ਨਿੱਜੀ ਸਕੂਲ ਸ਼ਿਕਾਇਤਾਂ ਲਈ ਕੰਟਰੋਲ ਰੂਮ ਨੰਬਰ ਤੇ ਈਮੇਲ ਆਈਡੀ ਛਪਵਾਉਣ : ਡੀਸੀ ਡਿਪਟੀ ਕਮਿਸ਼ਨਰ ਨੇ ਨਿੱਜੀ ਸਕੂਲਾਂ ਨੂੰ ਸ਼ਿਕਾਇਤਾਂ ਲਈ ਕੰਟਰੋਲ ਰੂਮ ਨੰਬਰ ਤੇ ਈਮੇਲ ਆਈਡੀ ਡਿਸਪਲੇ ਕਰਨ ਦੇ ਦਿੱਤੇ ਨਿਰਦੇਸ਼
Publish Date: Tue, 08 Sep 2026 07:30 PM (IST)
Updated Date: Tue, 08 Sep 2026 07:31 PM (IST)
--ਨੰਬਰ ਤੇ ਈਮੇਲ ਆਈਡੀ ਸਕੂਲਾਂ ਦੇ ਮੁੱਖ ਗੇਟਾਂ, ਨੋਟਿਸ ਬੋਰਡਾਂ, ਪ੍ਰਿੰਸੀਪਲਾਂ ਦੇ ਕਮਰਿਆਂ ਦੇ ਬਾਹਰ ਤੇ ਵੈੱਬਸਾਈਟਾਂ ਤੇ ਡਿਸਪਲੇਅ ਕੀਤੇ ਜਾਣ --ਸਿੱਖਿਆ ਵਿਭਾਗ ਕਰੇਗਾ ਅਚਨਚੇਤ ਚੈਕਿੰਗ; ਸਕੂਲਾਂ ਨੂੰ ਈ-ਪੰਜਾਬ ਪੋਰਟਲ ਤੇ ਪੂਰਾ ਫੀਸ ਢਾਂਚਾ ਅਪਲੋਡ ਕਰਨ ਦੇ ਨਿਰਦੇਸ਼ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਜ਼ਿਲ੍ਹੇ ਦੇ ਸਮੂਹ ਪ੍ਰਾਈਵੇਟ ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਦਾਖ਼ਲੇ, ਸਕੂਲ ਫੀਸਾਂ, ਵਰਦੀਆਂ ਤੇ ਕਿਤਾਬਾਂ ਨਾਲ ਸਬੰਧਤ ਸ਼ਿਕਾਇਤਾਂ ਦਰਜ ਕਰਵਾਉਣ ਲਈ ਮਾਪਿਆਂ ਤੇ ਵਿਦਿਆਰਥੀਆਂ ਦੀ ਸਹੂਲਤ ਵਾਸਤੇ ਜ਼ਿਲ੍ਹਾ ਕੰਟਰੋਲ ਰੂਮ ਦਾ ਸੰਪਰਕ ਨੰਬਰ ਤੇ ਈਮੇਲ ਆਈਡੀ ਪ੍ਰਮੁੱਖਤਾ ਨਾਲ ਡਿਸਪਲੇ ਕਰਨ। ਜ਼ਿਲ੍ਹਾ ਪੱਧਰੀ ਫੀਸ ਰੈਗੂਲੇਟਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੂਹ ਪ੍ਰਾਈਵੇਟ ਸਕੂਲ ਜ਼ਿਲ੍ਹਾ ਕੰਟਰੋਲ ਰੂਮ ਦਾ ਨੰਬਰ 01822-233777 ਤੇ ਈਮੇਲ ਆਈਡੀ dc.kpr@punjab.gov.in ਆਸਾਨੀ ਨਾਲ ਦਿਖਾਈ ਦੇਣ ਵਾਲੀਆਂ ਥਾਵਾਂ ਤੇ ਪ੍ਰਮੁੱਖਤਾ ਨਾਲ ਲਗਾਉਣ ਤਾਂ ਜੋ ਮਾਪੇ, ਵਿਦਿਆਰਥੀ ਤੇ ਹੋਰ ਲੋਕ ਆਸਾਨੀ ਨਾਲ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਣ। ਉਨ੍ਹਾਂ ਸਕੂਲਾਂ ਨੂੰ ਨਿਰਦੇਸ਼ ਦਿੱਤੇ ਕਿ ਸ਼ਿਕਾਇਤ ਸਬੰਧੀ ਵੇਰਵੇ ਮੁੱਖ ਐਂਟਰੀ ਗੇਟ ਦੇ ਨੇੜੇ, ਸਕੂਲਾਂ ਦੇ ਨੋਟਿਸ ਬੋਰਡਾਂ, ਪ੍ਰਿੰਸੀਪਲ ਦੇ ਕਮਰੇ ਦੇ ਬਾਹਰ ਤੇ ਸਬੰਧਤ ਸਕੂਲਾਂ ਦੀਆਂ ਅਧਿਕਾਰਤ ਵੈੱਬਸਾਈਟਾਂ ਤੇ ਡਿਸਪਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨਾਲ ਵਧੇਰੇ ਪਾਰਦਰਸ਼ਤਾ ਯਕੀਨੀ ਬਣੇਗੀ ਤੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਆਪਣੀਆਂ ਚਿੰਤਾਵਾਂ ਉਠਾਉਣ ਲਈ ਇੱਕ ਸੌਖਾਲਾ ਤੰਤਰ ਮਿਲੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਹਦਾਇਤਾਂ ਦੀ ਇਨ-ਬਿਨ ਪਾਲਣਾ ਕੀਤੀ ਜਾਵੇ ਤੇ ਨਾਲ ਹੀ ਇਹ ਵੀ ਦੱਸਿਆ ਕਿ ਪਾਲਣਾ ਦੀ ਪੁਸ਼ਟੀ ਕਰਨ ਲਈ ਸਿੱਖਿਆ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਪ੍ਰਾਈਵੇਟ ਸਕੂਲਾਂ ਦੀ ਅਚਨਚੇਤ ਚੈਕਿੰਗ ਕਰਨਗੀਆਂ। ਉਨ੍ਹਾਂ ਕਿਹਾ ਕਿ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਪ੍ਰਾਈਵੇਟ ਸਕੂਲਾਂ ਦੀ ਰੈਂਡਮ ਚੈਕਿੰਗ ਕਰਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੰਸਥਾਵਾਂ ਸਕੂਲ ਫੀਸ ਰੈਗੂਲੇਸ਼ਨ ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰ ਰਹੀਆਂ ਹਨ। ਇਹ ਟੀਮਾਂ ਪਾਰਦਰਸ਼ਤਾ ਅਤੇ ਨਿਰਧਾਰਤ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਕੂਲਾਂ ਵੱਲੋਂ ਪੇਸ਼ ਕੀਤੀਆਂ ਗਈਆਂ ਬੈਲੇਂਸ ਸ਼ੀਟਾਂ ਤੇ ਹੋਰ ਸਬੰਧਤ ਵਿੱਤੀ ਰਿਕਾਰਡਾਂ ਦੀ ਵੀ ਜਾਂਚ ਕਰਨਗੀਆਂ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਕੂਲ ਫੀਸਾਂ ਸਬੰਧੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਤੇ ਫੀਸਾਂ ਵਿੱਚ ਕੋਈ ਵੀ ਅਣਅਧਿਕਾਰਤ ਜਾਂ ਅਣਉਚਿਤ ਵਾਧਾ ਨਾ ਕਰਨ। ਡਿਪਟੀ ਕਮਿਸ਼ਨਰ ਨੇ ਸਮੂਹ ਪ੍ਰਾਈਵੇਟ ਸਕੂਲਾਂ ਨੂੰ ਪੰਜਾਬ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਨਿਰਧਾਰਤ ਸਮੇਂ ਦੇ ਅੰਦਰ ਈ-ਪੰਜਾਬ ਪੋਰਟਲ ਤੇ ਆਪਣਾ ਪੂਰਾ ਤੇ ਅਪਡੇਟ ਕੀਤਾ ਫੀਸ ਢਾਂਚਾ ਅਪਲੋਡ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਿਦਿਆਰਥੀਆਂ ਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ ਤੇ ਵਿਦਿਅਕ ਸੰਸਥਾਵਾਂ ਦੇ ਜਨਤਕ ਕੰਮਕਾਜ ਵਿੱਚ ਪਾਰਦਰਸ਼ਤਾ, ਜਵਾਬਦੇਹੀ ਤੇ ਨਿਰਪੱਖਤਾ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ, ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ ਕੁਮਾਰ, ਡੀਸੀਐੱਫਏ ਕੁਲਦੀਪ ਕੁਮਾਰ, ਲੀਗਲ ਅਡਵਾਈਜ਼ਰ ਹਰਵਿੰਦਰ ਕੌਰ, ਐਡਵੋਕੇਟ ਹਰਪ੍ਰੀਤ ਕੌਰ ਕਪੂਰ ਤੇ ਹੋਰ ਵੀ ਹਾਜ਼ਰ ਸਨ।