ਸੂਬੇ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਸੁਧਾਰਨ ਦੀ ਲੋੜ : ਠਾਕੁਰ
ਬਿਗੜ ਰਹੀ ਸੂਬੇ ਦੇ ਕਾਨੂੰਨ ਵਿਵਸਥਾ ਨੂੰ ਸੁਧਾਰ ਦੀ ਲੋੜ-ਬਲਵਿੰਦਰ ਠਾਕੁਰ
Publish Date: Mon, 19 Jan 2026 07:33 PM (IST)
Updated Date: Mon, 19 Jan 2026 07:36 PM (IST)

ਫਗਵਾੜਾ : ਪੰਜਾਬ ਨੇ ਕਾਫੀ ਲੰਬਾ ਸਮਾਂ ਕਾਲੇ ਦੌਰ ਵਿਚ ਬਿਤਾਇਆ ਹੈ। ਅਨੇਕਾਂ ਮਾਵਾਂ ਦੇ ਪੁੱਤਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ, ਅਨੇਕਾਂ ਮਹਿਲਾਵਾਂ ਨੂੰ ਬੇਆਬਰੂ ਕੀਤਾ ਗਿਆ ਪਰ ਹੁਣ ਪੰਜਾਬ ਮੁੜ ਅਜਿਹੀ ਪੀੜ ਨੂੰ ਦੇਖਣਾ ਨਹੀਂ ਚਾਹੇਗਾ। ਸੁਖ-ਚੈਨ ਨਾਲ ਆਪਣੀ ਜ਼ਿੰਦਗੀ ਬਿਤਾ ਰਹੇ ਪੰਜਾਬ ਦੇ ਲੋਕ ਅਜਿਹੇ ਦੌਰ ਨੂੰ ਮੁੜ ਪੰਜਾਬ ’ਤੇ ਭਾਰੂ ਪੈਣ ਨਹੀਂ ਦੇਣਗੇ। ਦਿਨ-ਬ-ਦਿਨ ਖਰਾਬ ਹੋ ਰਹੇ ਸੂਬੇ ਦੇ ਹਾਲਾਤਾਂ ਤੇ ਕਾਨੂੰਨ ਵਿਵਸਥਾ ਸਬੰਧੀ ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਠਾਕੁਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਕਿਹਾ ਕਿ ਪਹਿਲਾਂ ਪਾਕਿਸਤਾਨ ਦੀ ਵੰਡ ਤੇ ਉਸ ਤੋਂ ਬਾਅਦ ਅੱਤਵਾਦ ਦਾ ਕਾਲਾ ਦੌਰ, ਜੋ ਕਿ ਹਮੇਸ਼ਾ ਪੰਜਾਬੀਆਂ ਦੇ ਦਿਲਾਂ ਵਿਚ ਭਟਕਦਾ ਰਹਿੰਦਾ ਹੈ। ਉਹ ਕਾਲਾ ਦੌਰ ਅੱਜ ਵੀ ਪੰਜਾਬ ’ਤੇ ਬਦਨੁਮਾ ਧੱਬੇ ਵਾਂਗ ਛਪਿਆ ਹੋਇਆ ਹੈ। ਪੰਜਾਬ ਦੇ ਲੋਕ ਇਨ੍ਹਾਂ ਮਾੜੇ ਸਮਿਆਂ ਨੂੰ ਭੁਲਾ ਨਹੀਂ ਸਕੇ ਹਨ ਤੇ ਮੁੜ ਕੁਝ ਸ਼ਰਾਰਤੀ ਅਨਸਰਾਂ ਕਾਰਨ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ, ਜਿਸ ਵਿਚ ਸਿੱਧੇ ਤੌਰ ’ਤੇ ਆਮ ਆਦਮੀ ਪਾਰਟੀ ਆਗੂਆਂ ਵੱਲੋਂ ਸੂਬਾ ਸੰਭਾਲਣ ਲਈ ਕੀਤੇ ਯਤਨਾਂ ਦੀ ਕਮੀ ਜਾਪਦੀ ਹੈ। ਆਪ ਸਰਕਾਰ ਕਾਨੂੰਨ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਪੂਰੀ ਤਰ੍ਹਾਂ ਅਸਫਲ ਸਾਬਤ ਹੋ ਰਹੀ ਹੈ, ਜਿਸ ਦਾ ਨਤੀਜਾ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਦੂਜੇ ਪਾਸੇ ਸੂਬੇ ਦੇ ਮੁੱਖ ਮੰਤਰੀ ਕਾਨੂੰਨ ਵਿਵਸਥਾ ਨੂੰ ਹਰੀ ਝੰਡੀ ਦੇ ਰਹੇ ਹਨ ਕਿ ਪੰਜਾਬ ਦੇ ਹਾਲਾਤ ਸੁਧਰ ਰਹੇ ਹਨ। ਦਰਅਸਲ ਮੁੱਖ ਮੰਤਰੀ ਤੱਕ ਅਸਲੀ ਜਾਣਕਾਰੀ ਪਹੁੰਚ ਹੀ ਨਹੀਂ ਰਹੀ ਤੇ ਸੂਬੇ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਆਏ ਦਿਨ ਹੋ ਰਹੀਆਂ ਲੁੱਟਾਂ, ਖੋਹਾਂ, ਚੋਰੀ ਦੀਆਂ ਵਾਰਦਾਤਾਂ, ਗੁੰਡਾਗਰਦੀ ਦੀਆਂ ਘਟਨਾਵਾਂ, ਫਿਰੌਤੀ ਲਈ ਫੋਨਾਂ ਨੇ ਕਿਤੇ ਨਾ ਕਿਤੇ ਆਮ ਲੋਕਾਂ ਦੀ ਨੀਂਦ ਜ਼ਰੂਰ ਉਡਾ ਰੱਖੀ ਹੈ। ਠਾਕੁਰ ਨੇ ਕਿਹਾ ਕਿ ਸੂਬੇ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਸੁਧਾਰਨ ਦੀ ਲੋੜ ਹੈ। ਪੰਜਾਬ ਅੰਦਰ ਪਹਿਲਾਂ ਅਕਾਲੀ-ਭਾਜਪਾ ਦੇ ਆਗੂ ਸੱਤਾ ’ਤੇ ਕਾਬਜ਼ ਰਹੇ। ਉਨ੍ਹਾਂ ਦੇ ਸਮੇ ਅਜਿਹਾ ਕੁਝ ਵੀ ਨਹੀਂ ਹੋਇਆ। ਆਖਿਰਕਾਰ ਕੀ ਕਾਰਨ ਹਨ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਅੰਦਰ ਬਣੀ ਹੈ ਸੂਬੇ ਦਾ ਮਾਹੌਲ ਖਰਾਬ ਹੋ ਰਿਹਾ ਹੈ। ਇਥੋਂ ਤੱਕ ਕਿ ਉਨ੍ਹਾਂ ਦੇ ਆਪਣੇ ਲੀਡਰਾਂ ਨੂੰ ਹੀ ਫਿਰੌਤੀ ਦੇ ਫੋਨ ਆਉਣ ਲੱਗੇ ਹਨ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੂਰੀ ਸੰਜ਼ੀਦਗੀ ਨਾਲ ਸੋਚਣਾ ਚਾਹੀਦਾ ਹੈ।