ਅਕਾਲੀ ਦਲ ਨੇ ਹਮੇਸ਼ਾ ਦਲੇਰੀ ਨਾਲ ਫੈਸਲੇ ਲਏ : ਟਾਂਡੀ ਅਕਾਲੀ ਦਲ ਨੇ ਹਮੇਸ਼ਾ ਪੰਜਾਬੀਆਂ ਦੇ ਹੱਕ ਵਿਚ ਦਲੇਰੀ ਨਾਲ ਫੈਸਲੇ ਲਏ ਤੇ ਬੇਮਿਸਾਲ ਕੰਮ ਕੀਤੇ : ਟਾਂਡੀ
Publish Date: Thu, 01 Oct 2026 10:08 PM (IST)
Updated Date: Thu, 01 Oct 2026 10:09 PM (IST)
--ਕਿਹਾ-ਸਬੇ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਅਕਾਲੀ ਸਰਕਾਰ ਬਣਾਵਾਂਗੇ --ਅਕਾਲੀ ਦਲ ਨੇ ਵੱਡੀ ਗਿਣਤੀ ’ਚ ਲੋਕ ਭਲਾਈ ਸਕੀਮਾਂ ਚਲਾ ਕੇ ਲੋਕਾਂ ਦਾ ਮਨ ਜਿੱਤਿਆ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : 2027 ਵਿਚ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੀ ਮਜ਼ਬੂਤ ਸਰਕਾਰ ਬਣਨ ਜਾ ਰਹੀ ਹੈ, ਜਿਸ ਨੂੰ ਵਿਰੋਧੀਆਂ ਦੀਆਂ ਲੱਖ ਸਾਜਿਸ਼ਾਂ ਵੀ ਰੋਕ ਨਹੀਂ ਸਕਣਗੀਆਂ। ਇਹ ਵਿਚਾਰ ਅਕਾਲੀ ਦਲ ਯੂਥ ਵਿੰਗ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਟਾਂਡੀ ਨੇ ਅੱਜ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ 2022 ਵਿਚ ਪੰਜਾਬੀਆਂ ਨੂੰ ਭਰਮਾ ਕੇ ਉਨ੍ਹਾਂ ਕੋਲੋਂ ਸਿਰਫ ਇਕ ਮੌਕਾ ਮੰਗਿਆ ਸੀ ਤੇ ਉਹ ਆਮ ਆਦਮੀ ਪਾਰਟੀ ਨੂੰ ਦੇ ਕੇ ਲੋਕ ਹੁਣ ਤੱਕ ਪਛਤਾਅ ਰਹੇ ਹਨ ਤੇ ਇਸ ਤੋਂ ਬਾਅਦ ਆਪ ਨੂੰ ਪੰਜਾਬੀ ਭਵਿੱਖ ’ਚ ਮੁੜ ਕਦੇ ਮੌਕਾ ਨਹੀਂ ਦੇਣਗੇ। ਟਾਂਡੀ ਨੇ ਕਿਹਾ ਕਿ ਸੂਬੇ ਦੇ ਸਰੋਤਾਂ ਦੀ ਹੋਈ ਅੰਨ੍ਹੀ ਲੁੱਟ ਨੇ ਪੰਜਾਬੀਆਂ ਨੂੰ ਸਮਝਾ ਦਿੱਤਾ ਹੈ ਕਿ ਸੂਬੇ ਦਾ ਭਵਿੱਖ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ’ਚ ਹੀ ਸੁਰੱਖਿਅਤ ਹੈ, ਜਿਸ ਨੇ ਹਮੇਸ਼ਾ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਦਲੇਰੀ ਨਾਲ ਫੈਸਲੇ ਲਏ ਤੇ ਬੇਮਿਸਾਲ ਕੰਮ ਕੀਤੇ ਹਨ। ਟਾਂਡੀ ਨੇ ਕਿਹਾ ਕਿ ਪੰਜਾਬ ਨੂੰ ਤਰੱਕੀ ਤੇ ਵਿਕਾਸ ਦੇ ਪਰ ਲਗਾਉਣ ਲਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਜਿਹੇ ਦੂਰਅੰਦੇਸ਼ੀ ਸੋਚ ਵਾਲੇ ਲੀਡਰਾਂ ਦੇ ਹੱਥ ਮਜ਼ਬੂਤ ਕਰ ਕੇ ਉਨ੍ਹਾਂ ਨੂੰ ਅੱਗੇ ਲਿਆਉਣਾ ਹੀ ਪਵੇਗਾ ਕਿਉਂਕਿ ਨੈਸ਼ਨਲ ਪਾਰਟੀਆਂ ਤਾਂ ਪੰਜਾਬ ’ਚ ਸਰਕਾਰ ਬਣਾ ਕੇ ਆਪਣੇ ਨਿੱਜੀ ਮੁਫਾਦਾਂ ਦੀ ਪੂਰਤੀ ਲਈ ਸੂਬੇ ਦੇ ਸਰੋਤਾਂ ਦੀ ਲੁੱਟ ਹੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਆਉਣ ਵਾਲੇ ਸਮੇਂ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਲੀਡ ਨਾਲ ਜਿਤਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ’ਚ ਸੂਬੇ ਨੂੰ ਵੱਡੀ ਗਿਣਤੀ ਵਿਚ ਸਹੂਲਤਾਂ ਮਿਲੀਆਂ, ਜਿਸ ਕਰ ਕੇ ਹਰ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵਿਸ਼ਵਾਸ ਰੱਖਦਾ ਹੈ ਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾ ਕੇ ਸਰਕਾਰ ਬਣਾਉਣਗੇ।