ਜੀਡੀਆਰ ਸਕੂਲ ਨੇ ਸੰਸਥਾਪਕ ਚੇਅਰਪਰਸਨ ਦੀ ਬਰਸੀ ਸ਼ਰਧਾ ਨਾਲ ਮਨਾਈ ਜੀ.ਡੀ.ਆਰ. ਸਕੂਲ ਵਿੱਚ ਸੰਸਥਾਪਕ ਚੇਅਰਪਰਸਨ ਪ੍ਰੋ. ਰਵੀਕਾਂਤਾ ਸ਼ਰਮਾ ਜੀ ਦੀ ਬਰਸੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ
Publish Date: Sat, 01 Aug 2026 06:57 PM (IST)
Updated Date: Sat, 01 Aug 2026 06:58 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਫਗਵਾੜਾ ਵਿਖੇ ਸਕੂਲ ਦੇ ਸੰਸਥਾਪਕ ਚੇਅਰਪਰਸਨ ਸਵਰਗਵਾਸੀ ਪ੍ਰੋ. ਰਵੀਕਾਂਤਾ ਸ਼ਰਮਾ ਜੀ ਦੀ ਬਰਸੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਡੈਫੋਡਿਲ ਸਦਨ ਦੀ ਪ੍ਰਧਾਨ ਮੈਡਮ ਗੁਰਜਿੰਦਰ ਕੌਰ ਦੀ ਅਗਵਾਈ ਹੇਠ ਸਕੂਲ ਵਿੱਚ ਵਿਸ਼ੇਸ਼ ਅਰਦਾਸ ਤੇ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਸਭਾ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਮੈਡਮ ਮਾਧਵੀ ਨੇ ਸਵਰਗਵਾਸੀ ਪ੍ਰੋ. ਰਵੀਕਾਂਤਾ ਸ਼ਰਮਾ ਜੀ ਦੇ ਚਿੱਤਰ ਅੱਗੇ ਦੀਪ ਪ੍ਰਜਵਲਿਤ ਕਰਕੇ ਤੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਿੰਸੀਪਲ ਮੈਡਮ ਮਾਧਵੀ ਜੀ ਨੇ ਵਿਦਿਆਰਥੀਆਂ ਨੂੰ ਪ੍ਰੋ. ਰਵੀਕਾਂਤਾ ਸ਼ਰਮਾ ਜੀ ਦੇ ਪ੍ਰੇਰਣਾਦਾਇਕ ਜੀਵਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰੋ. ਰਵੀਕਾਂਤਾ ਸ਼ਰਮਾ ਜੀ ਫਗਵਾੜਾ ਦੇ ਜੀਐੱਨਬੀਐੱਲ ਕਾਲਜ ਵਿੱਚ ਸੰਗੀਤ ਦੀ ਪ੍ਰੋਫੈਸਰ ਸਨ। ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਸੰਗੀਤ ਸਿੱਖਿਆ ਦੇ ਪ੍ਰਸਾਰ ਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਤੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਕਰਨ ਵਾਲੀਆਂ ਅਨੇਕਾਂ ਵਿਦਿਆਰਥਣਾਂ ਨੇ ਵੱਖ-ਵੱਖ ਯੂਥ ਫੈਸਟੀਵਲਾਂ ਤੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਇਨਾਮ ਆਪਣੇ ਨਾਮ ਕੀਤੇ। ਉਨ੍ਹਾਂ ਨੇ ਕਿਹਾ ਕਿ ਪ੍ਰੋ. ਰਵੀਕਾਂਤਾ ਸ਼ਰਮਾ ਜੀ ਦਾ ਜੀਵਨ ਨੰਦਾਚੌਰ ਧਾਮ ਦੀ ਸੇਵਾ, ਗੁਰੂ ਭਗਤੀ ਤੇ ਪਰਮਾਤਮਾ ਦੀ ਭਗਤੀ ਨੂੰ ਸਮਰਪਿਤ ਸੀ। ਗੁਰੂ ਪ੍ਰਤੀ ਅਟੱਲ ਸ਼ਰਧਾ, ਸੇਵਾ-ਭਾਵਨਾ ਤੇ ਅਧਿਆਤਮਿਕ ਜੀਵਨ ਉਨ੍ਹਾਂ ਦੇ ਵਿਅਕਤੀਤਵ ਦੀਆਂ ਮੁੱਖ ਵਿਸ਼ੇਸ਼ਤਾਵਾਂ ਸਨ। ਗਰੀਬ ਤੇ ਲੋੜਵੰਦ ਬੱਚਿਆਂ ਦੀ ਸਹਾਇਤਾ ਕਰਨਾ ਉਨ੍ਹਾਂ ਦੇ ਸੁਭਾਅ ਦਾ ਅਹਿਮ ਹਿੱਸਾ ਸੀ। ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਤੇ ਆਪਣੀਆਂ ਵਿਦਿਆਰਥਣਾਂ ਲਈ ਇੱਕ ਆਦਰਸ਼ ਅਧਿਆਪਕਾ ਵਜੋਂ ਪ੍ਰੇਰਣਾ ਸਰੋਤ ਬਣੇ। ਪ੍ਰਿੰਸੀਪਲ ਮੈਡਮ ਮਾਧਵੀ ਜੀ ਨੇ ਕਿਹਾ ਕਿ ਪ੍ਰੋ. ਰਵੀਕਾਂਤਾ ਸ਼ਰਮਾ ਜੀ ਵੱਲੋਂ ਸਥਾਪਿਤ ਜੀਡੀਆਰ ਸਕੂਲ ਤੇ ਹੋਰ ਵਿਦਿਅਕ ਸੰਸਥਾਵਾਂ ਅੱਜ ਵੀ ਉਨ੍ਹਾਂ ਦੇ ਆਦਰਸ਼ਾਂ ਤੇ ਮਾਰਗਦਰਸ਼ਨ ਅਨੁਸਾਰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਲਈ ਨਿਰੰਤਰ ਯਤਨਸ਼ੀਲ ਹਨ। ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਪ੍ਰੋ. ਰਵੀਕਾਂਤਾ ਸ਼ਰਮਾ ਜੀ ਵੱਲੋਂ ਲਗਾਏ ਗਏ ਸਿੱਖਿਆ ਦੇ ਬੂਟੇ ਨੂੰ ਇੱਕ ਮਜ਼ਬੂਤ ਤੇ ਫਲਦਾਰ ਦਰੱਖਤ ਬਣਾਉਣ ਲਈ ਜੀਡੀਆਰ ਪਰਿਵਾਰ ਹਮੇਸ਼ਾ ਵਚਨਬੱਧ ਰਹੇਗਾ ਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਨਿਰੰਤਰ ਯਤਨ ਕਰਦਾ ਰਹੇਗਾ।