ਜਾਂਦੇ ਮੌਸਮ ਦੌਰਾਨ ਸਾਵਧਾਨੀ ਵਰਤਣ ਦੀ ਲੋੜ : ਡਾ. ਬਸਰਾ ਗਰਮੀ ਦਾ ਮੌਸਮ ਆਉਂਦਾ ਵੀ ਮਾੜਾ ਤੇ ਜਾਂਦਾ ਵੀ ਮਾੜਾ, ਸਾਵਧਾਨੀ ਵਰਤਣ ਦੀ ਲੋੜ : ਡਾ. ਵੀਰ ਸਿੰਘ ਬਸਰਾ
Publish Date: Sun, 30 Aug 2026 07:47 PM (IST)
Updated Date: Sun, 30 Aug 2026 07:49 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਗਰਮੀ ਦਾ ਮੌਸਮ ਜਿੱਥੇ ਆਪਣੇ ਸ਼ੁਰੂਆਤੀ ਦੌਰ ਵਿੱਚ ਲੋਕਾਂ ਲਈ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਲੈ ਕੇ ਆਉਂਦਾ ਹੈ, ਉੱਥੇ ਹੀ ਮੌਸਮ ਦੇ ਅੰਤਲੇ ਪੜਾਅ ਵਿੱਚ ਵੀ ਸਿਹਤ ਪ੍ਰਤੀ ਲਾਪਰਵਾਹੀ ਭਾਰੀ ਪੈ ਸਕਦੀ ਹੈ। ਇਸ ਲਈ ਗਰਮੀ ਦੇ ਜਾਂਦੇ ਮੌਸਮ ਦੌਰਾਨ ਵੀ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਪੂਰੀ ਸਾਵਧਾਨੀ ਵਰਤਣ ਦੀ ਲੋੜ ਹੈ। ਇਹ ਪ੍ਰਗਟਾਵਾ ਡਾ. ਵੀਰ ਸਿੰਘ ਬਸਰਾ ਤੇ ਡਾ. ਜਤਿੰਦਰ ਸਿੰਘ ਪਰਹਾਰ ਨੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਿਆਣੇ ਹਮੇਸ਼ਾ ਆਖਦੇ ਸਨ ਕਿ ਗਰਮੀ ਦਾ ਮੌਸਮ ਆਉਂਦਾ ਵੀ ਮਾੜਾ ਤੇ ਜਾਂਦਾ ਵੀ ਮਾੜਾ ਹੁੰਦਾ ਹੈ। ਹੁਣ ਗਰਮੀ ਆਪਣੇ ਪੂਰੇ ਜੋਬਨ ਤੋਂ ਬਾਅਦ ਹੌਲੀ-ਹੌਲੀ ਢਲਣ ਲੱਗੀ ਹੈ, ਪਰ ਇਸ ਬਦਲਦੇ ਮੌਸਮ ਦੌਰਾਨ ਤਾਪਮਾਨ ਵਿੱਚ ਉਤਾਰ-ਚੜ੍ਹਾਅ ਤੇ ਖਾਣ-ਪੀਣ ਵਿੱਚ ਲਾਪਰਵਾਹੀ ਕਾਰਨ ਲੋਕਾਂ ਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡਾ. ਬਸਰਾ ਤੇ ਡਾ. ਪਰਹਾਰ ਨੇ ਕਿਹਾ ਕਿ ਗਰਮੀ ਦੇ ਅੰਤਲੇ ਦਿਨਾਂ ਵਿੱਚ ਲੋਕਾਂ ਨੂੰ ਖਾਸ ਕਰਕੇ ਸਾਫ਼ ਤੇ ਉਬਲਿਆ ਜਾਂ ਸੁਰੱਖਿਅਤ ਪਾਣੀ ਪੀਣ, ਬਾਹਰ ਦਾ ਖਾਣਾ ਖਾਣ ਤੋਂ ਪਰਹੇਜ਼ ਕਰਨ, ਤਾਜ਼ਾ ਤੇ ਹਲਕਾ ਭੋਜਨ ਲੈਣ ਤੇ ਨਿੱਜੀ ਸਫ਼ਾਈ ਦਾ ਧਿਆਨ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੌਸਮ ਬਦਲਣ ਸਮੇਂ ਬੱਚਿਆਂ, ਬਜ਼ੁਰਗਾਂ ਤੇ ਕਮਜ਼ੋਰ ਸਿਹਤ ਵਾਲੇ ਵਿਅਕਤੀਆਂ ਪ੍ਰਤੀ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਾਂਦੀ ਹੋਈ ਗਰਮੀ ਆਪਣੇ ਪਿੱਛੇ ਕਈ ਤਰ੍ਹਾਂ ਦੀਆਂ ਮੌਸਮੀ ਬਿਮਾਰੀਆਂ ਦਾ ਪ੍ਰਭਾਵ ਛੱਡ ਸਕਦੀ ਹੈ, ਇਸ ਲਈ ਕਿਸੇ ਵੀ ਤਰ੍ਹਾਂ ਦੀ ਸਿਹਤ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਸਮੇਂ ਸਿਰ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਡਾ. ਜਤਿੰਦਰ ਸਿੰਘ ਪਰਹਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੌਸਮ ਬਦਲਣ ਦੇ ਇਸ ਦੌਰ ਵਿੱਚ ਸਿਹਤ ਪ੍ਰਤੀ ਲਾਪਰਵਾਹੀ ਨਾ ਵਰਤੀ ਜਾਵੇ ਤੇ ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਦੀ ਸੁਰੱਖਿਆ ਲਈ ਜ਼ਰੂਰੀ ਸਾਵਧਾਨੀਆਂ ਜ਼ਰੂਰ ਅਪਣਾਈਆਂ ਜਾਣ।