਂ ਵਿੱਚ ਅਧਿਆਪਕਾਂ ਕੋਲੋਂ ਕੋਈ ਵੀ ਸਟੇਸ਼ਨ ਚੋਣ ਨਹੀਂ ਕਰਵਾਈ ਗਈ ਸਗੋਂ ਵਿਭਾਗ ਵੱਲੋਂ ਆਪਣੇ ਪੱਧਰ ’ਤੇ ਹੀ ਸਟੇਸ਼ਨਾਂ ਦੀ ਅਲਾਟਮੈਂਟ ਕਰਕੇ ਲਿਸਟਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਅਜਿਹਾ ਜਾਪਦਾ ਹੈ ਕਿ ਬਹੁਤੇ ਅਧਿਆਪਕਾਂ ਨੂੰ ਤਾਂ ਇਹ ਤਰੱਕੀਆਂ ਨਹੀਂ ਦਿੱਤੀਆਂ ਗਈਆਂ ਸਗੋਂ ਸਜ਼ਾ ਦਿੱਤੀ ਗਈ ਹੈ। ਫੈੱਡਰੇਸ਼ਨ ਵੱਲੋਂ ਮਾਨਯੋਗ ਡਾਇਰੈਕਟਰ ਸਿੱਖਿਆ ਵਿਭਾਗ ਨੂੰ ਮੀਟਿੰਗ ਕਰਕੇ ਇਕ ਮੰਗ ਪੱਤਰ ਵੀ ਦਿੱਤਾ ਗਿਆ ਸੀ ਤੇ ਮੰਗ ਕੀਤੀ ਗਈ ਸੀ ਕਿ ਜਿਨ੍ਹਾਂ ਵੀ ਅਧਿਆਪਕਾਂ ਦੀਆਂ ਤਰੱਕੀਆਂ ਕੀਤੀਆਂ ਜਾਣੀਆਂ ਹਨ ਭਾਵੇਂ ਉਹ ਮਾਸਟਰ ਕਾਡਰ ਤੋਂ ਲੈਕਚਰਾਰ ਦੀਆਂ ਹੋਣ ਜਾਂ ਫਿਰ ਲੈਕਚਰਾਰ ਕਾਡਰ ਤੋਂ ਪ੍ਰਿੰਸੀਪਲ ਕਾਡਰ ਦੀਆਂ ਹੋਣ ਉਨ੍ਹਾਂ ਨੂੰ ਸਟੇਸ਼ਨ ਚੋਣ ਜ਼ਰੂਰ ਕਰਵਾਈ ਜਾਵੇ, ਕਿਉਂਕਿ ਹਰ ਸਿੱਖਿਆ ਬਲਾਕ ਵਿੱਚ ਹੈੱਡ ਮਾਸਟਰਾਂ ਤੇ ਪ੍ਰਿੰਸੀਪਲਾਂ ਦੀਆਂ ਸੈਂਕੜੇ ਪੋਸਟਾਂ ਖਾਲੀ ਪਈਆਂ ਹਨ, ਜਿਸ ਨਾਲ ਕਰਮਚਾਰੀਆਂ ਵੱਲੋਂ ਆਪਣੀ ਮਨ ਪਸੰਦ ਦੇ ਸਟੇਸ਼ਨਾਂ ਦੀ ਚੋਣ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਜੋ 2025 ਵਿੱਚ ਤਰੱਕੀਆਂ ਕੀਤੀਆਂ ਗਈਆਂ ਸਨ ਭਾਵੇਂ ਉਹ ਹੈੱਡ ਮਾਸਟਰਾਂ ਦੀਆਂ ਸਨ ਜਾਂ ਫਿਰ ਲੈਕਚਰਾਰਾਂ ਦੀਆਂ, ਉਨ੍ਹਾਂ ਦੀ ਚੋਣ ਜ਼ਿਲਾ ਸਿੱਖਿਆ ਅਫਸਰਾਂ ਰਾਹੀਂ ਕਰਵਾਈ ਗਈ ਸੀ ਪਰ ਹੁਣ ਤਰੱਕੀਆਂਵਿਭਾਗ ਵੱਲੋਂ ਕੀਤੀਆਂ ਗਈਆਂ ਹਨ। ਇਸ ਤੋ ਜਾਪਦਾ ਹੈ ਕਿ ਸਰਕਾਰ ਮੁਲਾਜ਼ਮ ਵਰਗ ਨਾਲ ਕਿੜ ਕੱਢਣ ਦਾ ਰਾਸਤਾ ਅਪਣਾ ਰਹੀ ਹੈ। ਟੂਰਾ ਨੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਬੈਂਸ ਤੇ ਸਿੱਖਿਆ ਸਕੱਤਰ ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਸਕੱਤਰ ਸਿੰਘ ਬੱਲ ਪੀਸੀਐੱਸ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵੀ ਅਧਿਆਪਕਾਂ ਦੀ ਤਰੱਕੀ ਬਤੌਰ ਹੈੱਡਮਾਸਟਰ ਕੀਤੀ ਗਈ ਹੈ ਜਾਂ ਲੈਕਚਰਾਰਾਂ ਨੂੰ ਸਟੇਸ਼ਨ ਚੋਣ ਕਰਵਾਉਣ ਉਪਰੰਤ ਬਤੌਰ ਪ੍ਰਿੰਸੀਪਲ ਸਟੇਸ਼ਨ ਦਿੱਤੇ ਜਾਣੇ ਹਨ ਜਾਂ ਜਿਨ੍ਹਾਂ ਕਰਮਚਾਰੀਆਂ ਨੇ ਡਿਊਟੀ ਜੁਆਇਨ ਕੀਤੀ ਹੈ, ਉਨ੍ਹਾਂ ਦੀਆਂ ਐਡਜਸਟਮੈਂਟਾਂ ਉਨ੍ਹਾਂ ਦੀ ਸਹਿਮਤੀ ਨਾਲ ਲੋਕਲ ਬਲਾਕਾਂ ਦੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਖਾਲੀ ਸਟੇਸ਼ਨਾਂ ਉੱਪਰ ਕੀਤੀਆਂ ਜਾਣ ਤਾਂ ਕਿ ਜਿੱਥੇ ਉਹ ਦੂਰ-ਦੁਰਾਡੇ ਹੋਈਆਂ ਨਿਯੁਕਤੀਆਂ ਤੇ ਖੱਜਲ ਖੁਆਰੀ ਤੋਂ ਛੁਟਕਾਰਾ ਪਾਉਣਗੇ, ਉੱਥੇ ਲੋਕਲ ਬਲਾਕਾਂ ਵਿੱਚ ਖਾਲੀ ਸਟੇਸ਼ਨਾਂ ਉੱਪਰ ਐਡਜਸਟਮੈਂਟ ਹੋਣ ਨਾਲ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਵਧੀਆ ਢੰਗ ਨਾਲ ਨਿਭਾ ਸਕਦੇ ਹਨ। ਅਜਿਹਾ ਹੋਣ ਨਾਲ ਸਰਕਾਰ ਦੇ ਪ੍ਰਤੀ ਰੋਸ ਵੀ ਘਟੇਗਾ। ਇਸ ਮੌਕੇ ਅਸ਼ੋਕ ਮੂਲ ਨਿਵਾਸੀ, ਵਿਨੋਦ ਕੁਮਾਰ, ਗਿਆਨ ਚੰਦ ਵਾਹਦ,ਪਵਨ ਕੁਮਾਰ, ਪਰਵੀਨ ਕੁਮਾਰ, ਜਸਵੀਰ ਖਲਵਾੜਾ, ਸੋਹਣ ਲਾਲ ਬਨਵਾਰੀ ਆਦਿ ਹਾਜ਼ਰ ਸਨ।