ਬੇਗ਼ਮਪੁਰਾ ਖਾਲਸਾ ਪੰਥਕ ਕਾਨਫਰੰਸ ਇਤਿਹਾਸ ਸਿਰਜੇਗੀ : ਡਾ.ਜੱਖੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ 6 ਦਸੰਬਰ ਨੂੰ ਟਾਂਡਾ ਉੜਮੁੜ ਵਿਖੇ ਕੀਤੀ ਜਾ ਰਹੀ ਬੇਗ਼ਮਪੁਰਾ ਖਾਲਸਾ ਪੰਥਕ ਕਾਨਫਰੰਸ ਇਤਿਹਾਸ ਸਿਰਜੇਗੀ- ਡਾ.ਜੱਖੂ
Publish Date: Fri, 27 Nov 2026 07:37 PM (IST)
Updated Date: Fri, 27 Nov 2026 07:40 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 6 ਦਸੰਬਰ ਨੂੰ ਟਾਂਡਾ ਉੜਮੁੜ ਵਿਖੇ ਬੇਗ਼ਮਪੁਰਾ ਖਾਲਸਾ ਪੰਥਕ ਕਾਨਫਰੰਸ ਨੂੰ ਸਫ਼ਲ ਬਣਾਉਣ ਲਈ ਪਾਰਟੀ ਵਰਕਰਾਂ ਤੇ ਆਹੁਦੇਦਾਰਾ ਦੀ ਵਿਸ਼ੇਸ਼ ਮੀਟਿੰਗ ਜੱਖੂ ਹਸਪਤਾਲ ਚਾਹਲ ਨਗਰ ਫਗਵਾੜਾ ਵਿਖੇ ਪਾਰਟੀ ਦੇ ਮੁੱਖ ਬੁਲਾਰੇ, ਦੋਆਬਾ ਜ਼ੋਨ ਦੇ ਇੰਚਾਰਜ ਤੇ ਭਦੌੜ ਤੋਂ ਉਮੀਦਵਾਰ ਡਾ. ਹਰਜਿੰਦਰ ਸਿੰਘ ਜੱਖੂ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਡਾ. ਜੱਖੂ ਨੇ ਵਰਕਰਾਂ ਤੇ ਆਗੂਆਂ ਨੂੰ ਅਪੀਲ ਕੀਤੀ ਕਿ ਸਾਰੇ ਆਗੂ ਆਪਣੇ-ਆਪਣੇ ਹਲਕੇ ਵਿੱਚੋਂ ਬੱਸਾਂ ਭਰ ਕੇ ਕਾਫਲਿਆ ਦੇ ਰੂਪ ਵਿੱਚ ਟਾਂਡਾ ਉੜਮੁੜ ਦੀ ਕਾਨਫਰੰਸ ਵਿੱਚ ਸ਼ਾਮਲ ਹੋਣ। ਮੀਟਿੰਗ ਉਪਰੰਤ ਡਾ. ਹਰਜਿੰਦਰ ਸਿੰਘ ਜੱਖੂ ਨੇ ਗੱਲਬਾਤ ਕਰਦਿਆ ਦੱਸਿਆ ਕਿ ਬੇਗ਼ਮਪੁਰਾ ਖਾਲਸਾ ਪੰਥਕ ਕਾਨਫਰੰਸ ਵਿੱਚ ਮੁੱਖ ਮਹਿਮਾਨ ਵਜੋਂ ਪਾਰਟੀ ਦੇ ਕੌਮੀ ਪ੍ਰਧਾਨ ਤੇ ਸਿੱਖ ਕੌਮ ਦੇ ਨਿਧੱੜਕ ਜਰਨੈਲ ਸਿਮਰਨਜੀਤ ਸਿੰਘ ਮਾਨ ਸ਼ਾਮਲ ਹੋਣਗੇ, ਜਦਕਿ ਕਾਰਜਕਾਰਨੀ ਪ੍ਰਧਾਨ ਇਮਾਨ ਸਿੰਘ ਮਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਡਾ. ਜੱਖੂ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਬੇਗ਼ਮਪੁਰਾ ਖਾਲਸਾ ਪੰਥਕ ਕਾਨਫਰੰਸ ਦੌਰਾਨ ਨਸ਼ਿਆਂ ਵਿਰੁੱਧ ਜੇਹਾਦ ਛੇੜਨ ਦਾ ਐਲਾਨ ਵੀ ਕਰਨਗੇ ਤੇ ਪਾਰਟੀ ਵੱਲੋਂ ਆਗਾਮੀ ਚੋਣਾਂ ਲਈ ਮੈਨੀਫੈਸਟੋ ਜਾਰੀ ਕਰਨਗੇ ਤੇ ਉਮੀਦਵਾਰਾਂ ਦਾ ਐਲਾਨ ਵੀ ਕਰਨਗੇ। ਡਾ. ਜੱਖੂ ਨੇ ਕਿਹਾ ਕਿ ਬੇਗ਼ਮਪੁਰਾ ਖਾਲਸਾ ਪੰਥਕ ਕਾਨਫਰੰਸ ਨਵਾਂ ਇਤਿਹਾਸ ਸਿਰਜੇਗੀ ਤੇ ਪੰਜਾਬ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਮੁੱਢ ਬੰਨੇਗੀ। ਇਸ ਮੌਕੇ ਇੰਜ. ਹੈਪੀ ਕੌਲ ਇੰਚਾਰਜ ਵਿਧਾਨ ਸਭਾ ਹਲਕਾ ਫਗਵਾੜਾ, ਦਵਿੰਦਰ ਸਿੰਘ ਖਾਲਸਾ, ਬੀਬੀ ਸੁਖਜੀਤ ਕੌਰ ਭਬਿਆਣਾ, ਜਸਵੀਰ ਸਿੰਘ, ਦੀਪਾ ਰਾਵਲਪਿੰਡੀ, ਜੱਸੀ ਕੋਟਰਾਣੀ, ਰਾਜੇਸ਼ ਕੁਮਾਰ ਲਵੀ ਪੰਚ, ਬਲਜੀਤ ਕੌਰ ਅੰਬੇਡਕਰੀ ਆਦਿ ਤੋਂ ਇਲਾਵਾ ਪਾਰਟੀ ਵਰਕਰ ਤੇ ਇਨਸਾਫ਼ ਪਸੰਦ ਲੋਕ ਹਾਜ਼ਰ ਸਨ।