ਝੋਨੇ ਦੀ ਖਰੀਦ ਹੋਈ ਬੰਦ, ਬੀਕੇਯੂ ਕਾਦੀਆਂ ਨੇ ਸੜਕ ਕੀਤੀ ਬੰਦ ਕਿਸਾਨਾਂ ਨੂੰ ਨਾਲ ਲੈ ਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਥੇਬੰਦੀ ਵੱਲੋਂ ਸੁਲਤਾਨਪੁਰ-ਕਪੂਰਥਲਾ ਮਾਰਗ ਕੀਤਾ ਗਿਆ ਬੰਦ
Publish Date: Sat, 12 Sep 2026 07:01 PM (IST)
Updated Date: Sat, 12 Sep 2026 07:02 PM (IST)
ਸੁਲਤਾਨਪੁਰ-ਕਪੂਰਥਲਾ ਮਾਰਗ ’ਤੇ ਕਿਸਾਨਾਂ ਲਾਇਆ ਧਰਨਾ ਡੀਐੱਮਓ ਕਪੂਰਥਲਾ ਦੇ ਭਰੋਸੇ ਮਗਰੋਂ ਖੋਲ੍ਹੀ ਸੜਕ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਝੋਨਾ ਲਵਾਈ ਦੀ ਤਰੀਕ 10 ਦਿਨ ਪਹਿਲਾਂ ਦੀ ਦਿੱਤੀ ਗਈ ਸੀ ਤੇ ਖਰੀਦ 10 ਦਿਨ ਲੇਟ ਸ਼ੁਰੂ ਹੋਣ ਕਾਰਨ ਵਿਚਲਾ ਪਾੜਾ ਭਰਿਆ ਨਹੀਂ ਜਾ ਰਿਹਾ। ਯੂਨੀਵਰਸਿਟੀ ਵੱਲੋਂ ਤਸਦੀਕਸ਼ੁਦਾ ਕਿਸਮਾਂ ਜਿਵੇਂ ਪੀਆਰ 126 ਤੇ ਹੋਰ ਕਿਸਮਾਂ ਹੁਣ ਪੱਕ ਕੇ ਤਿਆਰ ਹਨ ਤੇ ਸਬਜ਼ੀ ਬੀਜਣ ਵਾਲੇ ਕਿਸਾਨਾਂ ਵੱਲੋਂ ਉਹ ਝੋਨਾ ਵੱਢ ਕੇ ਮੰਡੀ ’ਚ ਭੇਜਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਸਬਜ਼ੀ ਬੀਜਣ ਦੀ ਤਿਆਰੀ ਕਰਨੀ ਹੈ। ਇਸ ਸਮੇਂ ਸਰਕਾਰੀ ਖਰੀਦ ਨਾ ਚੱਲਣ ਕਾਰਨ ਸੈਲਰਾਂ ਵਾਲਿਆਂ ਵੱਲੋਂ ਪ੍ਰਾਈਵੇਟ ਖਰੀਦ ਕੀਤੀ ਜਾ ਰਹੀ ਸੀ ਪ੍ਰੰਤੂ ਕੱਲ੍ਹ ਅਚਾਨਕ ਪੰਜਾਬ ਸਰਕਾਰ ਤੇ ਸੈਲਰਾਂ ਵਾਲਿਆਂ ਦੀ ਮਿਲੀਭੁਗਤ ਨਾਲ ਇਹ ਖਰੀਦ ਬੰਦ ਕਰ ਦਿੱਤੀ ਗਈ ਤਾਂ ਜੋ ਝੋਨੇ ਦਾ ਜ਼ਿਆਦਾ ਭੰਡਾਰ ਇਕੱਠਾ ਹੋ ਜਾਵੇ ਤੇ ਰੇਟ ਨੂੰ ਘਟਾ ਕੇ ਝੋਨਾ ਖਰੀਦਿਆ ਜਾਵੇ। ਜਦੋਂ ਇਹ ਗੱਲ ਮੰਡੀ ਵਿੱਚ ਝੋਨਾ ਲੈ ਕੇ ਆਏ ਹੋਏ ਕਿਸਾਨਾਂ ਕੋਲ ਪਹੁੰਚੀ ਤਾਂ ਉਹ ਘਬਰਾ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲਾ ਕਾਰਜਕਾਰੀ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਵੀ ਆਪਣਾ ਝੋਨਾ ਵੇਚਣ ਲਈ ਮੰਡੀ ਵਿਚ ਲੈ ਕੇ ਪਹੁੰਚੇ ਤਾਂ ਕਿਸਾਨਾਂ ਨੇ ਤੁਰੰਤ ਇਕੱਠੇ ਹੋ ਕੇ ਉਨ੍ਹਾਂ ਨਾਲ ਮੁਸ਼ਕਿਲ ਸਾਂਝੀ ਕੀਤੀ ਤੇ ਇਸ ਦਾ ਹੱਲ ਲੱਭਣ ਲਈ ਉਪਰਾਲਾ ਕਰਨ ਲਈ ਗਿਆ। ਇਸ ਦੌਰਾਨ ਜਥੇਬੰਦੀ ਨਾਲ ਸਲਾਹ ਕਰਕੇ ਨਾਨਕਪੁਰ ਵੱਲੋਂ ਤੁਰੰਤ ਮਾਰਕੀਟ ਕਮੇਟੀ ਸੈਕਟਰੀ ਤੇ ਡੀਐੱਮਓ ਨਾਲ ਰਾਬਤਾ ਕੀਤਾ ਗਿਆ ਪ੍ਰੰਤੂ ਉਨ੍ਹਾਂ ਨੇ ਸਰਕਾਰ ਦੇ ਦਬਾਅ ਕਾਰਨ ਆਪਣੀ ਅਸਮਰੱਥਤਾ ਜਤਾਈ, ਜਿਸ ’ਤੇ ਤੁਰੰਤ ਕਿਸਾਨਾਂ ਨੂੰ ਨਾਲ ਲੈ ਕੇ ਜਥੇਬੰਦੀ ਵੱਲੋਂ ਸੁਲਤਾਨਪੁਰ-ਕਪੂਰਥਲਾ ਮਾਰਗ ਬੰਦ ਕਰ ਦਿੱਤਾ ਗਿਆ ਤੇ ਜਿਸ ਦੇ ਨਤੀਜੇ ਵੱਲੋਂ ਪੰਜਾਬ ਸਰਕਾਰ ਦੇ ਅਧਿਕਾਰੀ ਹਰਕਤ ਵਿੱਚ ਆਏ ਤੇ ਮਾਰਕੀਟ ਕਮੇਟੀ ਕਪੂਰਥਲਾ ਵੱਲੋਂ ਕਪੂਰਥਲਾ ਮੰਡੀ ਵਿੱਚ ਖਰੀਦ ਚਾਲੂ ਕਰਨ ਦਾ ਭਰੋਸਾ ਦਿੱਤਾ ਗਿਆ, ਜਿਸ ਤੋਂ ਬਾਅਦ ਜਾਮ ਖੋਲਿਆ ਗਿਆ ਤੇ ਡੀਐੱਮਓ ਕਪੂਰਥਲਾ, ਮਾਰਕੀਟ ਕਮੇਟੀ ਵੱਲੋਂ ਰਾਤ ਕਰੀਬ ਸਾਢੇ 8 ਵਜੇ ਮਸਲਾ ਹੱਲ ਕਰਕੇ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ। ਜਥੇਬੰਦੀ ਵੱਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਵਾਅਦੇ ਅਨੁਸਾਰ ਝੋਨੇ ਦੀ ਖਰੀਦ ਚਾਲੂ ਨਾ ਹੋਈ ਤਾਂ ਵੱਡੀ ਪੱਧਰ ਉੱਪਰ ਸੰਘਰਸ਼ ਕੀਤਾ ਜਾਵੇਗਾ। ਯੂਨੀਵਰਸਿਟੀ ਦੀਆਂ ਸਿਫਾਰਿਸ਼ ਦੀਆਂ ਕਿਸਮਾਂ ਜੋ ਕਿ 90-95 ਦਿਨ ਵਿੱਚ ਤਿਆਰ ਹੋ ਜਾਂਦੀਆਂ ਹਨ, ਉਨ੍ਹਾਂ ਅਨੁਸਾਰ ਪੰਜਾਬ ਵਿੱਚ ਝੋਨੇ ਦੀ ਖਰੀਦ ਘੱਟੋ-ਘੱਟ 15 ਸਤੰਬਰ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਦਾ ਝੋਨਾ ਸਹੀ ਸਰਕਾਰੀ ਮੁੱਲ ’ਤੇ ਵਿਕ ਸਕੇ ਨਹੀਂ ਤਾਂ ਕਿਸਾਨਾਂ ਦੀ ਲੁੱਟ ਪ੍ਰਾਈਵੇਟ ਅਦਾਰਿਆਂ ਵੱਲੋਂ ਹੁੰਦੀ ਰਵੇਗੀ। ਇਸ ਮੌਕੇ ਬਖਸ਼ੀਸ਼ ਸਿੰਘ ਮਜ਼ਾਦਪੁਰ, ਕੁਲਵਿੰਦਰ ਸਿੰਘ, ਜਸਕੀਰਤ ਸਿੰਘ, ਸੁਖਦੇਵ ਸਿੰਘ, ਵਰਿੰਦਰ ਸਿੰਘ ਇਕਾਈ ਪ੍ਰਧਾਨ, ਮਨਪ੍ਰੀਤ ਸਿੰਘ, ਨੌਨਿਹਾਲ ਸਿੰਘ, ਲਖਬੀਰ ਸਿੰਘ, ਗੁਲਜ਼ਾਰ ਸਿੰਘ, ਜਸਵੰਤ ਸਿੰਘ, ਦਲਜੀਤ ਸਿੰਘ, ਤਰਨਜੀਤ ਸਿੰਘ, ਸਵਰਨ ਸਿੰਘ ਸਰਪੰਚ, ਬਲਵਿੰਦਰ ਸਿੰਘ, ਤਰਸੇਮ ਸਿੰਘ, ਬਲਬੀਰ ਸਿੰਘ ਖਾਲਸਾ, ਬਹਾਦਰ ਸਿੰਘ, ਬਲਵਿੰਦਰ ਸਿੰਘ, ਦਲਜੀਤ ਸਿੰਘ, ਯਾਦਵਿੰਦਰ ਸਿੰਘ ਪਰਵੇਜ਼ ਨਗਰ ਤੇ ਹੋਰ ਕਿਸਾਨ ਆਗੂ ਹਾਜ਼ਰ ਸਨ।