ਅਕਾਲ ਗਰੁੱਪ ਨੇ ਮਨਾਈ ਸੰਤ ਕਰਤਾਰ ਸਿੰਘ ਜੀ ਦੀ ਸਲਾਨਾ ਬਰਸੀ ਅਕਾਲ ਗਰੁੱਪ ਵੱਲੋਂ ਸੰਤ ਕਰਤਾਰ ਸਿੰਘ ਜੀ ਦੀ ਸਲਾਨਾ ਬਰਸੀ ਮਨਾਈ ਗਈ
Publish Date: Mon, 19 Oct 2026 10:27 PM (IST)
Updated Date: Mon, 19 Oct 2026 10:30 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ ਦੇ ਪ੍ਰਬੰਧਕਾਂ ਵੱਲੋਂ ਹਰ ਸਾਲ ਦੀ ਤਰਾਂ ਸੰਤ ਕਰਤਾਰ ਸਿੰਘ ਜੀ ਕਾਰ ਸੇਵਾ ਦਮਦਮਾ ਸਾਹਿਬ ਠੱਟਾ ਵਾਲਿਆਂ ਦੀ ਸਲਾਨਾ ਬਰਸੀ ਨੂੰ ਸਮਰਪਿਤ ਸਲਾਨਾ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। 17 ਅਕਤੂਬਰ ਦਿਨ ਸ਼ਨੀਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕਰਵਾਏ ਗਏ ਸਨ ਜਿਨ੍ਹਾਂ ਦੇ ਨਿਰਵਿਗਨਤਾ ਸਾਹਿਤ ਅੱਜ ਭੋਗ ਪਾਏ ਗਏ। ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਤੋਂ ਭੋਗ ਤੱਕ ਸਮੂਹ ਵਿਦਿਆਰਥੀਆਂ ਤੇ ਸਟਾਫ਼ ਨੇ ਸੇਵਾ ਦਾ ਭਰਪੂਰ ਲਾਭ ਉਠਾਇਆ। ਭੋਗ ਉਪਰੰਤ ਅਕਾਲ ਗਰੁੱਪ ਦੇ ਸਕੂਲ ਅਕਾਲ ਅਕੈਡਮੀ ਇੰਟਰਨੈਸ਼ਨਲ, ਅਕਾਲ ਗਲੈਕਸੀ ਕਾਨਵੈਂਟ ਸਕੂਲ (ਸੁਲਤਾਨਪੁਰ ਲੋਧੀ ), ਅਕਾਲ ਗਲੈਕਸੀ ਕਾਨਵੈਂਟ ਸਕੂਲ (ਲੋਹੀਆਂ ਖ਼ਾਸ ) ਦੇ ਵਿਦਿਆਰਥੀਆਂ ਦੁਆਰਾ ਆਤਮਰਸ ਗੁਰਬਾਣੀ ਦਾ ਸ਼ਬਦ ਕੀਰਤਨ ਕੀਤਾ ਗਿਆ। ਮੈਡਮ ਸਿਮਰਨ ਕੌਰ ਨੇ ਵੀ ਰਸਮਈ ਕੀਰਤਨ ਦੁਆਰਾ ਪ੍ਰਮਾਤਮਾ ਦਾ ਨਾਮ ਲਿਆ। ਮੰਚ ਸੰਚਾਲਨ ਦੀ ਭੂਮਿਕਾ ਜਗਪ੍ਰੀਤ ਕੌਰ ਨੇ ਨਿਭਾਈ। ਇਸ ਮੌਕੇ ਗੁਰੂ ਕੇ ਲੰਗਰ ਵੀ ਸਜਾਏ ਗਏ। ਸਮੂਹ ਵਿਦਿਆਰਥੀਆਂ ਤੇ ਸਟਾਫ ਨੇ ਗੁਰੂ ਕੇ ਲੰਗਰ ਤਿਆਰ ਕਰਨ ਲਈ ਸੇਵਾ ਕੀਤੀ ਤੇ ਲੰਗਰ ਛਕਿਆ। ਵਿਦਿਆਰਥੀਆਂ, ਅਧਿਆਪਕਾਂ ਤੇ ਸਕੂਲ ਦੇ ਸਮੂਹ ਕਰਮਚਾਰੀਆਂ ਨੇ ਗੁਰੂ ਕੇ ਲੰਗਰ ਤਿਆਰ ਕਰਵਾ ਕੇ ਗੁਰੂ ਘਰ ਦੀ ਸੇਵਾ ਦਾ ਲਾਹਾ ਉਠਾਇਆ। ਇਸ ਮੌਕੇ ਅਕਾਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ ਨੇ ਅਕਾਲ ਗਰੁੱਪ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਵਾਈ। ਵਾਈਸ ਪ੍ਰੈਸੀਡੈਂਟ ਕੁਲਵਿੰਦਰ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਪ੍ਰਿੰਸੀਪਲ ਗਗਨਦੀਪ ਕੌਰ, ਅਕਾਲ ਗਲੈਕਸੀ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਮੋਨਾ ਘਈ (ਸੀਨੀਅਰ ਵਿੰਗ), ਮਧੂ ਸ਼ਰਮਾ (ਜੂਨੀਅਰ ਵਿੰਗ), ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ ਦੇ ਪ੍ਰਿੰਸੀਪਲ ਅਮਨਪ੍ਰੀਤ ਕੌਰ, ਮੈਨੇਜਮੈਂਟ ਮੈਂਬਰ ਪਰਗਟ ਸਿੰਘ, ਇੰਦਰਪਾਲ ਸਿੰਘ, ਮਨਜੀਤ ਕੌਰ ਨੇ ਹਾਜ਼ਰੀ ਭਰੀ ਤੇ ਸ਼ਬਦ ਕੀਰਤਨ ਸਰਵਣ ਕੀਤਾ।