ਝੋਟੇ ਦਾ ਕਤਲ ਤਸਕਰਾਂ, ਪ੍ਰਸ਼ਾਸਨ ਤੇ ਸਿਆਸੀ ਗਠਜੋੜ ਦਾ ਸਿੱਟਾ : ਖੋਜੇਵਾਲ ਪਰਵਿੰਦਰ ਝੋਟੇ ਦਾ ਸ਼ਰੇਆਮ ਕਤਲ ਨਸ਼ਾ ਤਸਕਰਾਂ, ਪੁਲਸ ਪ੍ਰਸ਼ਾਸਨ, ਸਿਆਸੀ ਗਠਜੋੜ ਦੀ ਗੁੰਡਾਗਰਦੀ ਦਾ ਸਿੱਟਾ : ਖੋਜੇਵਾਲ
Publish Date: Tue, 13 Oct 2026 10:14 PM (IST)
Updated Date: Tue, 13 Oct 2026 10:14 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਅੱਜ ਪੰਜਾਬ ਦੇ ਮਾਨਸਾ ਸ਼ਹਿਰ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਜਦ ਨੌਜਵਾਨ ਕਾਰਕੁੰਨ ਪਰਵਿੰਦਰ ਸਿੰਘ ਉਰਫ ਝੋਟੇ ਦਾ ਗੋਲ਼ੀਆਂ ਮਾਰਕੇ ਕਤਲ ਕਰ ਦਿੱਤਾ ਗਿਆ। ਘਟਨਾ ਉਦੋਂ ਵਾਪਰੀ ਜਦੋਂ ਪਰਵਿੰਦਰ ਨੇ ਇੱਕ ਮੈਡੀਕਲ ਸਟੋਰ ਦੇ ਮਾਲਕ ਨੂੰ ਲਾਈਵ ਵੀਡਿਓ ’ਚ ਨਸ਼ਾ ਵੇਚਦੇ ਰੰਗੇ ਹੱਥੀਂ ਵੇਖ ਲਿਆ। ਜਦੋਂ ਉਹ ਪੁਲਸ ਨੂੰ ਮੌਕਾ ਵਾਰਦਾਤ ’ਤੇ ਸੱਦ ਰਿਹਾ ਸੀ ਤਾਂ ਮਾਲਕ ਨੇ ਪਸਤੌਲ ਕੱਢ ਕੇ ਉਸ ’ਤੇ ਗੋਲੀਆਂ ਚਲਾ ਦਿੱਤੀ। ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ,‘ਮੈਡੀਕਲ ਮਾਲਕ ਵੱਲੋਂ ਕਿਸੇ ਨੌਜਵਾਨ ਦਾ ਸ਼ਰੇਆਮ ਕੀਤਾ ਕਤਲ, ਇਨ੍ਹਾਂ ਨਸ਼ਾ ਕਾਰੋਬਾਰੀਆਂ, ਪੁਲਸ ਪ੍ਰਸ਼ਾਸਨ ਤੇ ਸਿਆਸੀ ਸ਼ਹਿ ਦੀ ਗਵਾਹੀ ਭਰਦਾ ਹੈ, ਜਿਸ ਵਿੱਚ ਨਸ਼ੇ ਦੇ ਇਨ੍ਹਾਂ ਕਾਰੋਬਾਰੀਆਂ ਨੂੰ ਪੁਲਸ ਤੇ ਸਰਕਾਰ ਵੱਲੋਂ ਢਿੱਲ ਮਿਲੀ ਹੋਈ ਹੈ, ਤਾਂ ਹੀ ਇਨ੍ਹਾਂ ਦੇ ਹੌਂਸਲੇ ਇੰਨੇ ਬੁਲੰਦ ਹਨ। ਨਸ਼ਾ ਵੇਚਣ ਵਾਲ਼ਿਆਂ ਵੱਲੋਂ ਇਹ ਕੋਈ ਕੱਲੀ ਕਾਰੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਕਈ ਥਾਵਾਂ ਉੱਤੇ ਨਸ਼ਾ ਵੇਚਣ ਦਾ ਵਿਰੋਧ ਕਰਨ ਵਾਲੇ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ। ਜਿਨ੍ਹਾਂ ਮਾਮਲਿਆਂ ਵਿੱਚ ਪਹਿਲਾਂ ਵੀ ਪੁਲਸ ਤੇ ਸਰਕਾਰ ਸ਼ਰੇਆਮ ਇਨ੍ਹਾਂ ਕਾਰੋਬਾਰੀਆਂ ਦੇ ਨਾਲ਼ ਖੜ੍ਹਦੀ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਵੇਲ਼ੇ ਨਸ਼ਿਆਂ ਦਾ ਹੜ੍ਹ ਵਗ ਰਿਹਾ ਹੈ, ਜਿਸ ਵਿੱਚ ਪੰਜਾਬ ਦੀ ਜਵਾਨੀ ਰੁੜ੍ਹਦੀ ਜਾ ਰਹੀ ਹੈ। ਨਿੱਤ ਦਿਨ ਪੰਜਾਬ ਦੇ ਘਰਾਂ ਵਿੱਚ ਗੱਭਰੂ ਪੁੱਤਾਂ ਦੇ ਸੱਥਰ ਵਿਛਦੇ ਹਨ ਕਿਉਂਕਿ ਲੋਕ ਦੋਖੀ ਸਰਕਾਰ ਨੂੰ ਇਸ ਕਾਰੋਬਾਰ ਵਿਚੋਂ ਵੱਡੇ ਮੁਨਾਫ਼ੇ ਦਾ ਮੋਟਾ ਚੜਾਵਾ ਚੜ੍ਹਦਾ ਹੈ। ਮੌਜੂਦਾ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਵੀ ਵੋਟਾਂ ਤੋਂ ਪਹਿਲਾਂ ਨਸ਼ਾ ਖਤਮ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਪਰ ਪੰਜ ਸਾਲ ਲੰਘਣ ਮਗਰੋਂ ਇਨ੍ਹਾਂ ਦੇ ਰਾਜ ਵਿੱਚ ਨਸ਼ਾ ਘਟਿਆ ਨਹੀਂ ਵਧਿਆ ਹੈ। ਸਗੋਂ ਨਸ਼ਾ ਤਸਕਰਾਂ ਦੇ ਹੌਂਸਲੇ ਵੀ ਬੁਲੰਦ ਹੋਏ ਹਨ, ਜਿਹੜੇ ਵਿਰੋਧ ਕਰਨ ਵਾਲੇ ਨੂੰ ਸ਼ਰੇਆਮ ਗੋਲ਼ੀਆਂ ਮਾਰਨ ਤੋਂ ਵੀ ਨਹੀਂ ਝਿਝਕਦੇ। ਨਸ਼ਾ ਤਸਕਰਾਂ ਵੱਲੋਂ ਫੈਲਾਈ ਗੁੰਡਾਗਰਦੀ, ਗੈਂਗਵਾਰ, ਕਤਲ ਪੰਜਾਬ ਦੀ ਅੱਜ ਦੀ ਕੋਝੀ ਤਸਵੀਰ ਹੈ। ਖੋਜੇਵਾਲ ਨੇ ਪਰਵਿੰਦਰ ਝੋਟੇ ਦੇ ਕਤਲ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਨਸ਼ਾ ਵੇਚਣ ਵਾਲੇ ਕਾਤਲ ਮੈਡੀਕਲ ਮਾਲਕ ਨੂੰ ਫਾਂਸੀ ਦਿੱਤੀ ਜਾਵੇ ਤੇ ਨਸ਼ਿਆਂ ਤੇ ਕਤਲਾਂ ਦੇ ਇਸ ਸਮੁੱਚੇ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਲੋਕਾਂ ਨੂੰ ਇਕਜੁੱਟ ਹੋਕੇ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਕਪੂਰਚੰਦ ਥਾਪਰ, ਵਿੱਕੀ ਗੁਜਰਾਲ, ਸੰਨੀ ਬੈਂਸ, ਮਧੂ ਸੂਦ, ਰੋਸ਼ਨ ਲਾਲ ਸੱਭਰਵਾਲ, ਸਰਬਜੀਤ ਸਿੰਘ ਦਿਓਲ, ਲੱਕੀ ਸਰਪੰਚ, ਕਮਲ ਪ੍ਰਭਾਕਰ, ਮੱਸਾ ਸਿੰਘ ਆਦਿ ਹਾਜ਼ਰ ਸਨ।