ਰਾਜਨੀਤੀ ਦੇ ਡਿੱਗਦੇ ਮਿਆਰਾਂ ਨੇ ਚਿੰਤਾ ਵਧਾਈਆਂ : ਸਾਹੀ ਰਾਜਨੀਤੀ ਦੇ ਡਿੱਗਦੇ ਮਿਆਰਾਂ ਨੇ ਲੋਕਤੰਤਰ ਦੀਆਂ ਨੀਂਹਾਂ ਹਿਲਾ ਦਿੱਤੀਆਂ ਹਨ,ਜਨਤਾ ਵਿੱਚ ਚਿੰਤਾਵਾਂ ਵਧਾ ਰਹੀਆਂ ਹਨ : ਜੁਗਰਾਜਪਾਲ ਸਿੰਘ ਸਾਹੀ
Publish Date: Sun, 25 Oct 2026 09:40 PM (IST)
Updated Date: Sun, 25 Oct 2026 09:43 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਅੱਜ ਦੇ ਸਮੇਂ ਵਿੱਚ ਰਾਜਨੀਤੀ ਦੇ ਲਗਾਤਾਰ ਡਿੱਗ ਰਹੇ ਨੈਤਿਕ ਮਿਆਰਾਂ ਨੇ ਸਮਾਜ ਦੇ ਸੰਵੇਦਨਸ਼ੀਲ ਤੇ ਗੰਭੀਰ ਵਰਗ ਨੂੰ ਡੂੰਘੀ ਚਿੰਤਾ ਵਿੱਚ ਪਾ ਦਿੱਤਾ ਹੈ। ਲੋਕਤੰਤਰ ਦੀ ਮਜ਼ਬੂਤੀ ਲੋਕ ਭਲਾਈ ਤੇ ਸਮਾਜਿਕ ਨਿਆਂ ਨੂੰ ਮਜ਼ਬੂਤ ਕਰਨ ਦਾ ਆਧਾਰ ਮੰਨ੍ਹੇ ਜਾਣ ਵਾਲੀ ਸਿਆਸਤ ਅੱਜ ਅਜਿਹੇ ਮੁਕਾਮ ’ਤੇ ਪਹੁੰਚ ਗਈ ਹੈ, ਜਿੱਥੇ ਸੇਵਾ ਦੀ ਭਾਵਨਾ ਦੀ ਬਜਾਏ, ਸੱਤਾ ਦੀ ਲਾਲਸਾ ਸਿਧਾਂਤਾਂ ਦੀ ਥਾਂ ਮੌਕਾਪ੍ਰਸਤੀ ਤੇ ਜਨਤਕ ਹਿੱਤਾਂ ਦੀ ਥਾਂ ਨਿੱਜੀ ਹਿੱਤਾਂ ਦਾ ਬੋਲਬਾਲਾ ਹੁੰਦਾ ਜਾਪਦਾ ਹੈ। ਸਿਆਸਤ ਦੀ ਇਸ ਬਦਲਦੀ ਤਸਵੀਰ ਨੂੰ ਦੇਖ ਕੇ ਆਮ ਲੋਕ ਇਸ ਤੋਂ ਵੀ ਵੱਧ ਹੈਰਾਨ ਤੇ ਚਿੰਤਤ ਹਨ। ਰਾਜਨੀਤੀ ਨੂੰ ਨੇੜਿਓਂ ਦੇਖਣ ਵਾਲੇ ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਤਲਵੰਡੀ ਚੌਧਰੀਆ ਦਾ ਮੰਨਣਾ ਹੈ ਕਿ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਲੱਭਣ ਦੀ ਬਜਾਏ, ਰਾਜਨੀਤਿਕ ਦਬਦਬਾ ਬਣਾਈ ਰੱਖਣ, ਵਿਰੋਧੀਆਂ ਨੂੰ ਜ਼ਲੀਲ ਕਰਨ ਤੇ ਆਪਣੇ ਰਾਜਨੀਤਿਕ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਪ੍ਰਵਿਰਤੀ ਨੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ। ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਜਾਣ ਵਾਲੇ ਵੱਡੇ ਵਾਅਦੇ, ਸੱਤਾ ਹਾਸਲ ਕਰਨ ਤੋਂ ਬਾਅਦ ਜਨਤਕ ਮੁੱਦਿਆਂ ਪ੍ਰਤੀ ਕਥਿਤ ਉਦਾਸੀਨਤਾ ਤੇ ਰਾਜਨੀਤਿਕ ਲਾਭ ਲਈ ਸਮਾਜ ਨੂੰ ਵੱਖ-ਵੱਖ ਧੜਿਆਂ ਵਿੱਚ ਵੰਡਣ ਦੀ ਪ੍ਰਵਿਰਤੀ ਲੋਕਾਂ ਦੇ ਮੰਨ ਵਿਚ ਰਾਜਨੀਤਿਕ ਵਿਵਾਸ਼ਥਾ ਪ੍ਰਤੀ ਅਵਿਸ਼ਵਾਸ ਪੈਦਾ ਕਰ ਰਹੀ ਹੈ। ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਨੇ ਕਿਹਾ ਕਿ ਲੋਕਤੰਤਰ ਵਿੱਚ ਵੋਟਰ ਦੀ ਭੂਮਿਕਾ ਸਿਰਫ਼ ਵੋਟ ਪਾਉਣ ਤੱਕ ਸੀਮਤ ਨਹੀਂ ਹੈ, ਸਗੋਂ ਚੁਣੇ ਹੋਏ ਪ੍ਰਤੀਨਿਧੀਆਂ ਦੇ ਕੰਮਕਾਜ ’ਤੇ ਨਜ਼ਰ ਰੱਖਣਾ ਤੇ ਉਨ੍ਹਾਂ ਤੋਂ ਜਵਾਬਦੇਹੀ ਦੀ ਮੰਗ ਕਰਨਾ ਵੀ ਉਸਦਾ ਮਹੱਤਵਪੂਰਨ ਫਰਜ਼ ਹੈ।