ਸੰਤ ਪ੍ਰਣਪਾਲ ਸਿੰਘ ਸਕੂਲ ’ਚ ਸਾਲਾਨਾ ਸਮਾਰੋਹ ਕਰਵਾਇਆ ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਬੜੀ ਧੂਮਧਾਮ ਨਾਲ ਮਨਾਇਆ ਗਿਆ
Publish Date: Sat, 21 Nov 2026 09:00 PM (IST)
Updated Date: Sat, 21 Nov 2026 09:04 PM (IST)
ਅੰਮ੍ਰਿਤਪਾਲ ਬਾਜਵਾ ਪੰਜਾਬੀ ਜਾਗਰਣ ਬੇਗੋਵਾਲ : ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ, ਬੇਗੋਵਾਲ ਦੇ ਵਿਹੜੇ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਬੜੇ ਉਤਸ਼ਾਹ ਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਮੌਕੇ ਐੱਸਡੀਐੱਮ ਕਪੂਰਥਲਾ ਡਾ. ਇਰਵਿਨ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਵਿੱਚ ਚਾਰ ਚੰਨ ਲਗਾ ਦਿੱਤੇ। ਇਸ ਸਮਾਗਮ ਵਿੱਚ ਨਗਰ ਪੰਚਾਇਤ ਬੇਗੋਵਾਲ ਦੇ ਪ੍ਰਧਾਨ ਦਲਜੀਤ ਕੌਰ, ਕਸਬਾ ਬੇਗੋਵਾਲ ਦੇ ਐੱਮਸੀ ਬੂਟਾ ਸਿੰਘ, ਬਲਕਾਰ ਸਿੰਘ, ਕਮਲਜੀਤ ਸਿੰਘ, ਮਨਪ੍ਰੀਤ ਕੌਰ ਹੁੰਦਲ, ਪ੍ਰੋ. ਜਸਵੰਤ ਸਿੰਘ, ਰੋਟਰੀ ਕਲੱਬ ਦੇ ਪ੍ਰਧਾਨ ਮਹਾਨੰਦ ਮਹਿਤਾ ਤੇ ਮੈਂਬਰ ਡਾ. ਤਰਸੇਮ ਸਿੰਘ, ਮਲਕੀਤ ਸਿੰਘ ਲੁਬਾਣਾ, ਲਖਵਿੰਦਰ ਸਿੰਘ, ਕੁਲਦੀਪ ਕੁਮਾਰ ਬੱਬੂ, ਸਤਵਿੰਦਰ ਸਿੰਘ ਬੱਸੀ, ਹੈੱਡਮਾਸਟਰ ਗੁਰਦੇਵ ਸਿੰਘ, ਸੁਰਿੰਦਰ ਸੇਠੀ, ਇਲਾਕੇ ਦੇ ਪਤਵੰਤੇ ਸੱਜਣ ਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਜਸਬੀਰ ਸਿੰਘ ਤੇ ਪ੍ਰਿੰਸੀਪਲ ਦਾਮਿਨੀ ਸ਼ਰਮਾ ਵੱਲੋਂ ਮੁੱਖ ਮਹਿਮਾਨ ਤੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਰਸਮੀ ਤੌਰ ਤੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਇਸ ਉਪਰੰਤ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਪੂਰੇ ਆਤਮ-ਵਿਸ਼ਵਾਸ ਤੇ ਸੁਚੱਜੇ ਢੰਗ ਨਾਲ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਪ੍ਰਾਇਮਰੀ ਤੋਂ ਲੈ ਕੇ ਸੀਨੀਅਰ ਜਮਾਤਾਂ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਰਾਜਾਂ ਦੇ ਲੋਕ ਨਾਚ, ਸੁਰੀਲੇ ਸਮੂਹ ਗਾਣ, ਸਮਾਜਿਕ ਕੁਰੀਤੀਆਂ ਵਿਰੁੱਧ ਜਾਗਰੂਕਤਾ ਫੈਲਾਉਂਦੀਆਂ ਸਾਰਥਕ ਸਕਿੱਟਾਂ ਤੇ ਜੋਸ਼ ਭਰਪੂਰ ਗਿੱਧਾ-ਭੰਗੜਾ ਜਿਹੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਤਾੜੀਆਂ ਦੀ ਗੂੰਜ ਨਾਲ ਪੰਡਾਲ ਨੂੰ ਗੂੰਜਣ ਲਾ ਦਿੱਤਾ। ਮੁੱਖ ਮਹਿਮਾਨ ਡਾ. ਇਰਵਿਨ ਕੌਰ (ਪੀ. ਸੀ.ਐੱਸ.) ਨੇ ਆਪਣੇ ਸੰਬੋਧਨ ਦੌਰਾਨ ਬੱਚਿਆਂ ਦੀ ਪ੍ਰਤਿਭਾ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ, ਸਖ਼ਤ ਮਿਹਨਤ ਕਰਨ ਤੇ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਪੜ੍ਹਾਈ, ਖੇਡਾਂ ਤੇ ਅੰਤਰ-ਸਕੂਲ ਮੁਕਾਬਲਿਆਂ ਵਿੱਚ ਮੱਲਾਂ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਤੇ ਪ੍ਰਬੰਧਕਾਂ ਵੱਲੋਂ ਟਰਾਫੀਆਂ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਜਸਬੀਰ ਸਿੰਘ ਤੇ ਪ੍ਰਿੰਸੀਪਲ ਦਾਮਿਨੀ ਸ਼ਰਮਾ ਨੇ ਪਤਵੰਤੇ ਮਹਿਮਾਨਾਂ ਤੇ ਮਾਪਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।