ਨਹੁੰ-ਮਾਸ ਦਾ ਰਿਸ਼ਤਾ ਹੈ ਅਕਾਲੀ-ਭਾਜਪਾ ਦਾ : ਟੋਨੀ ਨਹੁੰ-ਮਾਸ ਦਾ ਰਿਸ਼ਤਾ ਹੈ ਅਕਾਲੀ ਦਲ-ਬੀਜੇਪੀ ਦਾ ਗਠਜੋੜ-ਧਰਮਿੰਦਰ ਟੋਨੀ
Publish Date: Tue, 24 Nov 2026 07:24 PM (IST)
Updated Date: Tue, 24 Nov 2026 07:25 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : 6 ਸਾਲ ਬਾਅਦ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਏ ਗੱਠਜੋੜ ਨੂੰ ਪੰਜਾਬ ਦੇ ਹਲਾਤਾਂ ਦੇ ਤਹਿਤ ਇੱਕ ਮਹੱਤਵਪੂਰਨ ਇਤਹਾਸਕ ਗੱਠਜੋੜ ਕਰਾਰ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਉਦਯੋਗ ਵਿੰਗ ਦੇ ਸੂਬਾ ਜਰਨਲ ਸਕੱਤਰ ਧਰਮਿੰਦਰ ਕੁਮਾਰ ਟੋਨੀ ਨੇ ਕਿਹਾ ਕਿ ਡਬਲ ਇੰਜਣ ਦੀ ਸਰਕਾਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗੀ ਤੇ ਗੈਂਗਸਟਰ ਕਲਚਰ ਨੂੰ ਜੜੋਂ ਪੁੱਟ ਦੇਵੇਗੀ। ਟੋਨੀ ਨੇ ਕਿਹਾ ਕਿ ਜਦੋਂ ਵੀ ਭਾਜਪਾ-ਅਕਾਲੀ ਦਲ ਗੱਠਜੋੜ ਦੀ ਸਰਕਾਰ ਪੰਜਾਬ ਵਿੱਚ ਰਹੀ ਹੈ, ਪੰਜਾਬ ਹਮੇਸ਼ਾ ਤਰੱਕੀ ਦੀ ਰਾਹ ’ਤੇ ਰਿਹਾ ਹੈ। ਪੰਜਾਬ ਹਮੇਸ਼ਾ ਚੜ੍ਹਦੀ ਕਲਾ ’ਚ ਰਿਹਾ ਹੈ। ਟੋਨੀ ਨੇ ਕਿਹਾ ਕਿ ਇਹ ਗੱਠਜੋੜ ਪੰਜਾਬ ਦੇ ਹਿੱਤ ’ਚ ਹੈ। ਸ੍ਰੋਮਣੀ ਅਕਾਲੀ ਦਲ ਹਿੰਦੁਸਤਾਨ ਦੇ ਇਤਿਹਾਸ ਵਿੱਚ ਦੂਜੀ ਸਭ ਤੋਂ ਪੁਰਾਣੀ ਪਾਰਟੀ ਹੈ। 106 ਸਾਲ ਪੁਰਾਣੀ ਇਸ ਪਾਰਟੀ ਨੇ ਹਮੇਸ਼ਾ ਲੋਕਾਂ ਦੇ ਹਿਤਾਂ ਲਈ ਸੰਘਰਸ਼ ਕੀਤਾ। ਜਦੋਂ ਐਮਰਜੈਂਸੀ ਲੱਗੀ ਸੀ ਤਾਂ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਮੋਰਚਾ ਖੋਲ੍ਹਿਆ ਸੀ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਲੜਾਈ ਵਿੱਚ ਸ੍ਰੋਮਣੀ ਅਕਾਲੀ ਦਲ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਆਜ਼ਾਦੀ ਤੋਂ ਬਾਅਦ ਵੀ ਗਰੀਬੀ, ਮਜ਼ਦੂਰਾਂ ਤੇ ਹੋਰ ਕਈ ਵੱਡੇ ਮੁੱਦਿਆਂ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਅੱਗੇ ਹੋ ਕੇ ਲੋਕਾਂ ਦੇ ਹਿੱਤਾਂ ਦੀ ਲੜਾਈ ਲੜੀ। ਉਨ੍ਹਾਂ ਕਿਹਾ ਕਿ ਜਦੋਂ ਵੀ ਇਹ ਗੱਠਜੋੜ ਹੋਇਆ ਹੈ, ਪੰਜਾਬ ਵਿੱਚ ਭਾਈਚਾਰਕ ਸਾਂਝ ਰਹੀ ਹੈ। ਇਹ ਪ੍ਰਕਾਸ਼ ਸਿੰਘ ਬਾਦਲ ਤੇ ਅਟਲ ਬਿਹਾਰੀ ਵਾਜਪੇਈ ਨੇ 1996 ਵਿੱਚ ਇਹ ਰਿਸ਼ਤਾ ਜੋੜਿਆ ਸੀ, ਉਦੋਂ ਤੋਂ ਹੀ ਇਹ ਰਿਸ਼ਤਾ ਬੜਾ ਹੀ ਮਜ਼ਬੂਤ ਰਿਹਾ ਹੈ। ਹੁਣ ਇੱਕ ਵਾਰ ਮੁੜ ਤੋਂ ਇਹ ਰਿਸ਼ਤਾ ਜੁੜ ਰਿਹਾ ਹੈ ਤਾਂ ਦੋਵੇਂ ਪਾਰਟੀਆਂ ਮਿਲ ਕੇ ਪੰਜਾਬ ਦੀ ਭਲਾਈ ਲਈ ਕੰਮ ਕਰਨਗੀਆਂ। ਟੋਨੀ ਨੇ ਅੱਗੇ ਕਿਹਾ ਕਿ ਅੱਜ ਪੰਜਾਬ ਵਿੱਚ ਡਰੱਗ ਮਾਫੀਆ ਤੇ ਗੈਂਗਸਟਰ ਰਾਜ ਕਰ ਰਹੇ ਹਨ।ਕਿਸਾਨ ਵੀ ਲਗਾਤਾਰ ਸੜਕਾਂ ’ਤੇ ਹਨ। ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਪੰਜਾਬ ’ਚੋਂ ਅਪਰਾਧ ਨੂੰ ਖਤਮ ਕਰਾਂਗੇ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨਸ਼ਾ ਖਤਮ ਕਰਾਂਗੇ।