- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰ ਬੂਥ,ਕਾਂਗਰਸ ਮਜ਼ਬੂਤ ਪ੍ਰੋਗਰਾਮ ਨਾਲ ਕਾਂਗਰਸ ਪਾਰਟੀ ਹੋਵੇਗੀ ਮਜ਼ਬੂਤ-ਨਰੇਸ਼ ਭਾਰਦਵਾਜ

ਪੰਜਾਬੀ ਜਾਗਰਣ ਪ੍ਰਤੀਨਿੱਧ
ਫਗਵਾੜਾ : ਸੂਬੇ ਭਰ ਵਿਚ ਪੰਜਾਬ ਕਾਂਗਰਸ ਵੱਲੋਂ ਸ਼ੁਰੂ ਕੀਤੇ ਗਏ ਹਰ ਬੂਥ, ਕਾਂਗਰਸ ਮਜ਼ਬੂਤ ਪ੍ਰੋਗਰਾਮ ਦਾ ਸਵਾਗਤ ਕਰਦਿਆਂ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਬਲਾਕ ਕਾਂਗਰਸ ਦੇ ਪ੍ਰਧਾਨ ਨਰੇਸ਼ ਭਾਰਦਵਾਜ ਨੇ ਕਿਹਾ ਕਿ ਇਹ ਮੁਹਿੰਮ ਪਾਰਟੀ ਨੂੰ ਬੂਥ ਪੱਧਰ ਤੱਕ ਹੋਰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਆਮ ਲੋਕਾਂ ਨਾਲ ਸਿੱਧਾ ਸੰਪਰਕ ਸਥਾਪਤ ਕਰਨ ਵਿਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੀ ਅਗਵਾਈ ਹੇਠ ਸ਼ੁਰੂ ਹੋਇਆ ਇਹ ਅਭਿਆਨ ਪਾਰਟੀ ਸੰਗਠਨ ਨੂੰ ਨਵੀਂ ਊਰਜਾ ਦੇਵੇਗਾ ਤੇ ਵਰਕਰਾਂ ਵਿਚ ਨਵਾਂ ਉਤਸ਼ਾਹ ਪੈਦਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ 18 ਜ਼ਿਲ੍ਹਿਆਂ ਵਿਚ ਲਗਾਤਾਰ ਕਰਵਾਏ ਜਾ ਰਹੇ ਇਹ ਪ੍ਰੋਗਰਾਮ ਬਾਅਦ ਵਿਚ ਵਿਧਾਨ ਸਭਾ ਪੱਧਰ ਤੱਕ ਵਿਸਥਾਰਿਤ ਕੀਤੇ ਜਾਣਗੇ, ਜਿਸ ਨਾਲ ਹਰ ਬੂਥ ਤੇ ਪਾਰਟੀ ਦੀ ਮਜ਼ਬੂਤ ਟੀਮ ਤਿਆਰ ਹੋਵੇਗੀ। ਉਨ੍ਹਾਂ ਕਿਹਾ ਕਿ ਬਲਾਕ ਪੱਧਰ ਤੋਂ ਲੈ ਕੇ ਬਲਾਕ ਪ੍ਰੀਸ਼ਦ ਪੱਧਰ ਤੱਕ ਵਰਕਰਾਂ ਨਾਲ ਮੀਟਿੰਗਾਂ ਕਰ ਕੇ ਉਨ੍ਹਾਂ ਦੇ ਵਿਚਾਰ ਸੁਣੇ ਜਾ ਰਹੇ ਹਨ ਤੇ ਪਾਰਟੀ ਦੀਆਂ ਭਵਿੱਖੀ ਰਣਨੀਤੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਵਰਕਰ ਵੱਡੀ ਗਿਣਤੀ ਵਿਚ ਇਸ ਮੁਹਿੰਮ ਨਾਲ ਜੁੜ ਰਹੇ ਹਨ, ਜੋ ਕਾਂਗਰਸ ਲਈ ਬਹੁਤ ਹੀ ਹੌਸਲਾਅਫਜ਼ਾ ਗੱਲ ਹੈ। ਉਨ੍ਹਾਂ ਕਿਹਾ ਕਿ 15 ਅਗਸਤ ਤੋਂ ਬਾਅਦ ਸੀਨੀਅਰ ਆਗੂ ਰਾਹੁਲ ਗਾਂਧੀ ਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਪੰਜਾਬ ਦੌਰੇ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਉਨ੍ਹਾਂ ਦੇ ਦੌਰਿਆਂ ਦੌਰਾਨ ਸੂਬੇ ਵਿਚ ਵੱਡੀਆਂ ਜਨ ਸਭਾਵਾਂ ਤੇ ਰੈਲੀਆਂ ਰਾਹੀਂ ਲੋਕਾਂ ਨਾਲ ਸਿੱਧਾ ਸੰਵਾਦ ਕੀਤਾ ਜਾਵੇਗਾ ਤੇ ਕਾਂਗਰਸ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ। ਕਾਂਗਰਸੀ ਆਗੂ ਨਰੇਸ਼ ਭਾਰਦਵਾਜ ਨੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੂੰ ਕਿਹਾ ਕਿ ਪੰਜਾਬ ਵਿੱਚ ਚੋਣਾਂ ਨਵੰਬਰ ਦਸੰਬਰ ਵਿੱਚ ਹੋਣ ਦੀ ਸੰਭਾਵਨਾ ਹੈ। ਇਸ ਲਈ ਸਾਰੇ ਕਾਂਗਰਸੀ ਵਰਕਰਾਂ ਨੂੰ ਪੂਰੀ ਤਿਆਰੀ ਵਿੱਚ ਜੁਟ ਜਾਣਾ ਚਾਹੀਦਾ ਹੈ। ਪੰਜਾਬ ਵਿੱਚ ਇਸ ਵਾਰੀ ਪੰਜ ਕੋਣੀ ਲੜਾਈ ਹੋਣ ਦੀ ਸੰਭਾਵਨਾ ਹੈ ਤੇ ਪੰਜਾਬ ਦੇ ਲੋਕ ਕਾਂਗਰਸੀ ਵੱਲ ਵੇਖ ਰਹੇ ਹਨ ਕਿ ਕਾਂਗਰਸ ਪਾਰਟੀ ਹੀ ਮੌਜੂਦਾ ਆਮ ਆਦਮੀ ਪਾਰਟੀ ਦਾ ਬਦਲ ਹੈ। ਇਹ ਚੋਣਾਂ ਪੰਜਾਬ ਦੀ ਕਿਸਮਤ ਦਾ ਫ਼ੈਸਲਾ ਕਰਨਗੀਆਂ।
ਉਨਾਂ ਕਿਹਾ ਕਿ ਹੁਣ ਰਾਜਨੀਤੀ ਵਿਚ ਮਾਈਓ-ਮੈਨੇਜਮੈਂਟ ਦਾ ਦੌਰ ਹੈ ਤੇ ਹਰ ਵਰਕਰ ਨੂੰ ਲੋਕਾਂ ਦੇ ਘਰ-ਘਰ ਤੱਕ ਪਹੁੰਚ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨੀਆਂ ਤੇ ਪਾਰਟੀ ਦੀ ਵਿਚਾਰਧਾਰਾ ਨਾਲ ਜੋੜਨਾ ਹੋਵੇਗਾ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਕਾਂਗਰਸ ਦਾ ਹਰ ਵਰਕਰ ਸੂਬੇ ਵਿਚ ਪਾਰਟੀ ਦੀ ਸਰਕਾਰ ਬਣਾਉਣ ਦੇ ਟੀਚੇ ਨੂੰ ਲੈ ਕੇ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿਚ ਇਹ ਮੁਹਿੰਮ ਪੰਜਾਬ ਦੀ ਰਾਜਨੀਤੀ ਵਿਚ ਸਕਾਰਾਤਮਕ ਬਦਲਾਅ ਦਾ ਆਧਾਰ ਸਾਬਤ ਹੋਵੇਗੀ।