ਦੀਵਾਲੀ ਦੀਆਂ ਰੌਣਕਾਂ ਨਾਲ ਜਗਮਗਾਇਆ ਬਾਜ਼ਾਰ ਦੀਵਾਲੀ ਦੀਆਂ ਰੌਣਕਾਂ ਨਾਲ ਜਗਮਗਾਇਆ ਡਡਵਿੰਡੀ ਦਾ ਬਾਜ਼ਾਰ, ਮਠਿਆਈਆਂ, ਫਲਾਂ ਅਤੇ ਪਟਾਕਿਆਂ ਦੀ ਖਰੀਦਦਾਰੀ ਲਈ ਉਮੜੀ ਲੋਕਾਂ ਦੀ ਭੀੜ
Publish Date: Mon, 09 Nov 2026 09:37 PM (IST)
Updated Date: Mon, 09 Nov 2026 09:38 PM (IST)
ਲੋਕਾਂ ਨੇ ਪਰਿਵਾਰਾਂ ਸਮੇਤ ਕੀਤੀ ਖੂਬ ਖਰੀਦਦਾਰੀ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਰੌਸ਼ਨੀਆਂ ਤੇ ਖੁਸ਼ੀਆਂ ਦਾ ਪ੍ਰਤੀਕ ਮੰਨੇ ਜਾਂਦੇ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਅੱਜ ਪਿੰਡ ਡਡਵਿੰਡੀ ਦੇ ਬਾਜ਼ਾਰਾਂ ਵਿੱਚ ਖੂਬ ਰੌਣਕਾਂ ਦੇਖਣ ਨੂੰ ਮਿਲੀਆਂ। ਸਵੇਰ ਤੋਂ ਹੀ ਬਾਜ਼ਾਰਾਂ ਵਿੱਚ ਲੋਕਾਂ ਦੀ ਆਵਾਜਾਈ ਵਧ ਗਈ ਤੇ ਦੇਰ ਸ਼ਾਮ ਤੱਕ ਖਰੀਦਦਾਰੀ ਦਾ ਸਿਲਸਿਲਾ ਜਾਰੀ ਰਿਹਾ। ਇਸ ਮੌਕੇ ਲੋਕਾਂ ਨੇ ਆਪਣੇ ਪਰਿਵਾਰਾਂ ਤੇ ਬੱਚਿਆਂ ਲਈ ਮਠਿਆਈਆਂ, ਫਲ-ਫਰੂਟ, ਪਟਾਕੇ, ਸਜਾਵਟੀ ਸਾਮਾਨ ਤੇ ਘਰਾਂ ਦੀਆਂ ਹੋਰ ਜ਼ਰੂਰੀ ਵਸਤਾਂ ਦੀ ਖਰੀਦਦਾਰੀ ਕੀਤੀ। ਦੁਕਾਨਦਾਰਾਂ ਵੱਲੋਂ ਵੀ ਤਿਉਹਾਰ ਨੂੰ ਮੁੱਖ ਰੱਖਦਿਆਂ ਦੁਕਾਨਾਂ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ। ਦੀਵਾਲੀ ਭਾਰਤੀ ਸੱਭਿਆਚਾਰ ਦਾ ਪ੍ਰਾਚੀਨ ਤੇ ਮਹੱਤਵਪੂਰਨ ਤਿਉਹਾਰ ਹੈ। ਹਿੰਦੂ ਮਾਨਤਾਵਾਂ ਅਨੁਸਾਰ ਇਸ ਦਿਨ ਭਗਵਾਨ ਸ੍ਰੀ ਰਾਮ ਜੀ 14 ਸਾਲਾਂ ਦਾ ਬਨਵਾਸ ਪੂਰਾ ਕਰਕੇ ਲੰਕਾ ਦੇ ਰਾਜਾ ਰਾਵਣ ਉੱਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅਯੁੱਧਿਆ ਵਾਪਸ ਪਰਤੇ ਸਨ। ਉਨ੍ਹਾਂ ਦੇ ਸਵਾਗਤ ਵਿੱਚ ਅਯੁੱਧਿਆ ਵਾਸੀਆਂ ਨੇ ਘਿਓ ਦੇ ਦੀਵੇ ਜਗਾ ਕੇ ਖੁਸ਼ੀਆਂ ਮਨਾਈਆਂ ਸਨ। ਇਸੇ ਪਰੰਪਰਾ ਨੂੰ ਅੱਜ ਵੀ ਲੋਕ ਦੀਵੇ ਤੇ ਮੋਮਬੱਤੀਆਂ ਜਗਾ ਕੇ ਅੱਗੇ ਵਧਾਉਂਦੇ ਹਨ। ਸਿੱਖ ਇਤਿਹਾਸ ਵਿੱਚ ਵੀ ਦੀਵਾਲੀ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ। ਇਸ ਯਾਦ ਵਿੱਚ ਸਿੱਖ ਸੰਗਤ ਵੱਲੋਂ ਇਸ ਦਿਨ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਦੀਵਾਲੀ ਦਾ ਤਿਉਹਾਰ ਲੋਕਾਂ ਨੂੰ ਆਪਸੀ ਭਾਈਚਾਰੇ, ਪਿਆਰ, ਸਾਂਝ ਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੰਦਾ ਹੈ।