ਸਿੱਖਿਆ ਦੇ ਮੰਦਰਾਂ ’ਚ ਪਹੁੰਚਿਆ ਨਸ਼ੇ ਦਾ ਕਾਲਾ ਪਰਛਾਵਾਂ ਕੁਲਦੀਪ ਸਿੰਘ ਸਿੱਖਿਆ ਦੇ ਮੰਦਰਾਂ ’ਚ ਪਹੁੰਚਿਆ ਨਸ਼ੇ ਦਾ ਕਾਲਾ ਪਰਛਾਵਾਂ: ਕੀ ਸੁਰੱਖਿਅਤ ਹੈ ਸਾਡੀ ਨੌਜਵਾਨ ਪੀੜ੍ਹੀ? : ਕੁਲਦੀਪ ਸਿੰਘ
Publish Date: Thu, 15 Oct 2026 08:57 PM (IST)
Updated Date: Thu, 15 Oct 2026 09:00 PM (IST)
ਕਿਹਾ-ਨਸ਼ਾ ਹੁਣ ਨੌਜਵਾਨਾਂ ਤੋਂ ਬਾਅਦ ਛੋਟੀ ਉਮਰ ਦੇ ਸਕੂਲੀ ਬੱਚਿਆਂ ’ਚ ਵੀ ਫੈਲਣਾ ਸ਼ੁਰੂ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਅੱਜ ਦੇ ਤੇਜ਼ੀ ਵਾਲੇ ਦੌਰ ਵਿੱਚ ਨਸ਼ਾ ਤਸਕਰਾਂ ਨੇ ਆਪਣੇ ਨਿੱਜੀ ਮੁਨਾਫੇ ਤੇ ਘਿਨਾਉਣੇ ਮਕਸਦਾਂ ਦੀ ਖਾਤਰ ਵਿਦਿਅਕ ਸੰਸਥਾਵਾਂ ਸਕੂਲਾਂ ਤੇ ਕਾਲਜਾਂ ਦੇ ਮਾਸੂਮ ਤੇ ਨਾਜ਼ੁਕ ਵਿਦਿਆਰਥੀਆਂ ਨੂੰ ਆਪਣੇ ਮੱਕੜਜਾਲ ਵਿੱਚ ਫਸਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਵਰਤਾਰਾ ਸਿਰਫ਼ ਇੱਕ ਅਪਰਾਧ ਨਹੀਂ ਸਗੋਂ ਇੱਕ ਗੰਭੀਰ ਸਮਾਜਿਕ ਸੰਕਟ ਦਾ ਰੂਪ ਧਾਰਨ ਕਰ ਚੁੱਕਾ ਹੈ, ਜੋ ਕਿਸੇ ਵੀ ਖੁਸ਼ਹਾਲ ਤੇ ਹੱਸਦੇ-ਵੱਸਦੇ ਪਰਿਵਾਰ ਦੇ ਸੁਨਹਿਰੇ ਭਵਿੱਖ ਨੂੰ ਕੁਝ ਹੀ ਪਲਾਂ ਵਿੱਚ ਬਰਬਾਦ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ਕਾਂਗਰਸੀ ਆਗੂ ਤੇ ਕੌਂਸਲਰ ਕੁਲਦੀਪ ਸਿੰਘ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਸਕੂਲਾਂ ਤੇ ਕਾਲਜਾਂ ਦੇ ਆਲੇ-ਦੁਆਲੇ ਵਧ ਰਿਹਾ ਨਸ਼ਿਆਂ ਦਾ ਪ੍ਰਭਾਵ ਵਿਦਿਆਰਥੀਆਂ ਦੇ ਭਵਿੱਖ ਤੇ ਸਮਾਜ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਸਕੂਲਾਂ, ਕਾਲਜਾਂ ਤੇ ਟਿਊਸ਼ਨ ਸੈਂਟਰਾਂ ਦੇ ਬਾਹਰ ਨਸ਼ੇੜੀਆਂ ਜਾਂ ਤਸਕਰਾਂ ਦੀ ਸਰਗਰਮੀ ਨਾਲ ਨਵੇਂ ਨੌਜਵਾਨ ਜਲਦੀ ਪ੍ਰਭਾਵਿਤ ਹੁੰਦੇ ਹਨ। ਪਰਿਵਾਰਾਂ ਨੂੰ ਭਾਰੀ ਮਾਨਸਿਕ ਪੀੜ ਝੱਲਣੀ ਪੈਂਦੀ ਹੈ ਤੇ ਸਮਾਜ ਵਿੱਚ ਅਪਰਾਧਿਕ ਗਤੀਵਿਧੀਆਂ ਵਧਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕੁਲਦੀਪ ਸਿੰਘ ਨੇ ਕਿਹਾ ਕਿ ਸਕੂਲਾਂ ਦੇ ਆਲੇ-ਦੁਆਲੇ ਤੇ ਗੇਟਾਂ ’ਤੇ ਪੁਲਿਸ ਗਸ਼ਤ ਵਧਾਈ ਜਾਵੇ ਤਾਂ ਜੋ ਸ਼ੱਕੀ ਵਿਅਕਤੀਆਂ ਉੱਤੇ ਨਜ਼ਰ ਰੱਖੀ ਜਾ ਸਕੇ। ਸਕੂਲਾਂ ਵਿੱਚ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਲਈ ਨਸ਼ਾ ਵਿਰੋਧੀ ਸੈਮੀਨਾਰ ਕਰਵਾਏ ਜਾਣ। ਉਨ੍ਹਾਂ ਕਿਹਾ ਹਰੇਕ ਵਿਦਿਅਕ ਸੰਸਥਾ ਦੇ ਬਾਹਰ ਤੇ ਅੰਦਰ ਸੀਸੀਟੀਵੀ ਕੈਮਰੇ ਲਗਾਏ ਜਾਣੇ ਲਾਜ਼ਮੀ ਹੋਣ। ਉਨ੍ਹਾਂ ਕਿਹਾ ਕਿ ਇਸ ਭਿਆਨਕ ਜਾਲ ਤੋਂ ਆਪਣੀ ਨੌਜਵਾਨ ਪੀੜ੍ਹੀ ਨੂੰ ਸੁਰੱਖਿਅਤ ਰੱਖਣ ਲਈ ਹੁਣ ਸਮਾਂ ਆ ਗਿਆ ਹੈ ਕਿ ਮਾਪੇ ਤੇ ਸਕੂਲ ਪ੍ਰਸ਼ਾਸਨ ਇੱਕ ਮਜ਼ਬੂਤ ਸੁਰੱਖਿਆ ਕਵਚ ਵਾਂਗ ਇੱਕ ਟੀਮ ਬਣ ਕੇ ਕੰਮ ਕਰਨ। ਕੇਵਲ ਜਾਗਰੂਕਤਾ ਤੇ ਆਪਸੀ ਤਾਲਮੇਲ ਨਾਲ ਹੀ ਅਸੀਂ ਬੱਚਿਆਂ ਨੂੰ ਇਸ ਦਲਦਲ ਵਿੱਚ ਡਿੱਗਣ ਤੋਂ ਬਚਾ ਸਕਦੇ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਨਸ਼ਿਆਂ ਦੀ ਸਮੱਸਿਆ ਨੂੰ ਰੋਕਣ ਵਿੱਚ ਸਮਾਜ ਤੇ ਅਧਿਆਪਕਾਂ ਦੋਵਾਂ ਦਾ ਬਹੁਤ ਵੱਡਾ ਰੋਲ ਹੈ। ਸਭ ਤੋਂ ਪਹਿਲਾਂ ਮਾਪਿਆਂ ਤੇ ਅਧਿਆਪਕਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਬੱਚੇ ਨਸ਼ਿਆਂ ਵੱਲ ਜਾ ਰਹੇ ਹਨ। ਇਹ ਪਤਾ ਤਾਂ ਹੀ ਲੱਗ ਸਕਦਾ ਹੈ ਜੇਕਰ ਉਨ੍ਹਾਂ ਵਿੱਚ ਆਪਸੀ ਪਿਆਰ ਵਾਲਾ ਸੰਬੰਧ ਹੋਵੇ। ਮਾਪਿਆਂ ਨੂੰ ਬੱਚਿਆਂ ਨਾਲ ਜ਼ਿਆਦਾ ਗੱਲਬਾਤ ਕਰਨੀ ਚਾਹੀਦੀ ਹੈ ਤੇ ਇਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲੀ ਪੱਧਰ ’ਤੇ ਨਸ਼ਿਆਂ ਨੂੰ ਇੱਕ ਸਮੱਸਿਆ ਦੇ ਰੂਪ ਵਿੱਚ ਪੜ੍ਹਾਇਆ ਜਾਂਦਾ ਹੈ, ਪਰ ਸਿਰਫ ਜਾਣਕਾਰੀ ਦੇਣ ਨਾਲ ਨਸ਼ੇ ਨਹੀਂ ਛੁੱਟਦੇ। ਸਕੂਲਾਂ ਵਿੱਚ ਨਸ਼ਿਆਂ ਬਾਰੇ ਜਾਗਰੂਕਤਾ ਲਈ ਵਿਸ਼ੇਸ਼ ਪਾਠ ਹੋਣੇ ਚਾਹੀਦੇ ਹਨ। ਇਹ ਵਿਸ਼ਾ ਵਧੇਰੇ ਪ੍ਰੈਕਟੀਕਲ ਹੋਣਾ ਚਾਹੀਦਾ ਹੈ।