ਟਰੰਪ ਨੂੰ ਅਮਰੀਕਾ ਦੇ ਲੋਕਾਂ ਨੇ ਦਿਖਾਈਆਂ ਅੱਖਾਂ : ਸੰਤ ਸੀਚੇਵਾਲ ਦੁਨੀਆਂ ਨੂੰ ਅੱਖਾਂ ਦਿਖਾਉਣ ਵਾਲੇ ਟਰੰਪ ਨੂੰ ਅਮਰੀਕਾ ਦੇ ਲੋਕਾਂ ਨੇ ਦਿਖਾਈਆਂ ਅੱਖਾਂ
Publish Date: Thu, 05 Nov 2026 08:49 PM (IST)
Updated Date: Thu, 05 Nov 2026 08:50 PM (IST)
ਨਾਟੋ, ਖਾੜੀ ਤੇ ਯੂਰਪੀਅਨ ਦੇਸ਼ਾਂ ਨੇ ਵੀ ਛੱਡਿਆ ਅਮਰੀਕਾ ਦਾ ਸਾਥ ਟਰੰਪ ਨੇ ਜੋ ਅਮਰੀਕਾ ਦਾ ਅਕਸ ਵਿਗੜਿਆ ਹੈ, ਉਸ ਨੂੰ ਸੁਧਾਰਨ ਲਈ ਸਦੀਆਂ ਲੱਗਣਗੀਆਂ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਮਰੀਕਾ ਦੀਆਂ ਮੱਧਕਾਲੀ ਚੋਣਾਂ ’ਤੇ ਟਿੱਪਣੀ ਕਰਦਿਆ ਕਿਹਾ ਕਿ ਰਿਪਬਲੀਕਨ ਪਾਰਟੀ ਦੀ ਹੋਈ ਜ਼ਬਰਦਸਤ ਹਾਰ ਨੇ ਡੋਨਾਲਡ ਟਰੰਪ ਦੀਆਂ ਤਾਕਤਾਂ ’ਤੇ ਇੱਕ ਤਰ੍ਹਾਂ ਨਾਲ ਲਗਾਮ ਲਗਾ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦੌਰਾਨ ਜਿਵੇਂ ਦੁਨੀਆਂ ਦੇ ਸਾਰੇ ਮੁਲਕਾਂ ਨੂੰ ਟੈਰਿਫ ਲਗਾ ਕੇ ਆਰਥਿਕ ਤੌਰ ‘ਤੇ ਕਮਜ਼ੋਰ ਕਰਨ ਦੀ ਮੁਹਿੰਮ ਵਿੱਢੀ ਸੀ, ਉਸ ਦਾ ਵਿਰੋਧ ਅਮਰੀਕਾ ਦੇ ਅੰਦਰ ਹੀ ਬਹੁਤ ਜ਼ਿਆਦਾ ਹੋਣ ਲੱਗਾ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਇਰਾਨ ਨਾਲ ਬਿਨ੍ਹਾ ਵਜ੍ਹਾ ਛੇੜੀ ਜੰਗ ਨੇ ਵੀ ਮੱਧਕਾਲੀ ਚੋਣਾਂ ਵਿੱਚ ਟਰੰਪ ਦੀ ਪਾਰਟੀ ਨੂੰ ਹਰਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਇਜ਼ਰਾਇਲ ਦੇ ਦਬਾਅ ਥੱਲੇ ਈਰਾਨ ਨਾਲ ਜੰਗ ਛੇੜਨ ਕਾਰਨ ਸਮੁੱਚਾ ਯੂਰਪ ਜੋ ਅਮਰੀਕਾ ਦੇ ਪੈਰ ਵਿੱਚ ਪੈਰ ਧਰਦਾ ਸੀ, ਨੇ ਕਿਨਾਰਾ ਕਰ ਲਿਆ। ਨਾਟੋ ਦੇਸ਼ਾਂ ਨੇ ਟਰੰਪ ਦੀ ਹੈਂਕੜ ਕਾਰਨ ਮੂੰਹ ਮੋੜ ਲਿਆ ਤੇ ਜਿਹੜੇ ਖਾੜੀ ਦੇਸ਼ ਦੀ ਸੁਰੱਖਿਆਂ ਦੀ ਗਾਰੰਟੀ ਦੇਣ ਦੀ ਆੜ ਹੇਠ ਮੱਧ ਏਸ਼ੀਆਂ ਵਿੱਚ ਅਮਰੀਕੀ ਹਵਾਈ ਅੱਡੇ ਬਣਾਏ ਗਏ ਸਨ, ਉਹ ਕਿਸੇ ਵੀ ਕੰਮ ਨਹੀਂ ਆਏ। ਸੰਤ ਸੀਚੇਵਾਲ ਨੇ ਕਿਹਾ ਕਿ ਦੁਨੀਆਂ ਨੂੰ ਮਹਿੰਗਾਈ ਦੀ ਮਾਰ ਝੱਲਣ ਲਈ ਮਜ਼ਬੂਰ ਕਰਨ ਵਾਲੇ ਟਰੰਪ ਦੀ ਅਕਲ ਅਮਰੀਕਾ ਦੇ ਲੋਕਾਂ ਨੇ ਟਿਕਾਣੇ ਲਿਆ ਦਿੱਤੀ ਹੈ। ਈਰਾਨੀ ਸਕੂਲ ‘ਤੇ ਬੰਬਾਰੀ ਕਰਕੇ ਅਮਰੀਕਾ-ਇਜ਼ਰਾਇਲ ਨੇ ਕਿਹੜੀ ਜੰਗ ਜਿੱਤ ਲਈ ਹੈ? ਦੁਨੀਆਂ ਭਰ ਵਿੱਚ ਅਮਰੀਕਾ ਦਾ ਅਕਸ ਵਿਗੜਿਆ ਹੈ। ਉਨ੍ਹਾਂ ਟਰੰਪ ਦੀ ਤੁਲਨਾ ਨਿਰਦਈਪੁਣੇ ਨਾਲ ਕਰਦਿਆ ਕਿਹਾ ਕਿ ਹੰਕਾਰ ਨਾਲ ਭਰਿਆ ਟਰੰਪ ਵਾਈਟ ਹਾਊਸ ਵਿੱਚ ਦੂਜੇ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਤੇ ਰਾਸ਼ਟਰਪਤੀਆਂ ਨੂੰ ਜਿਸ ਤਰ੍ਹਾਂ ਜ਼ਲੀਲ ਕਰ ਰਿਹਾ ਸੀ, ਉਸ ਨੇ ਅਮਰੀਕਾ ਦੇ ਲੋਕਤੰਤਰ ਹੋਣ ਦੀਆਂ ਧੱਜੀਆਂ ਉਡਾ ਦਿੱਤੀਆਂ। ਈਰਾਨ ਨੂੰ ਬੰਬਾਂ ਨਾਲ ਤਬਾਹ ਕਰਨ ਵਾਲਾ ਟਰੰਪ ‘ਸ਼ਾਂਤੀ ਦਾ ਨੋਬਲ ਪੁਰਸਕਾਰ’ ਲੈਣ ਲਈ ਇਸ ਤਰ੍ਹਾਂ ਲੇਲੜੀਆਂ ਕੱਢੇਗਾ, ਦੁਨੀਆਂ ਨੇ ਕਦੇ ਸੋਚਿਆਂ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਜੋ ਦੂਜਿਆਂ ਦਾ ਨਿਰਾਦਰ ਕਰਦਾ ਹੈ ਉਸ ਨੂੰ ਕਦੇ ਵੀ ਕਿਸੇ ਥਾਂ ‘ਤੇ ਸਤਿਕਾਰ ਨਹੀਂ ਮਿਲ ਸਕਦਾ। ਮੀਡੀਆ ਨਾਲ ਤੇ ਖ਼ਾਸ ਕਰਕੇ ਔਰਤ ਪੱਤਰਕਾਰਾਂ ਨੂੰ ਹੈਂਕੜਬਾਜ਼ੀ ਵਿੱਚ ਟਰੰਪ ਨੇ ਬੇਇੱਜਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ, ਇਸ ਨੇ ਅਮਰੀਕਾ ਦੇ 200 ਸਾਲ ਦੇ ਲੋਕਤੰਤਰਕ ਪ੍ਰਣਾਲੀ ਨੂੰ ਲੀਰੋ-ਲੀਰ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਟਰੰਪ ਨੇ ਜੋ ਅਮਰੀਕਾ ਦਾ ਅਕਸ ਵਿਗੜਿਆ ਹੈ, ਉਸ ਨੂੰ ਸੁਧਾਰਨ ਲਈ ਸਦੀਆਂ ਲੱਗ ਜਾਣਗੀਆਂ।