ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਸ਼ਰਮਨਾਕ ਘਟਨਾ : ਘੇੜਾ ਬਹੁਜਨ ਸੰਘਰਸ਼ ਆਰਗੇਨਾਈਜੇਸ਼ਨ ਨੇ ਲੁਧਿਆਣਾ ਵਿਖੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਬੇਅਦਬੀ ਦੀ ਘਟਨਾ ਦੀ ਕੀਤੀ ਨਿੰਦਿਆ
Publish Date: Thu, 10 Sep 2026 06:44 PM (IST)
Updated Date: Thu, 10 Sep 2026 06:46 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਬਹੁਜਨ ਸੰਘਰਸ਼ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਚੇਅਰਮੈਨ ਤੇ ਸਮਾਜ ਸੇਵਕ ਰਜਿੰਦਰ ਘੇੜਾ, ਧਰਮਿੰਦਰ ਸਿੰਘ ਭੁੱਲਾਰਾਈ ਸੀਨੀਅਰ ਆਗੂ, ਮੌਂਟੀ ਮਹਿਮੀ ਸਮਾਜ ਸੇਵਕ, ਸੁਰਿੰਦਰ ਰਾਵਲਪਿੰਡੀ ਤੇ ਗੌਰਵ ਰੱਤੀ ਨੇ ਲੁਧਿਆਣਾ ਦੇ ਜਲੰਧਰ ਬਾਈਪਾਸ ਚੌਂਕ ਵਿਖੇ ਭਾਰਤੀ ਸੰਵਿਧਾਨ ਨਿਰਮਾਤਾ, ਨਾਰੀ ਜਾਤੀ ਦੇ ਮੁਕਤੀਦਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਕੀਤੀ ਗਈ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਕਤ ਆਗੂਆਂ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਬੁੱਤ ਨਾਲ ਇਸ ਤਰ੍ਹਾਂ ਦੀ ਘਟਨਾ ਬੇਹੱਦ ਮੰਦਭਾਗੀ, ਸ਼ਰਮਨਾਕ ਤੇ ਬਾਬਾ ਸਾਹਿਬ ਜੀ ਦੇ ਪੈਰੋਕਾਰਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ। ਉਨ੍ਹਾਂ ਕਿਹਾ ਬਹੁਜਨ ਸੰਘਰਸ਼ ਆਰਗੇਨਾਈਜੇਸ਼ਨ ਆਫ ਇੰਡੀਆ ਬਾਬਾ ਸਾਹਿਬ ਜੀ ਦੇ ਬੁੱਤਾਂ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਦੀ ਪ੍ਰਸ਼ਾਸਨ ਨੂੰ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਇਸ ਘਟਨਾ ਦੇ ਪਿੱਛੇ ਅਸਲ ਸਾਜ਼ਿਸ਼ ਜਾਂ ਮਨਸ਼ਾ ਕੀ ਸੀ, ਇਹ ਲੋਕਾਂ ਦੇ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ। ਘੇੜਾ, ਭੁੱਲਾਰਾਈ, ਮਹਿਮੀ, ਰਾਵਲਪਿੰਡੀ ਤੇ ਰੱਤੀ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਤੇ ਹਰ ਵਰਗ ਦੇ ਸਨਮਾਨ ਨੂੰ ਕਾਇਮ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਬਾਬਾ ਸਾਹਿਬ ਅੰਬੇਡਕਰ ਜੀ ਦੀ ਫੋਟੋ ਸਰਕਾਰੀ ਦਫ਼ਤਰਾਂ ਵਿੱਚ ਲਗਾਉਣ ਤੱਕ ਸੀਮਤ ਹੈ, ਜਦ ਕਿ ਜੋ ਸਨਮਾਨ ਬਾਬਾ ਸਾਹਿਬ ਜੀ ਨੂੰ ਦੇਣਾ ਚਾਹੀਦਾ ਸੀ, ਉਸ ਵਿੱਚ ਸਰਕਾਰ ਬੁਰੀ ਤਰ੍ਹਾ ਫੇਲ੍ਹ ਸਾਬਤ ਹੋਈ ਹੈ। ੳਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ’ਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਬੰਦ ਕਰੇ, ਜੇਕਰ ਸਰਕਾਰ ਨੇ ਬਾਬਾ ਸਾਹਿਬ ਜੀ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਬਹੁਜਨ ਸਮਾਜ ਸੜਕਾਂ ਤੇ ਉੱਤਰ ਕੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ। ਉਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਪੰਜਾਬ ਅੰਦਰ ਜਿੱਥੇ ਵੀ ਬਾਬਾ ਸਾਹਿਬ ਜੀ ਦੇ ਸਟੈਚੂ ਲੱਗੇ ਹਨ, ਉੱਥੇ ਸੀਸੀਟੀਵੀ ਕੈਮਰੇ ਲਗਾਏ ਜਾਣ।