ਗੁਰਦੁਆਰਾ ਸੰਤ ਘਾਟ ਨੇੜੇ ਬਣੇ ਪਲਟੂਨ ਪੁਲ ਦੀ ਹਾਲਤ ਹੋਈ ਖਸਤਾ ਗੁਰਦੁਆਰਾ ਸੰਤ ਘਾਟ ਨੇੜੇ ਬਣੇ ਪਲਟੂਨ ਪੁੱਲ ਦੀ ਹਾਲਤ ਹੋਈ ਖਸਤਾ
Publish Date: Wed, 22 Jul 2026 09:50 PM (IST)
Updated Date: Wed, 22 Jul 2026 09:52 PM (IST)
ਵੇਈਂ ਨਦੀ ’ਤੇ ਬਣੇ ਪਲਟੂਨ ਪੁਲ ਵੱਲ ਪ੍ਰਸ਼ਾਸਨ ਤੁਰੰਤ ਧਿਆਨ ਦੇਵੇ : ਸਤੀਸ਼ ਟਕਸਾਲੀ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿੱਚ 550 ਸਾਲਾ ਗੁਰਪੁਰਬ ਮੌਕੇ ਪਵਿੱਤਰ ਕਾਲੀ ਵੇਈਂ ਦੇ ਦੋਵੇਂ ਪਾਸੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਦੀ ਵੱਡੀ ਆਮਦ ਤੇ ਸਹੂਲਤ ਨੂੰ ਵੇਖਦਿਆਂ ਬਣਾਏ ਗਏ ਪਲਟੂਨ ਪੁਲ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਖਸਤਾ ਹਾਲ ਵਿੱਚ ਹੁੰਦਿਆਂ ਟੁੱਟਣੇ ਸ਼ੁਰੂ ਹੋ ਚੁੱਕੇ ਹਨ ਤੇ ਕਿਸੇ ਵੀ ਸਮੇਂ ਵੱਡੀ ਦੁਰਘਟਨਾ ਦਾ ਸਬੱਬ ਬਣ ਸਕਦੇ ਹਨ ਜਿਸ ਪਾਸੇ ਪ੍ਰਸ਼ਾਸਨ ਵੱਲੋਂ ਕੋਈ ਵੀ ਧਿਆਨ ਨਾ ਦੇਣ ਕਾਰਨ ਸੰਗਤਾਂ ਤੇ ਸਮਾਜ ਸੇਵੀ ਜਥੇਬੰਦੀਆਂ ਵਿੱਚ ਬੇਹੱਦ ਰੋਸ ਪਾਇਆ ਜਾ ਰਿਹਾ ਹੈ। ਸਮਾਜ ਸੇਵੀ ਆਗੂ ਸਤੀਸ਼ ਟਕਸਾਲੀ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਇੱਕ ਮੰਗ ਪੱਤਰ ਭੇਜ ਕੇ ਤੁਰੰਤ ਇਸ ਪਲਟੂਨ ਪੁੱਲ ਦੀ ਮਾੜੀ ਹਾਲਤ ਹੋਣ ਕਾਰਨ ਇਸ ਦੀ ਤੁਰੰਤ ਮਰੰਮਤ ਕਰਵਾਉਣ ਦੀ ਮੰਗ ਕੀਤੀ ਹੈ। ਉਹਨਾਂ ਦੱਸਿਆ ਕਿ ਇਹ ਪਲਟੂਨ ਪੁਲ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਸੁਲਤਾਨਪੁਰ ਲੋਧੀ ਦੇ ਨੇੜੇ ਬਣਿਆ ਹੈ ਅਤੇ ਇਸ ਦੇ ਫੱਟੇ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੇ ਹਨ ਜਿਸ ਉੱਪਰ ਅਕਸਰ ਬਾਹਰੋਂ ਆਉਣ ਵਾਲੀ ਸੰਗਤ ਪੈਦਲ ਲੰਘਦੀ ਹੈ ਤੇ ਸਵੇਰੇ ਸ਼ਹਿਰ ਨਿਵਾਸੀ ਸੈਰ ਕਰਨ ਲਈ ਵੀ ਉਸਦੇ ਉੱਪਰ ਦੀ ਲੰਘ ਕੇ ਜਾਂਦੇ ਹਨ। ਹਨੇਰਾ ਸਵੇਰਾ ਹੋਣ ਕਾਰਨ ਕਿਸੇ ਵੀ ਸਮੇਂ ਉਸ ਪੁੱਲ ਤੇ ਦੁਖਦ ਘਟਨਾ ਵਾਪਰ ਸਕਦੀ ਹੈ ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਵਨ ਨਗਰੀ ਨੂੰ ਪਹਿਲਾਂ ਹੀ ਸਮਾਰਟ ਸਿਟੀ ਐਲਾਨਿਆ ਹੋਇਆ ਹੈ ਤੇ ਸ਼ਹਿਰ ਵਿੱਚ ਸਮਾਰਟ ਸਿਟੀ ਦੇ ਨਾਮ ਤੇ ਵਿਕਾਸ ਕਾਰਜ ਵੀ ਚੱਲ ਰਹੇ ਹਨ। ਉਹਨਾਂ ਕਿਹਾ ਕਿ ਉਕਤ ਪੁਲ ਦੀ ਮੁਰੰਮਤ ਵੀ ਸਮਾਰਟ ਸਿਟੀ ਤਹਿਤ ਕਰਵਾ ਕੇ ਭਵਿੱਖ ਵਿੱਚ ਹੋਣ ਵਾਲੀ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਸਤੀਸ਼ ਟਕਸਾਲੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਵੇਂ ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਤੇ ਇਸ ਦੀ ਮੁਰੰਮਤ ਵੀ ਬਹੁਤ ਜ਼ਰੂਰੀ ਹੈ। ਇਸ ਮੌਕੇ ਸਤੀਸ਼ ਟਕਸਾਲੀ, ਸੀਤਲ ਥਿੰਦ, ਯੁਵਰਾਜ ਕੁਮਾਰ, ਬਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।