
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਸ਼ੂ ਪਾਲਣ ਵਿਭਾਗ ਨੇ ਗਾਵਾਂ ਨੂੰ ਲੰਪੀ ਸਕਿਨ ਬੀਮਾਰੀ ਤੋਂ ਬਚਾਉਣ ਲਈ ਸ਼ੁਰੂ ਕੀਤੀ ਮੁਫ਼ਤ ਟੀਕਾਕਰਨ ਮੁਹਿੰਮ

-30 ਤੱਕ ਜ਼ਿਲ੍ਹੇ ’ਚ 57,800 ਗਾਵਾਂ ਦਾ ਕੀਤਾ ਜਾਵੇਗਾ ਟੀਕਾਕਰਨ
-ਗਾਵਾਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਸ਼ੁਰੂ ਕੀਤੀ ਮੁਹਿੰਮ
ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਸ਼ੂ ਪਾਲਣ ਵਿਭਾਗ ਵੱਲੋਂ ਗਾਵਾਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਜ਼ਿਲ੍ਹੇ ਭਰ ਵਿੱਚ ਇੱਕ ਵਿਆਪਕ ਤੇ ਮੁਫ਼ਤ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਜ਼ਿਲ੍ਹੇ ਦੀਆਂ ਲਗਭਗ 57,800 ਗਾਵਾਂ ਨੂੰ ਕਵਰ ਕੀਤਾ ਜਾਵੇਗਾ ਤੇ ਵਿਭਾਗ ਨੇ 30 ਅਗਸਤ ਤੱਕ ਸਾਰੀਆਂ ਯੋਗ ਗਾਵਾਂ ਦਾ ਟੀਕਾਕਰਨ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਹੈ। ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਪਸ਼ੂ ਪਾਲਕਾਂ ਤੇ ਡੇਅਰੀ ਫਾਰਮਰਾਂ ਦੀ ਆਰਥਿਕਤਾ ਤੇ ਪਸ਼ੂ ਧਨ ਦੀ ਸੰਭਾਲ ਲਈ ਵਚਨਬੱਧ ਹੈ। ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਤੇ ਡਾਇਰੈਕਟਰ ਡਾ. ਪਰਮਦੀਪ ਸਿੰਘ ਵਾਲੀਆ ਦੀਆਂ ਹਦਾਇਤਾਂ ਅਨੁਸਾਰ ਇਸ ਮੁਹਿੰਮ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇਗਾ। ਡਿਪਟੀ ਡਾਇਰੈਕਟਰ ਨੇ ਸਾਰੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਵੈਟਰਨਰੀ ਟੀਮਾਂ ਨੂੰ ਪੂਰਾ ਸਹਿਯੋਗ ਦੇ ਕੇ ਆਪਣੀਆਂ ਗਾਵਾਂ ਦਾ ਟੀਕਾਕਰਨ ਯਕੀਨੀ ਬਣਾਉਣ।
ਟੀਕਾਕਰਨ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਤਹਿਸੀਲ ਪੱਧਰ 'ਤੇ ਵੈਟਰਨਰੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪਸ਼ੂ ਪਾਲਕ ਟੀਕਾਕਰਨ ਲਈ ਆਪਣੇ ਸਬੰਧਤ ਵੈਟਰਨਰੀ ਅਫ਼ਸਰਾਂ ਨਾਲ ਸੰਪਰਕ ਕਰ ਸਕਦੇ ਹਨ, ਜਿਸ ਵਿੱਚ ਕਪੂਰਥਲਾ ਲਈ ਡਾ. ਮਹਾਵੀਰ ਸਿੰਘ (9417371541), ਸੁਲਤਾਨਪੁਰ ਲੋਧੀ ਲਈ ਡਾ. ਰਮਨ ਕੁਮਾਰ (9815134770), ਭੁਲੱਥ ਲਈ ਡਾ. ਹਰਕਮਲ ਦੀਪ ਸਿੰਘ (9417060959) ਤੇ ਫਗਵਾੜਾ ਲਈ ਡਾ. ਵਰਿੰਦਰ ਕੁਮਾਰ ਸੰਦਲ (9417089494) ਸ਼ਾਮਲ ਹਨ।
ਕੀ ਹੈ ਲੰਪੀ ਸਕਿਨ ਬਿਮਾਰੀ
ਲੰਪੀ ਸਕਿਨ ਬਿਮਾਰੀ ਇੱਕ ਬਹੁਤ ਹੀ ਵਾਇਰਲ ਬਿਮਾਰੀ ਹੈ, ਜੋ ਪਸ਼ੂਆਂ ਦੀ ਸਿਹਤ, ਦੁੱਧ ਉਤਪਾਦਨ ਤੇ ਕਿਸਾਨਾਂ ਦੀ ਆਮਦਨ 'ਤੇ ਬੁਰਾ ਅਸਰ ਪਾਉਂਦੀ ਹੈ। ਇਸ ਲਈ ਸਮੇਂ ਸਿਰ ਟੀਕਾਕਰਨ ਕਰਵਾਉਣਾ ਹੀ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਦਾ ਸਭ ਤੋਂ ਉੱਤਮ ਉਪਾਅ ਹੈ। ਡਾ. ਸਿੰਘ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਸ਼ੂਆਂ ਵਿੱਚ ਬੁਖਾਰ, ਚਮੜੀ 'ਤੇ ਉਭਾਰ, ਸੋਜ ਜਾਂ ਦੁੱਧ ਉਤਪਾਦਨ ਵਿੱਚ ਗਿਰਾਵਟ ਵਰਗੇ ਸ਼ੱਕੀ ਲੱਛਣ ਦਿਸਣ 'ਤੇ ਤੁਰੰਤ ਨੇੜਲੇ ਵੈਟਰਨਰੀ ਅਦਾਰੇ ਨਾਲ ਸੰਪਰਕ ਕਰਨ। ਉਨ੍ਹਾਂ ਪਸ਼ੂ ਸ਼ੈੱਡਾਂ ਦੇ ਆਲੇ-ਦੁਆਲੇ ਸਾਫ਼-ਸਫ਼ਾਈ, ਖੁਰਾਕ ਤੇ ਪੀਣ ਵਾਲੇ ਪਾਣੀ ਦੇ ਉੱਚਿਤ ਪ੍ਰਬੰਧ ਤੇ ਸੰਕਰਮਿਤ ਪਸ਼ੂਆਂ ਨੂੰ ਬਾਕੀ ਪਸ਼ੂਆਂ ਤੋਂ ਵੱਖ ਰੱਖਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।