ਸੰਧੂ ਚੱਠਾ ਦੇ ਸਟੇਡੀਅਮ ਦਾ ਅਕਾਲੀ, ਕਾਂਗਰਸ ਤੇ ਆਪ ਤਿੰਨੋਂ ਕਰ ਚੁੱਕੇ ਉਦਘਾਟਨ ਸੰਧੂ ਚੱਠਾ ਦੇ ਇਕੋ ਸਟੇਡੀਅਮ ਦਾ ਅਕਾਲੀ, ਕਾਂਗਰਸ ਤੇ ਆਪ ਤਿੰਨੋਂ ਸਰਕਾਰਾਂ ਨੇ ਕੀਤੇ ਉਦਘਾਟਨ
Publish Date: Fri, 20 Nov 2026 09:28 PM (IST)
Updated Date: Fri, 20 Nov 2026 09:31 PM (IST)
ਪਹਿਲਾਂ ਤੋਂ ਤਿਆਰ ਸਟੇਡੀਅਮ ’ਚ ਇਕ ਬਾਥਰੂਮ ਤੇ ਦੋ ਲਾਈਟਾਂ ਲਗਾ ਕੇ ਬਣਾਇਆ ਮੁੱਖ ਮੰਤਰੀ ਖੇਡ ਸਟੇਡੀਅਮ : ਸੋਹਲ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਪੰਜਾਬ ਸਰਕਾਰ ਵੱਲੋਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਰਕਾਰ ਦੇ ਹੋਰ ਮੰਤਰੀਆਂ ਤੇ ਲੀਡਰਾਂ ਵੱਲੋਂ ਅਕਸਰ ਸਟੇਜਾਂ ਤੋਂ ਵੱਖ-ਵੱਖ ਵਿਕਾਸ ਕਾਰਜਾਂ ਦੀ ਗੱਲਾਂ ਆਮ ਹੀ ਵੇਖਣ ਤੇ ਸੁਣਨ ਨੂੰ ਮਿਲਦੀਆਂ ਹਨ ਤੇ ਇਨ੍ਹਾਂ ਕਾਰਜਾਂ ਵਿੱਚੋਂ ਸਰਕਾਰ ਵੱਲੋਂ ਇਕ ਹਜ਼ਾਰ ਮੁੱਖ ਮੰਤਰੀ ਖੇਡ ਸਟੇਡੀਅਮ ਬਣਾਉਣ ਦੀ ਗੱਲ ਮੁੱਖ ਮੰਤਰੀ ਮੂੰਹੋਂ ਅਕਸਰ ਸੁਣੀ ਜਾਂਦੀ ਹੈ। ਇਸੇ ਸਕੀਮ ਤਹਿਤ ਦੋ ਦਿਨ ਪਹਿਲਾਂ ਕਪੂਰਥਲਾ ਦੇ ਪਿੰਡ ਸੰਧੂ ਚੱਠਾ ਵਿਖੇ ਕਪੂਰਥਲਾ ਦੇ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ ਉਰਫ਼ ਰੰਗਾ ਤੇ ਹੋਰ ਆਗੂਆਂ ਤੇ ਅਹੁਦੇਦਾਰਾਂ ਵੱਲੋਂ ਪਿੰਡ ਵਿਖੇ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਤੋਂ ਪਰਦਾ ਚੁੱਕਿਆ ਗਿਆ। ਸਮਾਗਮ ਉਪਰੰਤ ਇਹ ਸਟੇਡੀਅਮ ਸਵਾਲਾਂ ਦੇ ਘੇਰੇ ਵਿੱਚ ਆ ਗਿਆ। ਇਸ ਸਟੇਡੀਅਮ ਤੇ ਉਦਘਾਟਨ ’ਤੇ ਸਵਾਲ ਚੁਕਦਿਆਂ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੇ ਮੀਤ ਪ੍ਰਧਾਨ ਜੋਗਿੰਦਰ ਸਿੰਘ ਸੋਹਲ ਸੰਧੂ ਚੱਠਾ ਸਮੇਤ ਹੋਰ ਸਥਾਨਕ ਆਗੂਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਖੇਡ ਸਟੇਡੀਅਮ ਦੇ ਬਣਨ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਈ ਤੇ ਹੁਣ ਤੱਕ ਮੌਜੂਦ ਸਟੇਡੀਅਮ ਦੀ ਵੱਡੀ ਸਟੇਜ ਤੇ ਹੇਠਾਂ ਕਮਰੇ ਤੇ ਥੋੜੀ ਚਾਰਦੀਵਾਰੀ ਹੋਈ ਸੀ, ਜਿਸ ਦਾ ਉਦਘਾਟਨ ਤੇ ਨੀਂਹ ਪੱਥਰ ਉਸ ਸਮੇਂ ਦੇ ਹਲਕਾ ਇੰਚਾਰਜ ਸਰਬਜੀਤ ਸਿੰਘ ਮੱਕੜ ਤੇ ਹੋਰ ਲੀਡਰਾਂ ਵੱਲੋਂ ਰੱਖਿਆ ਗਿਆ ਸੀ। ਮੀਤ ਪ੍ਰਧਾਨ ਜੋਗਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਫਿਰ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਤੇ ਕਾਂਗਰਸ ਸਰਕਾਰ ਵੇਲੇ ਪੂਰੀ ਚਾਰਦੀਵਾਰੀ ਸਮੇਤ ਦਰਸ਼ਕਾਂ ਦੇ ਬੈਠਣ ਲਈ ਪੌੜੀਆਂ ਆਦਿ ਬਣ ਕੇ ਸਟੇਡੀਅਮ ਪੂਰੀ ਤਰ੍ਹਾਂ ਤਿਆਰ ਹੋ ਗਿਆ ਤੇ ਫਿਰ ਇਸ ਸਟੇਡੀਅਮ ਦਾ ਦੂਜਾ ਨੀਂਹ ਪੱਥਰ ਤੇ ਉਦਘਾਟਨ ਉਸ ਵੇਲੇ ਦੇ ਮੈਂਬਰ ਪਾਰਲੀਮੈਂਟ ਰਾਣਾ ਗੁਰਜੀਤ ਸਿੰਘ ਤੇ ਵਿਧਾਇਕ ਸੁੱਖੀ ਰਾਣਾ ਤੇ ਹੋਰ ਲੀਡਰਸ਼ਿਪ ਵੱਲੋਂ ਕੀਤਾ ਗਿਆ ਸੀ। ਆਗੂਆਂ ਨੇ ਦੱਸਿਆ ਕਿ ਸਾਡੇ ਪਿੰਡ ਵਿਖੇ ਵੱਡੇ ਪੱਧਰ ’ਤੇ ਦੋ ਛਿੰਝ ਮੇਲੇ ਇਸੇ ਸਟੇਡੀਅਮ ਵਿਖੇ ਕਰਵਾਏ ਜਾਂਦੇ ਹੋਣ ਕਾਰਨ ਇਸ ਸਟੇਡੀਅਮ ਨੂੰ ਪਿੰਡ ਵੱਲੋਂ ਫਰਵਰੀ ਮਹੀਨੇ ਰੰਗ-ਰੋਗਨ ਵੀ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਇਸ ਖੂਬਸੂਰਤ ਦਿਖ ਵਾਲੇ ਖੇਡ ਸਟੇਡੀਅਮ ਵਿੱਚ ਮੌਜੂਦਾ ਸਰਕਾਰ ਵੱਲੋਂ ਇਕ ਬਾਥਰੂਮ ਤੇ ਕੇਵਲ ਦੋ ਲਾਈਟਾਂ ਲਗਵਾ ਕੇ ਇਸ ਸਟੇਡੀਅਮ ਨੂੰ ਇਕ ਹਜ਼ਾਰ ਮੁੱਖ ਮੰਤਰੀ ਸਟੇਡੀਅਮ ਵਿੱਚ ਦਰਜ ਕੀਤਾ ਗਿਆ। ਅਕਾਲੀ ਆਗੂਆਂ ਨੇ ਕਿਹਾ ਕਿ ਜੋ ਇਕ ਹਜ਼ਾਰ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਉਨ੍ਹਾਂ ਲਈ ਸਰਕਾਰ ਨੇ ਇਕ ਸਟੇਡੀਅਮ ਲਈ ਕਿੰਨੀ ਰਾਸ਼ੀ ਜਾਰੀ ਕੀਤੀ ਹੈ ਤੇ ਸੰਧੂ ਚੱਠਾ ਸਟੇਡੀਅਮ ਦੇ ਕਿੰਨੇ ਪੈਸੇ ਆਏ, ਇਸ ਸਭ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਨਵ-ਨਿਯੁਕਤ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ ਉਰਫ਼ ਰੰਗਾ ਨਾਲ਼ ਜਾਣਕਾਰੀ ਲੈਣ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ਼ ਸੰਪਰਕ ਨਹੀਂ ਹੋ ਸਕਿਆ।