ਸੰਤ ਬਾਬਾ ਭਾਈ ਪੰਜਾਬ ਸਿੰਘ ਜੀ ਦੀ ਸਾਲਾਨਾ ਬਰਸੀ ਸ਼ਰਧਾ ਨਾਲ ਮਨਾਈ ਗੁਰਦੁਆਰਾ ਸਾਹਿਬ ਸਿੱਧਵਾਂ ਦੋਨਾਂ ਵਿਖੇ ਸੰਤ ਬਾਬਾ ਭਾਈ ਪੰਜਾਬ ਸਿੰਘ ਜੀ ਦੀ ਸਾਲਾਨਾ ਬਰਸੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ
Publish Date: Tue, 27 Oct 2026 07:41 PM (IST)
Updated Date: Tue, 27 Oct 2026 07:43 PM (IST)
--ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਧਾਰਮਿਕ ਦੀਵਾਨ, ਰਾਗੀ ਤੇ ਢਾਡੀ ਜਥਿਆਂ ਨੇ ਗੁਰਬਾਣੀ ਕੀਰਤਨ, ਕਥਾਵਾਂ ਤੇ ਵਾਰਾਂ ਰਾਹੀਂ ਸੰਗਤਾਂ ਨੂੰ ਕੀਤਾ ਨਿਹਾਲ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਸਿੱਧਵਾਂ ਦੋਨਾਂ/ਕਪੂਰਥਲਾ : ਗੁਰਦੁਆਰਾ ਪ੍ਰਬੰਧਕ ਕਮੇਟੀ ਸੰਤ ਬਾਬਾ ਭਾਈ ਪੰਜਾਬ ਸਿੰਘ ਜੀ ਸਿੱਧਵਾਂ ਦੋਨਾਂ ਜ਼ਿਲ੍ਹਾ ਕਪੂਰਥਲਾ ਵੱਲੋਂ ਸੰਤ ਬਾਬਾ ਭਾਈ ਪੰਜਾਬ ਸਿੰਘ ਜੀ ਦੀ ਸਾਲਾਨਾ ਬਰਸੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ, ਸਤਿਕਾਰ ਤੇ ਧਾਰਮਿਕ ਉਤਸ਼ਾਹ ਨਾਲ ਮਨਾਈ ਗਈ। ਇਸ ਪਵਿੱਤਰ ਦਿਹਾੜੇ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਸੰਤ ਬਾਬਾ ਭਾਈ ਪੰਜਾਬ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਧਾਰਮਿਕ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਇਸ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਨ੍ਹਾਂ ਵਿੱਚ ਵੱਖ-ਵੱਖ ਧਾਰਮਿਕ ਜਥਿਆਂ ਨੇ ਗੁਰਬਾਣੀ ਕੀਰਤਨ, ਕਥਾਵਾਂ ਤੇ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਜੱਸ ਨਾਲ ਜੋੜਿਆ। ਗੁਰਦੁਆਰਾ ਸਾਹਿਬ ਦਾ ਸਮੁੱਚਾ ਵਾਤਾਵਰਨ ਗੁਰਬਾਣੀ ਦੇ ਰਸਭਿੰਨੇ ਕੀਰਤਨ ਨਾਲ ਰੂਹਾਨੀ ਰੰਗ ਵਿੱਚ ਰੰਗਿਆ ਗਿਆ। ਸੰਗਤਾਂ ਨੇ ਬੜੀ ਸ਼ਰਧਾ ਤੇ ਇਕਾਗਰਤਾ ਨਾਲ ਗੁਰਬਾਣੀ ਦਾ ਸਰਵਣ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਧਾਰਮਿਕ ਦੀਵਾਨ ਦੌਰਾਨ ਭਾਈ ਸੰਤੋਖ ਸਿੰਘ ਹੈੱਡ ਗ੍ਰੰਥੀ ਗੁੜਗਾਣਾ ਸਾਹਿਬ, ਭਾਈ ਧੰਨਵੰਤ ਸਿੰਘ ਹੁਸ਼ਿਆਰਪੁਰ ਵਾਲੇ ਅਤੇ ਭਾਈ ਪਰਮਿੰਦਰ ਸਿੰਘ ਮਜੀਠਾ ਦੇ ਕੀਰਤਨੀ ਜਥਿਆਂ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਇਲਾਵਾ ਭਾਈ ਸੁਰਿੰਦਰ ਸਿੰਘ ਅਤੇ ਭਾਈ ਪ੍ਰਗਟ ਸਿੰਘ ਤਿੰਮੋਵਾਲੀਆ ਨੇ ਕਥਾ ਵਾਚਕ ਵਜੋਂ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ। ਬੀਬੀ ਕਿਰਨਜੀਤ ਕੌਰ ਖਾਲਸਾ ਤੇ ਢਾਡੀ ਜਥੇ ਵੱਲੋਂ ਵੀ ਧਾਰਮਿਕ ਵਾਰਾਂ ਸੁਣਾਈਆਂ ਗਈਆਂ। ਜਥਿਆਂ ਨੇ ਗੁਰਬਾਣੀ ਦੀਆਂ ਸਿੱਖਿਆਵਾਂ, ਗੁਰੂ ਸਾਹਿਬਾਨ ਦੇ ਜੀਵਨ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਪ੍ਰਸੰਗਾਂ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੁੜੇ ਰਹਿਣ, ਨਾਮ ਸਿਮਰਨ ਕਰਨ ਤੇ ਸੇਵਾ ਭਾਵਨਾ ਨਾਲ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੱਤੀ। --ਬੈਲਜੀਅਮ ਪੰਜਾਬ ਐਂਡ ਪੰਥ ਟੀਵੀ ਵੱਲੋਂ ਕੀਤਾ ਗਿਆ ਸਿੱਧਾ ਪ੍ਰਸਾਰਨ ਇਸ ਧਾਰਮਿਕ ਸਮਾਗਮ ਦਾ ਬੈਲਜੀਅਮ ਪੰਜਾਬ ਐਂਡ ਪੰਥ ਟੀਵੀ ਵੱਲੋਂ ਸਿੱਧਾ ਪ੍ਰਸਾਰਨ ਵੀ ਕੀਤਾ ਗਿਆ, ਜਿਸ ਰਾਹੀਂ ਦੂਰ-ਦੁਰਾਡੇ ਬੈਠੀਆਂ ਸੰਗਤਾਂ ਨੂੰ ਸਮਾਗਮ ਨਾਲ ਜੁੜਨ ਦਾ ਮੌਕਾ ਮਿਲਿਆ। ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਸ਼ਰਧਾ, ਸੇਵਾ ਤੇ ਸਾਂਝੀਵਾਲਤਾ ਦਾ ਮਾਹੌਲ ਦੇਖਣ ਨੂੰ ਮਿਲਿਆ। ਸੰਤ ਬਾਬਾ ਭਾਈ ਪੰਜਾਬ ਸਿੰਘ ਜੀ ਦੀ ਸਾਲਾਨਾ ਬਰਸੀ ਹਰ ਸਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਪ੍ਰਵਾਸੀ ਭਾਰਤੀ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਈ ਜਾਂਦੀ ਹੈ। ਇਸ ਵਾਰ ਵੀ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਮੇਟੀ ਮੈਂਬਰਾਂ ਅਤੇ ਸੰਗਤਾਂ ਵੱਲੋਂ ਸਹਿਯੋਗ ਦਿੱਤਾ ਗਿਆ। ਪ੍ਰਵਾਸੀ ਭਾਰਤੀਆਂ ਵੱਲੋਂ ਆਪਣੇ ਜੱਦੀ ਪਿੰਡ ਅਤੇ ਗੁਰੂ ਘਰ ਨਾਲ ਜੁੜੇ ਰਹਿਣ ਦੀ ਭਾਵਨਾ ਤਹਿਤ ਧਾਰਮਿਕ ਕਾਰਜਾਂ ਵਿੱਚ ਯੋਗਦਾਨ ਪਾਉਣ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਸਿੱਧੂ, ਮੀਤ ਪ੍ਰਧਾਨ ਮਾਸਟਰ ਸਰਬਨ ਸਿੰਘ ਸਿੱਧੂ, ਸਕੱਤਰ ਲਭਪ੍ਰੀਤ ਸਿੰਘ ਖਾਲਸਾ, ਖ਼ਜ਼ਾਨਚੀ ਅਜੀਤ ਸਿੰਘ ਮਠਾੜੂ, ਲਾਲ ਸਿੰਘ ਸਿੱਧੂ, ਕਰਨੈਲ ਸਿੰਘ, ਮੈਂਬਰ ਪਾਲ ਸਿੰਘ ਕੋਟੀਆ, ਸਟੀਵਨ ਸਿੰਘ ਖਾਲਸਾ, ਕਰਨੈਲ ਸਿੰਘ ਸਿੱਧੂ, ਕਿਰਪਾਲ ਸਿੰਘ ਮਠਾੜੂ, ਸਰੂਪ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਬੱਬੂ ਹਾਜ਼ਰ ਸਨ। ਇਸ ਤੋਂ ਇਲਾਵਾ ਦਲਵਿੰਦਰ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬਾਦਲ), ਸੁਖਵਿੰਦਰ ਸਿੰਘ ਨੇਕੀ ਸਰਪੰਚ, ਰਖਬੀਰ ਸਿੰਘ ਪੰਚ, ਮਾਸਟਰ ਵਿਜੇ ਕੁਮਾਰ ਸ਼ਰਮਾ ਪੰਚ, ਸੁਖਪਾਲ ਸਿੰਘ ਪੰਚ, ਜਸਵਿੰਦਰ ਸਿੰਘ ਬਿੱਟੂ, ਚਰਨਜੀਤ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਬਹਾਦਰ ਸਿੰਘ ਸਿੱਧੂ, ਗੁਰਦੇਵ ਸਿੰਘ ਸਿੱਧੂ ਕੈਨੇਡਾ, ਬਲਰਾਮ, ਹਰਨੇਕ ਸਿੰਘ ਸਿੱਧੂ, ਗੋਪੀ ਸਿੰਘ ਯੂਕੇ ਅਤੇ ਬਹਾਦਰ ਸਿੰਘ ਸਿੱਧੂ ਯੂਕੇ ਸਮੇਤ ਹੋਰ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਸਮਾਗਮ ਦੇ ਅੰਤ ਵਿੱਚ ਮਾਸਟਰ ਸਰਬਨ ਸਿੰਘ ਸਿੱਧੂ ਅਤੇ ਹੈੱਡ ਗ੍ਰੰਥੀ ਭਾਈ ਗੁਰਵਿੰਦਰ ਸਿੰਘ ਨੇ ਸਮੂਹ ਸੰਗਤਾਂ, ਪ੍ਰਵਾਸੀ ਭਾਰਤੀ ਵੀਰਾਂ, ਨਗਰ ਨਿਵਾਸੀਆਂ ਅਤੇ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸੰਗਤਾਂ ਨੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਇਲਾਕੇ ਦੀ ਸੁੱਖ-ਸ਼ਾਂਤੀ, ਸਰਬੱਤ ਦੇ ਭਲੇ ਅਤੇ ਸਮੁੱਚੀ ਮਾਨਵਤਾ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਤਰ੍ਹਾਂ ਸੰਤ ਬਾਬਾ ਭਾਈ ਪੰਜਾਬ ਸਿੰਘ ਜੀ ਦੀ ਸਾਲਾਨਾ ਬਰਸੀ ਦਾ ਸਮਾਗਮ ਸ਼ਰਧਾ ਤੇ ਧਾਰਮਿਕ ਮਰਿਆਦਾ ਅਨੁਸਾਰ ਸੰਪੰਨ ਹੋਇਆ।