ਮੁੱਖ ਮੰਤਰੀ ਰਾਜ ਸੰਭਾਲਣ ’ਚ ਪੂਰੀ ਤਰ੍ਹਾਂ ਅਸਫਲ ਰਹੇ : ਸ਼ਾਰਦਾ ਮੁੱਖ ਮੰਤਰੀ ਅਜੇ ਵੀ ਸਿਰਫ਼ ਸਟੇਜ ਸੰਭਾਲ ਰਹੇ ਹਨ ਅਤੇ ਰਾਜ ਸੰਭਾਲਣ ’ਚ ਪੂਰੀ ਤਰ੍ਹਾਂ ਅਸਫਲ ਰਹੇ ਹਨ : ਸ਼ਾਰਦਾ
Publish Date: Sun, 30 Aug 2026 08:46 PM (IST)
Updated Date: Sun, 30 Aug 2026 08:49 PM (IST)
ਸਰਕਾਰ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਹੋਈ ਫੇਲ ਭਾਜਪਾ ਨੇਤਾ ਸ਼ਾਰਦਾ ਨੇ ਮੁੱਖ ਮੰਤਰੀ ’ਤੇ ਸਾਧਿਆ ਨਿਸ਼ਾਨਾ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਮਮਦੋਟ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੇ ਸ਼ਰੇਆਮ ਹੋਏ ਕਤਲ ਨੇ ਸੂਬੇ ਦੀ ਕਾਨੂੰਨ ਵਿਵਸਥਾ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸੱਤਾਧਾਰੀ ਪਾਰਟੀ ਦੇ ਜਨਤਕ ਨੁਮਾਇੰਦਿਆਂ ਨੂੰ ਲਗਾਤਾਰ ਨਿਸ਼ਾਨਾ ਬਣਾਉਣਾ ਪੁਲਿਸ ਪ੍ਰਣਾਲੀ ਲਈ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਹਮਲਾਵਰਾਂ ਨੂੰ ਕਾਨੂੰਨ ਦਾ ਡਰ ਕਿਉਂ ਨਹੀਂ ਹੈ, ਇਹ ਵੀ ਜਾਂਚ ਦਾ ਇੱਕ ਮੁੱਖ ਖੇਤਰ ਹੈ। ਇਸ ਦੌਰਾਨ ਭਾਜਪਾ ਸੂਬਾ ਕਾਰਜਕਾਰਣੀ ਦੇ ਮੈਂਬਰ ਉਮੇਸ਼ ਸ਼ਾਰਦਾ ਨੇ ਦੋਸ਼ ਲਗਾਇਆ ਕਿ ਪੰਜਾਬ ਵਿੱਚ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ ਤੇ ਨਾ ਸਿਰਫ਼ ਜਨਤਾ ਸਗੋਂ ਸਿਆਸਤਦਾਨ ਵੀ ਸੁਰੱਖਿਅਤ ਨਹੀਂ ਹਨ। ਸ਼ਾਰਦਾ ਨੇ ਕਿਹਾ ਕਿ ਪੰਜਾਬ ਵਿੱਚ ਅਰਾਜਕਤਾ ਦਾ ਮਾਹੌਲ ਹੈ ਤੇ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਸ਼ਾਰਦਾ ਨੇ ਕਿਹਾ ਕਿ ਜਦੋਂ ਸੱਤਾਧਾਰੀ ਪਾਰਟੀ ਦੇ ਨੇਤਾ ਵੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਦੀ ਸੁਰੱਖਿਆ ਬਾਰੇ ਸਵਾਲ ਉੱਠਣਾ ਸੁਭਾਵਿਕ ਹੈ। ਉਨ੍ਹਾਂ ਸਰਕਾਰ ਤੋਂ ਸਪੱਸ਼ਟ ਜਵਾਬ ਮੰਗਿਆ ਕਿ ਸੂਬੇ ਵਿੱਚ ਖੂਨ-ਖਰਾਬਾ ਕਦੋਂ ਬੰਦ ਹੋਵੇਗਾ। ਲਗਾਤਾਰ ਹੋ ਰਹੀਆਂ ਘਟਨਾਵਾਂ ਨੇ ਸਰਕਾਰ ਲਈ ਕਾਨੂੰਨ ਵਿਵਸਥਾ ਨੂੰ ਮੁੜ ਪਟੜੀ ’ਤੇ ਲਿਆਉਣਾ ਇੱਕ ਵੱਡੀ ਚੁਣੌਤੀ ਬਣਾ ਦਿੱਤਾ ਹੈ। ਸ਼ਾਰਦਾ ਨੇ ਮੁੱਖ ਮੰਤਰੀ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਟੇਜ ਚਲਾਉਣ ਤੇ ਰਾਜ ਚਲਾਉਣ ਵਿੱਚ ਫ਼ਰਕ ਹੈ। ਮੁੱਖ ਮੰਤਰੀ ਅਜੇ ਵੀ ਸਿਰਫ਼ ਸਟੇਜ ਦਾ ਚਲਾ ਰਹੇ ਹਨ ਤੇ ਰਾਜ ਦਾ ਪ੍ਰਬੰਧਨ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ ਹਨ। ਸ਼ਾਰਦਾ ਨੇ ਕਿਹਾ ਕਿ ਪੰਜਾਬ ਵਿੱਚ ਕਤਲ ਤੇ ਜਬਰਦਸਤੀ ਹੁਣ ਰੋਜ਼ਾਨਾ ਦਾ ਮਾਮਲਾ ਬਣ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕਾਨੂੰਨ ਵਿਵਸਥਾ ਅਪਰਾਧੀਆਂ ਤੇ ਗੈਂਗਸਟਰਾਂ ਦੇ ਹੱਥਾਂ ਦੀ ਕਠਪੁਤਲੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਗਾਇਕ, ਕਾਰੋਬਾਰੀ, ਸਿਆਸਤਦਾਨ, ਕੰਮ ਕਰਨ ਵਾਲੇ ਪੇਸ਼ੇਵਰ ਤੇ ਕਬੱਡੀ ਖਿਡਾਰੀ ਸਮੇਤ ਸਮਾਜ ਦਾ ਹਰ ਵਰਗ ਸੰਗਠਿਤ ਅਪਰਾਧ ਦਾ ਸ਼ਿਕਾਰ ਹੋ ਰਿਹਾ ਹੈ। ਪੁਲਿਸ ਇੱਕ ਪੇਸ਼ੇਵਰ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਹੋਣ ਦੀ ਬਜਾਏ, ਆਪ ਲੀਡਰਸ਼ਿਪ ਦੀ ਨਿੱਜੀ ਫੋਰਸ ਵਿੱਚ ਬਦਲ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਅਪਰਾਧੀਆਂ ਨੂੰ ਤੁਰੰਤ ਸਜ਼ਾ ਨਹੀਂ ਦਿੱਤੀ ਜਾਂਦੀ ਤਾਂ ਪੁਲਿਸ ਦਾ ਮਨੋਬਲ ਟੁੱਟ ਜਾਂਦਾ ਹੈ ਤੇ ਰਾਜਨੀਤਿਕ ਦਬਾਅ ਜਾਂਚ ਵਿੱਚ ਵਿਘਨ ਪਾਉਂਦਾ ਹੈ ਤਾਂ ਅਪਰਾਧ ਵਧਦਾ ਹੈ। ਸ਼ਾਰਦਾ ਨੇ ਕਿਹਾ ਕਿ ਗੈਂਗਸਟਰਾਂ ਨੇ ਪਹਿਲਾਂ ਕਾਂਗਰਸ, ਫਿਰ ਅਕਾਲੀ ਦਲ ਤੇ ਹੁਣ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਸਰਕਾਰ ਦੀ ਭਰੋਸੇਯੋਗਤਾ ’ਤੇ ਸਿੱਧਾ ਹਮਲਾ ਹੈ। ਕਤਲ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕਰਦੇ ਹੋਏ ਸ਼ਾਰਦਾ ਨੇ ਕਿਹਾ ਕਿ ਪੰਜਾਬ ਨੂੰ ਠੋਸ ਨਤੀਜਿਆਂ ਦੀ ਲੋੜ ਹੈ, ਬਹਾਨਿਆਂ ਦੀ ਨਹੀਂ, ਤਾਂ ਜੋ ਲੋਕ ਸ਼ਾਂਤੀ ਨਾਲ ਰਹਿ ਸਕਣ।