ਨਸ਼ਾ ਮੁਕਤ ਪੰਜਾਬ ਯਾਤਰਾ ਇਤਿਹਾਸਕ ਪਹਿਲਕਦਮੀ ਹੋਵੇਗੀ : ਖੋਜੇਵਾਲ ਨਸ਼ਾ ਮੁਕਤ ਪੰਜਾਬ ਯਾਤਰਾ ਸੂਬੇ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕਰਨ ਲਈ ਅਹਿਮ ਤੇ ਇਤਿਹਾਸਕ ਪਹਿਲਕਦਮੀ ਸਾਬਤ ਹੋਵੇਗੀ-ਖੋਜੇਵਾਲ
Publish Date: Sat, 26 Sep 2026 08:00 PM (IST)
Updated Date: Sat, 26 Sep 2026 08:03 PM (IST)
--ਨਸ਼ਾ ਮੁਕਤ ਪੰਜਾਬ ਯਾਤਰਾ ਦੇ ਸਵਾਗਤ ਲਈ ਪਿੰਡ ਬੂਟਾਂ ਵਿਖੇ ਭਾਜਪਾ ਦੀ ਹੋਈ ਮੀਟਿੰਗ --ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਯਾਤਰਾ ਦੀ ਕੀਤੀ ਸ਼ੁਰੂਆਤ : ਭਾਜਪਾ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਭਾਜਪਾ ਵੱਲੋਂ ਸੂਬੇ ਭਰ ਵਿਚ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ 28 ਸਤੰਬਰ ਨੂੰ ਕਪੂਰਥਲਾ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕਰਨ ਤੇ ਯਾਤਰਾ ਨੂੰ ਇਤਹਾਸਿਕ ਬਣਾਉਣ ਲਈ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵੱਲੋਂ ਹਲਕੇ ਦੇ ਪਿੰਡਾਂ ਵਿਚ ਲਗਾਤਾਰ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੇ ਤਹਿਤ ਹਲਕੇ ਦੇ ਪਿੰਡ ਬੂਟਾਂ ਵਿਖੇ ਮੰਡਲ ਕੋਤਵਾਲੀ ਬੇਟ ਦੇ ਪ੍ਰਧਾਨ ਬਲਵੰਤ ਸਿੰਘ ਬੂਟਾ ਦੀ ਅਗਵਾਈ ਹੇਠ ਸ਼ਨੀਵਾਰ ਨੂੰ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਖੋਜੇਵਾਲ ਨੇ ਹਾਜ਼ਰ ਵਰਕਰਾਂ ਨੂੰ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸਫਲ ਬਣਾਉਣ ਤੇ ਵੱਧ ਤੋਂ ਵੱਧ ਲੋਕਾਂ ਨੂੰ ਨਾਲ ਲੈ ਕੇ ਯਾਤਰਾ ਵਿਚ ਸ਼ਾਮਲ ਹੋਣ ਲਈ ਡਿਊਟੀਆਂ ਲਾਈਆਂ। ਇਸ ਮੌਕੇ ਖੋਜੇਵਾਲ ਨੇ ਸੂਬੇ ਵਿੱਚ ਵਧ ਰਹੇ ਨਸ਼ਿਆਂ ਤੇ ਪ੍ਰਸ਼ਾਸਕੀ ਧੱਕੇਸ਼ਾਹੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਖੋਜੇਵਾਲ ਨੇ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਦੀਆਂ ਹਾਲੀਆ ਘਟਨਾਵਾਂ ਦਾ ਹਵਾਲਾ ਦਿੰਦਿਆਂ ਸਰਕਾਰ ਦੀ ਕਾਰਜਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਉਣ ਵਾਲੇ ਮੋਹਨਜੀਤ ਸਿੰਘ ਨਾਲ ਪੁਲਿਸ ਵੱਲੋਂ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਹ ਵੈਂਟੀਲੇਟਰ ’ਤੇ ਪਹੁੰਚ ਗਿਆ। ਇਸ ਤੋਂ ਇਲਾਵਾ ਦਿੜਬਾ ਵਿਖੇ ਮੰਤਰੀ ਦੇ ਪ੍ਰੋਗਰਾਮ ਦੌਰਾਨ ਚਿੱਟਾ ਕਦੋਂ ਬੰਦ ਹੋਵੇਗਾ ਪੁੱਛਣ ’ਤੇ ਦਲਿਤ ਦਿਹਾੜੀਦਾਰ ਗੁਲਜ਼ਾਰ ਸਿੰਘ ਦੀ ਕੁੱਟਮਾਰ ਕੀਤੀ ਗਈ, ਜਿਸ ਤੋਂ ਦੁਖੀ ਹੋ ਕੇ ਉਸ ਨੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ। ਉਨ੍ਹਾਂ ਨਮੋਲ ਪਿੰਡ ਦੇ ਜਗਸੀਰ ਸਿੰਘ ਜੱਗਾ ਦਾ ਜ਼ਿਕਰ ਵੀ ਕੀਤਾ, ਜਿਸ ਨੇ ਨਸ਼ਿਆਂ ਖਿਲਾਫ਼ ਸੁਣਵਾਈ ਨਾ ਹੋਣ ਕਾਰਨ ਡੀਸੀ ਦਫ਼ਤਰ ਅੱਗੇ ਜ਼ਹਿਰ ਖਾ ਲਿਆ। ਖੋਜੇਵਾਲ ਨੇ ਕਿਹਾ ਕਿ ਭਾਜਪਾ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਤੇ ਰਾਜ ਦੀ ਗੁਆਚੀ ਸ਼ਾਨ ਬਹਾਲ ਕਰਨ ਦੇ ਮਨੋਰਥ ਨਾਲ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਯਾਤਰਾ ਦਾ ਮੁੱਖ ਮਕਸਦ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਾਹਨਤ ਤੋਂ ਬਚਾਉਣਾ ਤੇ ਉਨ੍ਹਾਂ ਨੂੰ ਇਸ ਪ੍ਰਤੀ ਜਾਗਰੂਕ ਤੇ ਸੁਚੇਤ ਕਰਨਾ ਹੈ। ਇਸੇ ਲੜੀ ਤਹਿਤ ਯਾਤਰਾ ਦੀਆਂ ਤਿਆਰੀਆਂ ਤੇ ਰੂਪ-ਰੇਖਾ ਉੱਤੇ ਵਿਚਾਰ-ਵਟਾਂਦਰਾ ਕਰਨ ਲਈ ਇਸ ਮੀਟਿੰਗ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਪੰਜਾਬ ਯਾਤਰਾ ਸੂਬੇ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕਰਨ ਲਈ ਇੱਕ ਅਹਿਮ ਤੇ ਇਤਿਹਾਸਕ ਪਹਿਲਕਦਮੀ ਸਾਬਤ ਹੋਵੇਗੀ। ਇਸ ਯਾਤਰਾ ਰਾਹੀਂ ਘਰ-ਘਰ ਤੱਕ ਪਹੁੰਚ ਕਰਕੇ ਨੌਜਵਾਨਾਂ ਨੂੰ ਖੇਡਾਂ, ਚੰਗੀ ਸਿਹਤ ਤੇ ਸਮਾਜਿਕ ਸੇਵਾ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਜਥੇਦਾਰ ਊੜਾ ਸਿੰਘ, ਸੁਰਜੀਤ ਸਿੰਘ, ਮੀਨਾ ਕੁਮਾਰੀ, ਸਰਬਜੀਤ ਸਿੰਘ ਦਿਉਲ, ਸੰਨੀ ਬੈਂਸ, ਸੋਨੂੰ, ਬਖਸ਼ੀਸ਼ ਸਿੰਘ, ਜਸਪਿੰਦਰ ਸਿੰਘ, ਵੀਰ ਸਿੰਘ, ਸੁੱਖਾ ਸਿੰਘ, ਪਲਵਿੰਦਰ ਸਿੰਘ, ਲਖਵੀਰ ਸਿੰਘ, ਜਰਨੈਲ ਸਿੰਘ, ਦੇਵਿਕਾ, ਦਵੀਸ਼ਾ ਆਦਿ ਹਾਜ਼ਰ ਸਨ।