ਨਸ਼ਿਆਂ ਵਿਰੁੱਧ ਮੁਹਿੰਮ ਸਿਰਫ਼ ਭਾਸ਼ਣਾਂ ਤੱਕ ਨਹੀਂ ਹੋਣੀ ਚਾਹੀਦੀ : ਰਾਜ ਨਸ਼ਿਆਂ ਵਿਰੁੱਧ ਮੁਹਿੰਮ ਸਿਰਫ਼ ਭਾਸ਼ਣਾਂ, ਮੀਟਿੰਗਾਂ ਅਤੇ ਜਾਗਰੂਕਤਾ ਪ੍ਰੋਗਰਾਮਾਂ ਤੱਕ ਸੀਮਤ ਨਹੀਂ ਹੋਣੀ ਚਾਹੀਦੀ : ਸਰਬਜੀਤ ਰਾਜ
Publish Date: Thu, 22 Oct 2026 10:04 PM (IST)
Updated Date: Thu, 22 Oct 2026 10:06 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਤੇ ਇਸ ਤੋਂ ਪ੍ਰਭਾਵਿਤ ਹੋ ਰਹੇ ਨੌਜਵਾਨਾਂ ਦੇ ਭਵਿੱਖ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਆਲ ਇੰਡੀਆ ਕ੍ਰਿਸ਼ਚੀਅਨ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਨੇ ਕਿਹਾ ਕਿ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਸਰਕਾਰੀ ਕਾਰਵਾਈ, ਪੁਲਿਸ ਕਾਰਵਾਈਆਂ ਤੇ ਕਾਨੂੰਨੀ ਪ੍ਰਬੰਧਾਂ ਤੱਕ ਸੀਮਤ ਰੱਖਣ ਦੀ ਬਜਾਏ ਇੱਕ ਸਮਾਜਿਕ ਲਹਿਰ ਵਿੱਚ ਬਦਲਣ ਦੀ ਲੋੜ ਹੈ। ਸਰਬਜੀਤ ਰਾਜ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਦਾ ਸਥਾਈ ਹੱਲ ਤਾਂ ਹੀ ਸੰਭਵ ਹੈ ਜਦੋਂ ਸਮਾਜ ਦਾ ਹਰ ਵਰਗ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਵਿੱਚ ਸੇਧ ਦੇਣ ਲਈ ਅੱਗੇ ਆਵੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਦੁਰਵਰਤੋਂ ਸਿਰਫ਼ ਇੱਕ ਵਿਅਕਤੀ ਜਾਂ ਪਰਿਵਾਰ ਦੀ ਸਮੱਸਿਆ ਨਹੀਂ ਹੈ; ਇਹ ਪੂਰੇ ਸਮਾਜ ਦੀ ਸਮਾਜਿਕ ਪ੍ਰਣਾਲੀ, ਆਰਥਿਕ ਸਥਿਤੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਭਾਵਤ ਕਰਦੀ ਹੈ। ਜੇਕਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਮੇਂ ਸਿਰ ਠੋਸ ਯਤਨ ਨਾ ਕੀਤੇ ਗਏ ਤਾਂ ਇਸਦੇ ਨਤੀਜੇ ਲੰਬੇ ਸਮੇਂ ਵਿੱਚ ਪਰਿਵਾਰਾਂ ਅਤੇ ਸਮਾਜ ਲਈ ਵਿਨਾਸ਼ਕਾਰੀ ਹੋ ਸਕਦੇ ਹਨ। ਇਸ ਲਈ ਨਸ਼ਿਆਂ ਪ੍ਰਤੀ ਜਾਗਰੂਕਤਾ,ਪਰਿਵਾਰਕ ਸੰਵਾਦ,ਖੇਡ ਗਤੀਵਿਧੀਆਂ ਅਤੇ ਸਮਾਜਿਕ ਭਾਗੀਦਾਰੀ ਨੂੰ ਸਾਂਝੇ ਤੌਰ ਤੇ ਅੱਗੇ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਭਾਸ਼ਣਾਂ, ਮੀਟਿੰਗਾਂ ਅਤੇ ਜਾਗਰੂਕਤਾ ਪ੍ਰੋਗਰਾਮਾਂ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ। ਇਸ ਲਈ ਜ਼ਮੀਨੀ ਯਤਨਾਂ ਦੀ ਲੋੜ ਹੈ ਜੋ ਮੁਹਿੰਮ ਦੀ ਸਫਲਤਾ ਨੂੰ ਯਕੀਨੀ ਬਣਾਉਣਗੇ।