ਪੀਪੀਸੀਬੀ ਚੇਅਰਪਰਸਨ ਨੇ ਪਵਿੱਤਰ ਵੇਈਂ ਦਾ ਕੀਤਾ ਦੌਰਾ ਪੰਜਾਬ ਦੀਆਂ ਨਦੀਆਂ ਤੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਬੋਰਡ ਸੰਤ ਸੀਚੇਵਾਲ ਦੀ ਅਗਵਾਈ ਵਿੱਚ ਬਣਾਏਗਾ ਰਣਨੀਤੀ : ਰੀਨਾ ਗੁਪਤਾ
Publish Date: Sun, 18 Oct 2026 08:03 PM (IST)
Updated Date: Sun, 18 Oct 2026 08:06 PM (IST)
ਕਾਲਾ ਸੰਘਿਆ ਡਰੇਨ ਤੇ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਦੇ ਦਿੱਤੇ ਨਿਰਦੇਸ਼ ਨਦੀਆਂ ਤੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸੰਤ ਸੀਚੇਵਾਲ ਦੀ ਅਗਵਾਈ ’ਚ ਬਣੇਗੀ ਰਣਨੀਤੀ : ਰੀਨਾ ਗੁਪਤਾ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੀ ਚੇਅਰਪਰਸਨ ਰੀਨਾ ਗੁਪਤਾ ਨੇ ਅੱਜ ਬਾਅਦ ਦੁਪਹਿਰ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਸੰਗਤਾਂ ਦੇ ਸਹਿਯੋਗ ਨਾਲ ਸਾਫ਼ ਕੀਤੀ ਗਈ ਪਵਿੱਤਰ ਕਾਲੀ ਵੇਈਂ ਦਾ ਦੌਰਾ ਕੀਤਾ ਤੇ ਇਸ ਦੀ ਸਫ਼ਾਈ ਲਈ ਪਿਛਲੇ 25 ਸਾਲਾਂ ਦੌਰਾਨ ਕੀਤੇ ਗਏ ਯਤਨਾਂ ਬਾਰੇ ਜਾਣਕਾਰੀ ਹਾਸਲ ਕੀਤੀ। ਪਵਿੱਤਰ ਕਾਲੀ ਵੇਈਂ ਦੀ ਸਫ਼ਾਈ ਤੇ ਪੁਨਰ ਸੁਰਜੀਤੀ ਦੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਰੀਨਾ ਗੁਪਤਾ ਨੇ ਕਿਹਾ ਕਿ ਪੰਜਾਬ ਦੀਆਂ ਨਦੀਆਂ ਤੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਬੋਰਡ ਸੰਤ ਸੀਚੇਵਾਲ ਦੀ ਅਗਵਾਈ ਵਿੱਚ ਠੋਸ ਰਣਨੀਤੀ ਤਿਆਰ ਕਰੇਗਾ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੀਪੀਸੀਬੀ ਦੀ ਚੇਅਰਪਰਸਨ ਤੇ ਉਨ੍ਹਾਂ ਨਾਲ ਆਏ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਮੀਟਿੰਗ ਕੀਤੀ। ਮੀਟਿੰਗ ਦੌਰਾਨ ਪੰਜਾਬ ਦੇ ਦਰਿਆਵਾਂ, ਡਰੇਨਾਂ ਤੇ ਹੋਰ ਕੁਦਰਤੀ ਜਲ ਸਰੋਤਾਂ ਵਿੱਚ ਫੈਲ ਰਹੇ ਪ੍ਰਦੂਸ਼ਣ ਦੇ ਗੰਭੀਰ ਮੁੱਦੇ ਉਠਾਏ ਗਏ। ਸੰਤ ਸੀਚੇਵਾਲ ਨੇ ਵੀਡੀਓਜ਼ ਰਾਹੀਂ ਕਾਲਾ ਸੰਘਿਆ ਡਰੇਨ ਤੇ ਬੁੱਢੇ ਦਰਿਆ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਇਨ੍ਹਾਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਠੋਸ ਕਾਰਵਾਈ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਾਲਾ ਸੰਘਿਆ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਵਾਉਣ ਲਈ 22 ਫਰਵਰੀ 2008 ਤੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਦੇ ਬਾਵਜੂਦ ਡਰੇਨ ਦੇ ਸ਼ਹਿਰੀ ਖੇਤਰ ਵਿੱਚ ਪੱਕਾ ਨਿਰਮਾਣ ਹੋਣ ਦੇ ਬਾਵਜੂਦ ਇਸ ਵਿੱਚ ਗੰਦਾ ਪਾਣੀ ਪੈਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਇਸ ਸਮੱਸਿਆ ਦੇ ਹੱਲ ਲਈ ਸਬੰਧਤ ਵਿਭਾਗਾਂ ਨੂੰ ਜਵਾਬਦੇਹ ਬਣਾਉਣ ਤੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਗਤੀਵਿਧੀਆਂ ਨੂੰ ਰੋਕਣ ਦੀ ਲੋੜ ਉਜਾਗਰ ਕੀਤੀ। ਮੀਟਿੰਗ ਦੌਰਾਨ ਚਿੱਟੀ ਵੇਈਂ ਤੇ ਪਵਿੱਤਰ ਕਾਲੀ ਵੇਈਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਮਾਮਲਾ ਵੀ ਪ੍ਰਮੁੱਖਤਾ ਨਾਲ ਵਿਚਾਰਿਆ ਗਿਆ। ਸੰਤ ਸੀਚੇਵਾਲ ਨੇ ਜਲੰਧਰ, ਲੁਧਿਆਣਾ ਤੇ ਕਪੂਰਥਲਾ ਖੇਤਰਾਂ ਵਿੱਚ ਸਥਿਤ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੇ ਸੁਚਾਰੂ ਸੰਚਾਲਨ, ਬਾਈਪਾਸ ਰਾਹੀਂ ਗੰਦੇ ਪਾਣੀ ਦੀ ਨਿਕਾਸੀ ਨੂੰ ਰੋਕਣ ਤੇ ਨਿਰਧਾਰਤ ਵਾਤਾਵਰਨ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ। ਇਸ ਦੌਰਾਨ ਪੀਪੀਸੀਬੀ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਾਲਾ ਸੰਘਿਆ ਡਰੇਨ ਤੇ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਰੀਨਾ ਗੁਪਤਾ ਨੇ ਸੰਤ ਸੀਚੇਵਾਲ ਵੱਲੋਂ ਵਾਤਾਵਰਨ ਦੀ ਸੰਭਾਲ, ਦਰਿਆਵਾਂ ਦੀ ਸਫ਼ਾਈ ਤੇ ਜਲ ਸਰੋਤਾਂ ਦੀ ਪੁਨਰ ਸੁਰਜੀਤੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਾਰਜਾਂ ਦੀ ਚਰਚਾ ਵਿਸ਼ਵ ਪੱਧਰ ’ਤੇ ਹੁੰਦੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਵਾਤਾਵਰਨ ਦੀ ਸੰਭਾਲ ਤੇ ਜਲ ਸਰੋਤਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਨਾਲ ਜੁੜੇ ਕਾਰਜਾਂ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਉਪਰੰਤ ਸੰਤ ਸੀਚੇਵਾਲ ਨੇ ਚੇਅਰਪਰਸਨ ਤੇ ਅਧਿਕਾਰੀਆਂ ਨੂੰ ਸੰਗਤਾਂ ਦੇ ਸਹਿਯੋਗ ਨਾਲ ਸਾਫ਼ ਕੀਤੀ ਗਈ ਪਵਿੱਤਰ ਕਾਲੀ ਵੇਈਂ ਦੇ ਪਾਣੀ ਦਾ ਟੀਡੀਐੱਸ ਪੱਧਰ ਚੈੱਕ ਕਰਵਾਇਆ ਤੇ ਕਿਸ਼ਤੀ ਰਾਹੀਂ ਵੇਈਂ ਦੇ ਦਰਸ਼ਨ ਕਰਵਾਏ। ਇਸ ਮੌਕੇ ਪੀਪੀਸੀਬੀ ਦੇ ਮੈਂਬਰ ਸਕੱਤਰ ਡਾ. ਲਵਨੀਤ ਕੁਮਾਰ ਦੂਬੇ, ਚੀਫ਼ ਇੰਜੀਨੀਅਰ ਆਰਕੇ ਰਤੜਾ ਸਮੇਤ ਬੋਰਡ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਤਲਵੰਡੀ ਮਾਧੋ ਤੇ ਡੱਲਾ ਸਾਹਿਬ ਦੇ ਸੀਚੇਵਾਲ ਮਾਡਲ ਦੇਖ ਕੇ ਪ੍ਰਭਾਵਿਤ ਹੋਏ ਪੀਪੀਸੀਬੀ ਦੇ ਅਧਿਕਾਰੀ ਪਵਿੱਤਰ ਕਾਲੀ ਵੇਈਂ ਦੇ ਦਰਸ਼ਨਾਂ ਤੋਂ ਬਾਅਦ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੀਪੀਸੀਬੀ ਦੀ ਚੇਅਰਪਰਸਨ ਰੀਨਾ ਗੁਪਤਾ ਤੇ ਉਨ੍ਹਾਂ ਨਾਲ ਆਏ ਅਧਿਕਾਰੀਆਂ ਨੂੰ ਪਿੰਡ ਤਲਵੰਡੀ ਮਾਧੋ ਵਿਖੇ ਸਥਾਪਤ ਸੀਚੇਵਾਲ ਮਾਡਲ-2 ਤੇ ਪਿੰਡ ਡੱਲਾ ਸਾਹਿਬ ਵਿਖੇ ਵਿਕਸਤ ਸੀਚੇਵਾਲ ਮਾਡਲ-3 ਦਿਖਾਏ। ਇਨ੍ਹਾਂ ਮਾਡਲਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਪਿੰਡਾਂ ਦੇ ਗੰਦੇ ਪਾਣੀ ਨੂੰ ਸੋਧ ਕੇ ਖੇਤੀਬਾੜੀ ਲਈ ਵਰਤਿਆ ਜਾ ਰਿਹਾ ਹੈ। ਇਸ ਨਾਲ ਨਾ ਸਿਰਫ਼ ਪਾਣੀ ਦੀ ਮੁੜ ਵਰਤੋਂ ਸੰਭਵ ਹੋ ਰਹੀ ਹੈ, ਸਗੋਂ ਛੱਪੜਾਂ ਤੇ ਹੋਰ ਕੁਦਰਤੀ ਜਲ ਸਰੋਤਾਂ ਵਿੱਚ ਗੰਦਾ ਪਾਣੀ ਜਾਣ ਤੋਂ ਰੋਕਣ ਵਿੱਚ ਵੀ ਮਦਦ ਮਿਲ ਰਹੀ ਹੈ। ਇਸ ਦੇ ਨਾਲ ਹੀ ਇਨ੍ਹਾਂ ਥਾਵਾਂ ’ਤੇ ਪਾਰਕ ਵੀ ਵਿਕਸਤ ਕੀਤੇ ਗਏ ਹਨ, ਜੋ ਪਿੰਡਾਂ ਦੇ ਵਾਤਾਵਰਨ ਨੂੰ ਸੁੰਦਰ ਬਣਾਉਣ ਤੇ ਲੋਕਾਂ ਨੂੰ ਸੈਰ-ਸਪਾਟੇ ਲਈ ਸਾਫ਼-ਸੁਥਰਾ ਸਥਾਨ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ ।