- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਰਪੋਰੇਸ਼ਨ ਨੇ ਵਾਰਡ ਨੰਬਰ 21 ਦੀਆਂ ਗਲੀਆਂ ’ਚ ਬੰਦ ਪਈਆਂ ਸਟਰੀਟ ਲਾਈਟਾਂ ਦੀ ਕਰਵਾਈ ਮੁਰੰਮਤ

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਵਾਰਡ ਨੰਬਰ 21 ਅਧੀਨ ਆਉਂਦੇ ਮੁਹੱਲਾ ਪ੍ਰੇਮ ਨਗਰ, ਮਾਸਟਰ ਸਾਧੂ ਰਾਮ ਨਗਰ ਅਤੇ ਗੁਰੂ ਨਾਨਕਪੁਰਾ ਦੀਆਂ ਵੱਖ-ਵੱਖ ਗਲੀਆਂ ਵਿੱਚ ਲੰਮੇ ਸਮੇਂ ਤੋਂ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਕਾਰਪੋਰੇਸ਼ਨ ਵੱਲੋਂ ਮੁਰੰਮਤ ਕਰਵਾ ਕੇ ਚਾਲੂ ਕਰ ਦਿੱਤਾ ਗਿਆ ਹੈ। ਲਾਈਟਾਂ ਦੇ ਚਾਲੂ ਹੋਣ ਨਾਲ ਇਲਾਕੇ ਦੀਆਂ ਗਲੀਆਂ ਵਿੱਚ ਪਿਛਲੇ ਕਾਫੀ ਸਮੇਂ ਤੋਂ ਬਣਿਆ ਹਨੇਰਾ ਦੂਰ ਹੋਇਆ ਹੈ, ਜਿਸ ਨਾਲ ਮੁਹੱਲਾ ਵਾਸੀਆਂ ਨੇ ਰਾਹਤ ਮਹਿਸੂਸ ਕੀਤੀ ਹੈ। ਇਸ ਸਬੰਧੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਨੇ ਦੱਸਿਆ ਕਿ ਇਲਾਕਾ ਵਾਸੀਆਂ ਵੱਲੋਂ ਸਟਰੀਟ ਲਾਈਟਾਂ ਸਬੰਧੀ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਲਾਈਟਾਂ ਦੀ ਮੈਂਟੀਨੈਂਸ ਕਰਨ ਵਾਲੀ ਟੀਮ ਨੂੰ ਨਾਲ ਲੈ ਕੇ ਖੁਦ ਇਲਾਕੇ ਦਾ ਦੌਰਾ ਕੀਤਾ ਅਤੇ ਲਗਾਤਾਰ ਦੋ ਦਿਨਾਂ ਵਿੱਚ ਬੰਦ ਪਈਆਂ ਲਾਈਟਾਂ ਦੀ ਮੁਰੰਮਤ ਕਰਵਾ ਕੇ ਉਨ੍ਹਾਂ ਨੂੰ ਚਾਲੂ ਕਰਵਾਇਆ। ਰਗਬੋਤਰਾ ਨੇ ਕਿਹਾ ਕਿ ਮੁਹੱਲਿਆਂ ਦੀਆਂ ਗਲੀਆਂ ਵਿੱਚ ਰਾਤ ਸਮੇਂ ਰੌਸ਼ਨੀ ਦਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਸਹੂਲਤ ਮਿਲਣ ਦੇ ਨਾਲ-ਨਾਲ ਸੁਰੱਖਿਆ ਦਾ ਅਹਿਸਾਸ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਇਲਾਕੇ ਦੀਆਂ ਅਜਿਹੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨ ਕਰਦੇ ਰਹਿਣਗੇ ਅਤੇ ਹਰ ਮਹੀਨੇ ਮੈਂਟੀਨੈਂਸ ਟੀਮ ਨੂੰ ਨਾਲ ਲੈ ਕੇ ਸਟਰੀਟ ਲਾਈਟਾਂ ਦੀ ਜਾਂਚ ਕਰਵਾਉਣ ਅਤੇ ਜਿੱਥੇ ਲੋੜ ਹੋਵੇ ਉੱਥੇ ਮੁਰੰਮਤ ਕਰਵਾਉਣ ਨੂੰ ਤਰਜੀਹ ਦੇਣਗੇ। ਇਲਾਕਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ, ਇਸ ਲਈ ਉਹ ਆਪਣੀ ਜ਼ਿੰਮੇਵਾਰੀ ਨੂੰ ਸੇਵਾ ਦੀ ਭਾਵਨਾ ਨਾਲ ਨਿਭਾਉਂਦੇ ਰਹਿਣਗੇ। ਉਹਨਾਂ ਨੇ ਸਟਰੀਟ ਲਾਈਟਾਂ ਦੀ ਮੁਰੰਮਤ ਵਿੱਚ ਸਹਿਯੋਗ ਦੇਣ ਲਈ ਨਗਰ ਨਿਗਮ ਦੇ ਮੇਅਰ ਰਾਮਪਾਲ ਉੱਪਲ, ਕਮਿਸ਼ਨਰ ਰਣਦੀਪ ਸਿੰਘ ਹੀਰ ਤੋਂ ਇਲਾਵਾ ਸਬੰਧਤ ਜੇ.ਈ. ਅਤੇ ਠੇਕੇਦਾਰ ਦਾ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਮੁਹੱਲਾ ਵਾਸੀਆਂ ਵਿੱਚ ਰਾਮ ਰਤਨ ਵਾਲੀਆ, ਉੱਜਵਲ ਪ੍ਰਭਾਕਰ, ਰੋਹਿਤ ਜੈਨ, ਮਨੀਸ਼ ਕਨੋਜੀਆ ਤੋਂ ਇਲਾਵਾ ਹੋਰ ਪਤਵੰਤੇ ਅਤੇ ਇਲਾਕਾ ਵਾਸੀ ਵੀ ਹਾਜ਼ਰ ਸਨ।