ਮਾਨ ਸਰਕਾਰ ਸੜਕਾਂ ਦੀ ਦਸ਼ਾ ਤੱਕ ਨਹੀਂ ਸੁਧਾਰ ਸਕੀ : ਖੋਸਲਾ ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਸੜਕਾਂ ਦੀ ਦਸ਼ਾ ਤੱਕ ਨਹੀਂ ਸੁਧਾਰ ਸਕੀ : ਅਰੁਣ ਖੋਸਲਾ
Publish Date: Sat, 03 Oct 2026 07:28 PM (IST)
Updated Date: Sat, 03 Oct 2026 07:28 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸੀਨੀਅਰ ਭਾਜਪਾ ਆਗੂ ਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਫਗਵਾੜਾ ਦੀਆਂ ਖਸਤਾਹਾਲ ਸੜਕਾਂ ਨੂੰ ਲੈ ਕੇ ਸੂਬਾ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਪੰਜ ਸਾਲਾਂ ਵਿੱਚ ਖਸਤਾਹਾਲ ਸੜਕਾਂ ਦੀ ਦਸ਼ਾ ਤੱਕ ਨਹੀਂ ਸੁਧਾਰ ਸਕੀ। ਫਗਵਾੜਾ ਦੀਆਂ ਵੱਖ-ਵੱਖ ਸੜਕਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੈ। ਮੇਹਲੀ ਗੇਟ ਮੇਨ ਬਾਜ਼ਾਰ, ਚੌੜਾ ਖੂਹ ਮੰਦਰ, ਸ਼ਿਵ ਮੰਦਰ ਤਾਲਾਬ ਅਰੋੜੀਆਂ ਵਾਲੀਆਂ ਸੜਕਾਂ, ਬਾਬਾ ਗੱਦੀਆ, ਖਲਵਾੜਾ ਗੇਟ, ਕਟੈਹਰਾ ਬਾਜ਼ਾਰ, ਸ੍ਰੀ ਹਨੂਮਾਨਗੜ੍ਹੀ, ਜੀਟੀ ਰੋਡ ਦੇ ਨੇੜੇ ਸ਼ੂਗਰ ਮਿੱਲ, ਸਿੰਗਲਾ ਮਾਰਕੀਟ ਤੇ ਰੇਲਵੇ ਰੋਡ ਸਮੇਤ ਲਗਭਗ ਸ਼ਹਿਰ ਦੀਆਂ ਸਾਰੀਆਂ ਅੰਦਰੂਨੀ ਅਤੇ ਬਾਹਰੀ ਸੜਕਾਂ ਖਸਤਾਹਾਲ ਹਨ, ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੰਬੇ ਇੰਤਜ਼ਾਰ ਤੋਂ ਬਾਅਦ ਭਾਵੇਂ ਬੰਗਾ ਰੋਡ ਦੀ ਸੜਕ ਹੁਣ ਬਣਾ ਦਿੱਤੀ ਗਈ ਹੈ ਪਰ ਇਸ ਦੇ ਕਿਨਾਰਿਆਂ ’ਤੇ ਮਿੱਟੀ ਨਹੀਂ ਪਾਈ ਗਈ। ਇਸ ਕਾਰਨ ਬਰਸਾਤੀ ਪਾਣੀ ਦੇ ਜਮਾਂ ਹੋਣ ਨੂੰ ਲੈ ਕੇ ਦੁਕਾਨਦਾਰ ਤੇ ਰਾਹਗੀਰ ਦੋਵੇਂ ਪਰੇਸ਼ਾਨ ਹੋ ਰਹੇ ਹਨ। ਦੁਕਾਨਦਾਰਾਂ ਨੂੰ ਖੁਦ ਪੈਸੇ ਖਰਚ ਕਰਕੇ ਹੇਠਾਂ ਰਹਿ ਗਏ ਕਿਨਾਰਿਆਂ ’ਤੇ ਮਿੱਟੀ ਤੇ ਰੋੜੀ ਪਵਾ ਕੇ ਉਨ੍ਹਾਂ ਨੂੰ ਉੱਚਾ ਕਰਵਾਉਣਾ ਪੈ ਰਿਹਾ ਹੈ। ਖੋਸਲਾ ਨੇ ਕਿਹਾ ਕਿ ਸ਼ਹਿਰ ਦੀਆਂ ਸਟਰੀਟ ਲਾਈਟਾਂ ਤੋਂ ਲੈ ਕੇ ਪੀਣ ਵਾਲੇ ਪਾਣੀ ਤੱਕ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰਵਾਇਆ ਜਾ ਸਕਿਆ। ਗਉਸ਼ਾਲਾ ਬਾਜਾਰ ਦੀ ਬਰਸਾਤੀ ਪਾਣੀ ਦੀ ਸਮੱਸਿਆ ਦੇ ਪੱਕੇ ਹੱਲ ਦਾ ਵਾਅਦਾ ਵੀ ਹਵਾ-ਹਵਾਈ ਬਣ ਕੇ ਰਹਿ ਗਿਆ। ਇੱਥੋਂ ਤੱਕ ਕਿ ਵੱਡੇ-ਵੱਡੇ ਗੰਦਗੀ ਦੇ ਢੇਰ ਸ਼ਹਿਰ ਦੀ ਸਫਾਈ ਵਿਵਸਥਾ ’ਤੇ ਬਦਨੁਮਾ ਦਾਗ ਬਣ ਚੁੱਕੇ ਹਨ। ਅੰਦਰੂਨੀ ਆਬਾਦੀ ਵਾਲੇ ਖੇਤਰਾਂ, ਪਾਰਕਾਂ, ਸਕੂਲਾਂ ਤੇ ਧਾਰਮਿਕ ਸਥਾਨਾਂ ਦੇ ਨੇੜੇ ਬਣੇ ਕੂੜੇ ਦੇ ਡੰਪ ਚੁਕਵਾ ਕੇ ਲੋਕਾਂ ਨੂੰ ਰਾਹਤ ਦੇਣ ਵਿੱਚ ਵੀ ਇਹ ਸਰਕਾਰ ਬੁਰੀ ਤਰ੍ਹਾਂ ਅਸਫਲ ਰਹੀ ਹੈ। ਸਾਬਕਾ ਮੇਅਰ ਖੋਸਲਾ ਨੇ ਕਿਹਾ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਫਗਵਾੜਾ ਦੇ ਇਹ ਮੁੱਦੇ ਆਮ ਆਦਮੀ ਪਾਰਟੀ ਲਈ ਵੱਡੀ ਸਿਰਦਰਦੀ ਬਣਨਗੇ, ਕਿਉਂਕਿ ਲੋਕ ‘ਆਪ’ ਪਾਰਟੀ ਤੋਂ ਆਪਣੀਆਂ ਸਮੱਸਿਆਵਾਂ ਦਾ ਹੱਲ ਨਾ ਹੋਣ ਨੂੰ ਲੈ ਕੇ ਜੋ ਸਵਾਲ ਪੁੱਛਣਗੇ, ਉਨ੍ਹਾਂ ਦਾ ਜਵਾਬ ਦੇਣਾ ‘ਆਪ’ ਪਾਰਟੀ ਲਈ ਸੰਭਵ ਨਹੀਂ ਹੋਵੇਗਾ।