ਜਨਗਣਨਾ ਜਾਗਰੂਕਤਾ ਡਿਜੀਟਲ ਵੈਨ ਨੂੰ ਕੀਤਾ ਰਵਾਨਾ ਡਿਪਟੀ ਕਮਿਸ਼ਨਰ ਨੇ ਜਨਗਣਨਾ ਜਾਗਰੂਕਤਾ ਡਿਜੀਟਲ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
Publish Date: Thu, 12 Nov 2026 06:33 PM (IST)
Updated Date: Thu, 12 Nov 2026 06:36 PM (IST)
--16 ਤੋਂ 30 ਨਵੰਬਰ ਤੱਕ ਸਵੈ-ਗਣਨਾ ਸਹੂਲਤ ਦਾ ਲਾਭ ਲੈਣ ਦੀ ਕੀਤੀ ਅਪੀਲ --ਲੋਕ ਘਰ ਬੈਠੇ ਆਨਲਾਈਨ ਭਰ ਸਕਣਗੇ ਆਪਣੇ ਪਰਿਵਾਰ ਤੇ ਘਰ ਸਬੰਧੀ ਵੇਰਵੇ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜਨਗਣਨਾ-2027 ਸਬੰਧੀ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਤੇ ਇਸ ਅਹਿਮ ਕੌਮੀ ਪ੍ਰਕਿਰਿਆ ਵਿੱਚ ਲੋਕਾਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਜਨਗਣਨਾ ਅਧਿਕਾਰੀ ਅਕਾਸ਼ ਬਾਂਸਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਜਨਗਣਨਾ ਜਾਗਰੂਕਤਾ ਡਿਜੀਟਲ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਨਗਣਨਾ ਦੇ ਸਹੀ ਤੇ ਮੁਕੰਮਲ ਅੰਕੜੇ ਪ੍ਰਭਾਵਸ਼ਾਲੀ ਪ੍ਰਸ਼ਾਸਨ, ਲੋਕ ਭਲਾਈ ਸਕੀਮਾਂ ਤੇ ਭਵਿੱਖ ਦੀਆਂ ਵਿਕਾਸ ਯੋਜਨਾਵਾਂ ਦਾ ਆਧਾਰ ਬਣਦੇ ਹਨ। ਉਨ੍ਹਾਂ ਦੱਸਿਆ ਕਿ ਆਡੀਓ-ਵੀਡੀਓ ਸੰਦੇਸ਼ਾਂ ਨਾਲ ਲੈਸ ਡਿਜੀਟਲ ਐੱਲਈਡੀ ਵੈਨ ਸਾਡੀ ਜਨਗਣਨਾ, ਸਾਡਾ ਵਿਕਾਸ ਦੇ ਸੰਦੇਸ਼ ਨੂੰ ਲੈ ਕੇ 12 ਨਵੰਬਰ ਤੋਂ 21 ਨਵੰਬਰ 2026 ਤੱਕ ਜ਼ਿਲ੍ਹੇ ਦੇ ਸਾਰੇ 11 ਪੇਂਡੂ ਤੇ ਸ਼ਹਿਰੀ ਪ੍ਰਸ਼ਾਸਕੀ ਚਾਰਜਾਂ ਵਿੱਚ ਲੋਕਾਂ ਨੂੰ ਜਾਗਰੂਕ ਕਰੇਗੀ। ਜਨਗਣਨਾ-2027 ਦੀ ਡਿਜੀਟਲ ਪਹਿਲਕਦਮੀ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਸਵੈ-ਗਣਨਾ (ਸੈਲਫ਼ ਐਨਿਊਮਰੇਸ਼ਨ) ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਨਾਗਰਿਕ 16 ਨਵੰਬਰ ਤੋਂ 30 ਨਵੰਬਰ 2026 ਤੱਕ ਘਰ ਬੈਠੇ ਹੀ ਅਧਿਕਾਰਤ ਪੋਰਟਲ se.census.gov.in ਰਾਹੀਂ ਆਪਣੇ ਪਰਿਵਾਰ ਤੇ ਘਰ ਨਾਲ ਸਬੰਧਤ ਵੇਰਵੇ ਆਨਲਾਈਨ ਦਰਜ ਕਰਵਾ ਸਕਦੇ ਹਨ। ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਹਰੇਕ ਪਰਿਵਾਰ ਨੂੰ ਇੱਕ ਵਿਲੱਖਣ ਸਵੈ-ਗਣਨਾ ਪਛਾਣ ਨੰਬਰ (ਐੱਸਈ ਆਈਡੀ) ਪ੍ਰਾਪਤ ਹੋਵੇਗਾ, ਜਿਸ ਨੂੰ ਉਨ੍ਹਾਂ ਨੇ ਘਰ-ਘਰ ਜਾ ਕੇ ਜਨਗਣਨਾ ਕਰਨ ਵਾਲੇ ਕਰਮਚਾਰੀ ਨਾਲ ਸਾਂਝਾ ਕਰਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਘਰ-ਘਰ ਜਾ ਕੇ ਆਬਾਦੀ ਦੀ ਗਣਨਾ ਦਾ ਕੰਮ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਕੀਤਾ ਜਾਵੇਗਾ, ਜਦਕਿ ਇਸ ਤੋਂ ਬਾਅਦ 5 ਜਨਵਰੀ ਤੋਂ 9 ਜਨਵਰੀ 2027 ਤੱਕ ਸੋਧ ਪੜਾਅ ਵੀ ਹੋਵੇਗਾ। ਇਸ 10 ਦਿਨਾਂ ਦੇ ਜਾਗਰੂਕਤਾ ਦੌਰੇ ਦੌਰਾਨ ਡਿਜੀਟਲ ਵੈਨ ਵੱਲੋਂ ਸੁਲਤਾਨਪੁਰ ਲੋਧੀ, ਕਪੂਰਥਲਾ, ਢਿਲਵਾਂ, ਨਡਾਲਾ, ਬੇਗੋਵਾਲ, ਭੁਲੱਥ ਤੇ ਫਗਵਾੜਾ ਸਮੇਤ ਪ੍ਰਮੁੱਖ ਸ਼ਹਿਰਾਂ, ਬਾਜ਼ਾਰਾਂ, ਬੱਸ ਅੱਡਿਆਂ, ਵਿਦਿਅਕ ਸੰਸਥਾਵਾਂ ਦੇ ਇਲਾਕਿਆਂ ਤੇ ਪੇਂਡੂ ਖੇਤਰਾਂ ਵਿੱਚ ਲੋਕਾਂ ਨੂੰ ਜਨਗਣਨਾ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ, ਪੰਚਾਇਤਾਂ ਤੇ ਨਗਰ ਕੌਂਸਲਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਸਵੈ-ਗਣਨਾ ਦੀ ਆਨਲਾਈਨ ਪ੍ਰਕਿਰਿਆ ਵਿੱਚ ਉਤਸ਼ਾਹ ਨਾਲ ਭਾਗ ਲੈਣ ਤੇ ਜਨਗਣਨਾ ਅਮਲੇ ਨੂੰ ਪੂਰਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਜਨਗਣਨਾ-2027 ਨੂੰ ਜ਼ਿਲ੍ਹੇ ਵਿੱਚ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਲੋਕਾਂ ਦੀ ਸਰਗਰਮ ਭਾਗੀਦਾਰੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਜਨਗਣਨਾ ਦੌਰਾਨ ਇਕੱਤਰ ਕੀਤੀ ਜਾਣ ਵਾਲੀ ਹਰੇਕ ਵਿਅਕਤੀ ਦੀ ਨਿੱਜੀ ਜਾਣਕਾਰੀ ਜਨਗਣਨਾ ਐਕਟ, 1948 ਦੇ ਉਪਬੰਧਾਂ ਤਹਿਤ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਜਨਗਣਨਾ ਸੈੱਲ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।