ਨਹਾਏ-ਖਾਏ ਦੀ ਰਸਮ ਨਾਲ ਛੱਠ ਮਹਾਪਰਵ ਸ਼ੁਰੂ ਨਹਾਏ-ਖਾਏ ਦੀ ਰਸਮ ਨਾਲ ਛੱਠ ਮਹਾਪਰਵ ਦਾ ਸ਼ੁਭ ਆਰੰਭ
Publish Date: Fri, 13 Nov 2026 06:38 PM (IST)
Updated Date: Fri, 13 Nov 2026 06:39 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਲੋਕ ਆਸਥਾ ਦਾ ਮਹਾਪਰਵ ਛੱਠ ਸ਼ੁੱਕਰਵਾਰ, 13 ਨਵੰਬਰ ਨੂੰ ਨਹਾਏ-ਖਾਏ ਦੀ ਪਰੰਪਰਾ ਨਾਲ ਸ਼ੁਰੂ ਹੋ ਗਿਆ। ਇਸ ਮੌਕੇ ਸ਼ਰਧਾਲੂਆਂ ਨੇ ਪੂਰੀ ਵਿਧੀ-ਵਿਧਾਨ ਤੇ ਸ਼ਰਧਾ ਨਾਲ ਛੱਠ ਪੂਜਾ ਦਾ ਸ਼ੁਭ ਆਰੰਭ ਕੀਤਾ। ਛੱਠ ਮਹਾਪਰਵ ਦੇ ਪਹਿਲੇ ਦਿਨ ਨਹਾਏ-ਖਾਏ ਦੀ ਵਿਸ਼ੇਸ਼ ਮਹੱਤਤਾ ਹੁੰਦੀ ਹੈ। ਇਸ ਦਿਨ ਵਰਤ ਰੱਖਣ ਵਾਲੇ ਪਰਿਵਾਰ ਦੇ ਮੈਂਬਰ ਸਵੇਰੇ ਜਲਦੀ ਉੱਠ ਕੇ ਸਭ ਤੋਂ ਪਹਿਲਾਂ ਘਰ ਦੀ ਸਾਫ਼-ਸਫ਼ਾਈ ਕਰਦੇ ਹਨ ਤੇ ਇਸ਼ਨਾਨ ਕਰਕੇ ਘਰ ਨੂੰ ਪਵਿੱਤਰ ਕਰਦੇ ਹਨ। ਇਸ ਤੋਂ ਬਾਅਦ ਪੂਰੀ ਪਵਿੱਤਰਤਾ ਤੇ ਸਾਤਵਿਕਤਾ ਦਾ ਧਿਆਨ ਰੱਖਦਿਆਂ ਪ੍ਰਸ਼ਾਦ ਵਜੋਂ ਚਾਵਲ, ਅਰਹਰ ਦੀ ਦਾਲ, ਦਹੀ ਤੇ ਲੌਕੀ ਦੀ ਸਬਜ਼ੀ ਤਿਆਰ ਕੀਤੀ ਜਾਂਦੀ ਹੈ। ਭੋਜਨ ਤਿਆਰ ਕਰਨ ਤੋਂ ਬਾਅਦ ਭਗਵਾਨ ਦੀ ਪੂਜਾ-ਅਰਚਨਾ ਕੀਤੀ ਜਾਂਦੀ ਹੈ ਤੇ ਭੋਗ ਲਗਾਉਣ ਉਪਰੰਤ ਪਰਿਵਾਰ ਦੇ ਸਾਰੇ ਮੈਂਬਰ ਪ੍ਰਸ਼ਾਦ ਗ੍ਰਹਿਣ ਕਰਦੇ ਹਨ। ਛੱਠ ਪੂਜਾ ਵਿੱਚ ਸਫ਼ਾਈ, ਸੰਜਮ, ਪਵਿੱਤਰਤਾ ਤੇ ਕੁਦਰਤ ਪ੍ਰਤੀ ਆਸਥਾ ਦਾ ਵਿਸ਼ੇਸ਼ ਮਹੱਤਵ ਹੈ। ਇਸ ਮੌਕੇ ਪੰਜਾਬ ਇੰਟਕ ਦੇ ਉਪ ਪ੍ਰਧਾਨ ਸੁਨੀਲ ਪਾਂਡੇ ਨੇ ਦੱਸਿਆ ਕਿ ਛੱਠ ਮਹਾਪਰਵ ਬਿਹਾਰ, ਝਾਰਖੰਡ ਤੇ ਪੂਰਵਾਂਚਲ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਹੁਣ ਪੰਜਾਬ ਵਿੱਚ ਵੀ ਇਸ ਤਿਉਹਾਰ ਨੂੰ ਲੈ ਕੇ ਲੋਕਾਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਹ ਤਿਉਹਾਰ ਪਰਿਵਾਰ ਦੀ ਸੁੱਖ-ਸਮ੍ਰਿੱਧੀ, ਸੰਤਾਨ ਦੀ ਖੁਸ਼ਹਾਲੀ ਤੇ ਚੰਗੀ ਸਿਹਤ ਦੀ ਕਾਮਨਾ ਲਈ ਮਨਾਇਆ ਜਾਂਦਾ ਹੈ। ਇਸ ਮੌਕੇ ਬਸੰਤੀ ਦੇਵੀ, ਚੰਦਨ ਪਾਂਡੇ, ਅੰਕੇਸ਼ ਪਾਂਡੇ, ਮੰਜੂ ਕੁਮਾਰੀ, ਜੋਤੀ ਕੁਮਾਰੀ, ਵਿਸ਼ਨੂੰ ਪਾਂਡੇ ਤੇ ਸਮਰਥ ਕੁਮਾਰ ਸਮੇਤ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਰਹੇ। ਸਾਰਿਆਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਛੱਠ ਮਹਾਪਰਵ ਦੀਆਂ ਤਿਆਰੀਆਂ ਵਿੱਚ ਹਿੱਸਾ ਲਿਆ।