ਅਕਾਲਗੜ੍ਹ ਦੀ ਪੰਚਾਇਤ ਨੇ ਜਾਤੀ ਭੇਦਭਾਵ ਦੇ ਦੋਸ਼ਾਂ ਦਾ ਕੀਤਾ ਖੰਡਨ ਪਿੰਡ ਅਕਾਲਗੜ੍ਹ ਦੀ ਪੰਚਾਇਤ ਨੇ ਬਸਪਾ ਆਗੂਆਂ ਵਲੋਂ ਲਗਾਏ ਜਾਤੀ ਭੇਦਭਾਵ ਦੇ ਦੋਸ਼ਾਂ ਦਾ ਕੀਤਾ ਖੰਡਣ
Publish Date: Sat, 12 Sep 2026 07:46 PM (IST)
Updated Date: Sat, 12 Sep 2026 07:47 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪਿੰਡ ਅਕਾਲਗੜ੍ਹ ਤਹਿਸੀਲ ਫਗਵਾੜਾ ਵਿਖੇ ਵਾਲਮੀਕਿ ਭਾਈਚਾਰੇ ਨਾਲ ਕਥਿਤ ਜਾਤੀ ਭੇਦਭਾਵ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਵੱਲੋਂ ਲਗਾਏ ਗਏ ਦੋਸ਼ਾਂ ਦੇ ਸਬੰਧ ਵਿੱਚ ਅੱਜ ਪਿੰਡ ਦੀ ਸਰਪੰਚ ਮੀਨਾ ਅਕਾਲਗੜ੍ਹ ਤੇ ਉਨ੍ਹਾਂ ਦੇ ਦਿਓਰ ਜਤਿੰਦਰ ਸਿੰਘ ਵੱਲੋਂ ਪੰਚਾਇਤ ਮੈਂਬਰਾਂ ਤੇ ਵਾਲਮੀਕਿ ਭਾਈਚਾਰੇ ਦੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਆਪਣਾ ਪੱਖ ਰੱਖਿਆ ਗਿਆ। ਇਸ ਮੌਕੇ ਸਮੂਹ ਪੰਚਾਇਤ ਮੈਂਬਰਾਂ ਨੇ ਇੱਕ ਸੁਰ ਵਿੱਚ ਸਰਪੰਚ ਮੀਨਾ ਅਕਾਲਗੜ੍ਹ ਤੇ ਜਤਿੰਦਰ ਸਿੰਘ ਖ਼ਿਲਾਫ਼ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਪਿੰਡ ਵਿੱਚ ਕਿਸੇ ਵੀ ਵਰਗ ਨਾਲ ਜਾਤੀ ਦੇ ਆਧਾਰ ’ਤੇ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਸਰਪੰਚ ਮੀਨਾ ਅਕਾਲਗੜ੍ਹ ਨੇ ਦੱਸਿਆ ਕਿ ਵਾਲਮੀਕਿ ਭਾਈਚਾਰੇ ਨਾਲ ਸਬੰਧਤ ਦੋ ਪਰਿਵਾਰ ਪਿੰਡ ਦੇ ਬਾਹਰਲੇ ਪਾਸੇ ਸਥਿਤ ਇੱਕ ਪ੍ਰਾਈਵੇਟ ਕਲੋਨੀ ਵਿੱਚ ਰਹਿੰਦੇ ਹਨ। ਉਕਤ ਪਰਿਵਾਰਾਂ ਜਾਂ ਦੋਸ਼ ਲਗਾਉਣ ਵਾਲੇ ਬਸਪਾ ਆਗੂਆਂ ਨੇ ਪਾਣੀ ਦਾ ਕੁਨੈਕਸ਼ਨ ਲੈਣ ਲਈ ਪੰਚਾਇਤ ਦੇ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ। ਫਿਰ ਵੀ ਵਾਟਰ ਸਪਲਾਈ ਦੀ ਪਾਈਪ ਲਾਈਨ ਕਲੋਨੀ ਦੇ ਬਾਹਰ ਤੱਕ ਪਾਈ ਜਾ ਚੁੱਕੀ ਹੈ, ਜਦਕਿ ਸੜਕ ਦੇ ਦੂਜੇ ਪਾਸੇ ਪਾਈਪ ਲਾਈਨ ਲਿਜਾਣ ਲਈ ਸੜਕ ਪੁੱਟਣ ਦੀ ਮਨਜ਼ੂਰੀ ਪੀਡਬਲਯੂਡੀ ਤੋਂ ਲੈਣੀ ਲਾਜ਼ਮੀ ਹੈ। ਇਸ ਕਾਰਨ ਇਹ ਕੰਮ ਅਜੇ ਅਧੂਰਾ ਪਿਆ ਹੈ। ਸਰਪੰਚ ਮੀਨਾ ਅਕਾਲਗੜ੍ਹ ਨੇ ਕਿਹਾ ਕਿ ਕਰੀਬ 10 ਵਾਲਮੀਕਿ ਪਰਿਵਾਰਾਂ ਨੂੰ ਪਾਣੀ ਦੀ ਸਹੂਲਤ ਤੋਂ ਵਾਂਝਾ ਰੱਖਣ ਦੀ ਗੱਲ ਸਹੀ ਨਹੀਂ ਹੈ। ਉਨ੍ਹਾਂ ਅਨੁਸਾਰ ਅਸਲ ਵਿੱਚ ਸਿਰਫ਼ ਦੋ ਪਰਿਵਾਰਾਂ ਦੀ ਹੀ ਇਹ ਸਮੱਸਿਆ ਹੈ ਤੇ ਇਨ੍ਹਾਂ ਦੋਵਾਂ ਪਰਿਵਾਰਾਂ ਦੇ ਘਰਾਂ ਵਿੱਚ ਸਬਮਰਸੀਬਲ ਬੋਰ ਵੀ ਲੱਗੇ ਹੋਏ ਹਨ। ਇਸ ਲਈ ਪੀਣ ਵਾਲੇ ਪਾਣੀ ਦੀ ਗੰਭੀਰ ਸਮੱਸਿਆ ਹੋਣ ਦੀ ਗੱਲ ਵੀ ਠੀਕ ਨਹੀਂ ਹੈ। ਇਸ ਮੌਕੇ ਪੰਚਾਇਤ ਮੈਂਬਰਾਂ ਪਰਮਜੀਤ ਕੌਰ, ਸੰਦੀਪ ਕੌਰ, ਜਸਵਿੰਦਰ ਸਿੰਘ, ਗੁਰਦੀਪ ਸਿੰਘ ਤੇ ਚਮਨ ਲਾਲ ਨੇ ਕਿਹਾ ਕਿ ਪਿੰਡ ਦੇ ਬਾਹਰ ਬਣੀ ਪ੍ਰਾਈਵੇਟ ਕਲੋਨੀ ਵਿੱਚ ਮੁੱਢਲੀਆਂ ਸਹੂਲਤਾਂ ਦੇ ਲੋੜੀਂਦੇ ਪ੍ਰਬੰਧ ਕਰਨਾ ਮੁੱਖ ਤੌਰ ’ਤੇ ਕਲੋਨਾਈਜ਼ਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਦਾ ਆਪਣਾ ਸੀਮਤ ਅਧਿਕਾਰ ਖੇਤਰ ਹੋਣ ਕਾਰਨ ਵੀ ਕਈ ਵਾਰ ਅਜਿਹੇ ਕੰਮਾਂ ਵਿੱਚ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਪਿੰਡ ਵਿੱਚ ਪੰਚਾਇਤ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਲਾਭ ਕਿਸੇ ਇੱਕ ਵਰਗ ਨੂੰ ਨਹੀਂ, ਸਗੋਂ ਸਾਰੇ ਵਰਗਾਂ ਦੇ ਲੋਕਾਂ ਨੂੰ ਮਿਲ ਰਿਹਾ ਹੈ। ਪੰਚਾਇਤ ਨੇ ਕਿਹਾ ਕਿ ਵਾਲਮੀਕਿ ਭਾਈਚਾਰੇ ਦੀ ਅਧੂਰੀ ਧਰਮਸ਼ਾਲਾ ਦਾ ਕੰਮ ਵੀ ਮੌਜੂਦਾ ਪੰਚਾਇਤ ਵੱਲੋਂ ਪਹਿਲ ਦੇ ਆਧਾਰ ’ਤੇ ਕਰਵਾਇਆ ਗਿਆ ਹੈ, ਜੋ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਪੰਚਾਇਤ ਵੱਲੋਂ ਕਿਸੇ ਵੀ ਤਰ੍ਹਾਂ ਦਾ ਜਾਤੀ ਭੇਦਭਾਵ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਪਿੰਡ ਦੇ ਵਾਲਮੀਕਿ ਭਾਈਚਾਰੇ ਨਾਲ ਸਬੰਧਤ ਬੂਟਾ ਰਾਮ, ਰਾਕੇਸ਼ ਕੁਮਾਰ ਤੇ ਲਵਪ੍ਰੀਤ ਨੇ ਵੀ ਪੰਚਾਇਤ ਦੇ ਹੱਕ ਵਿੱਚ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪਿੰਡ ਵੱਸਿਆ ਹੈ, ਇੱਥੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਆਪਸੀ ਭਾਈਚਾਰੇ ਨਾਲ ਰਹਿੰਦੇ ਆ ਰਹੇ ਹਨ ਤੇ ਇੱਕ-ਦੂਜੇ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੁੰਦੇ ਹਨ। ਪੰਚਾਇਤ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜਦੋਂ ਵੀ ਉਹ ਕਿਸੇ ਪ੍ਰਾਈਵੇਟ ਕਲੋਨੀ ਵਿੱਚ ਪਲਾਟ ਜਾਂ ਰਿਹਾਇਸ਼ੀ ਮਕਾਨ ਖਰੀਦਣ ਤਾਂ ਪਲਾਟ ਦੀ ਕੀਮਤ ਅਤੇ ਸਥਾਨ ਦੇ ਨਾਲ-ਨਾਲ ਉੱਥੇ ਮੁੱਢਲੀਆਂ ਸਹੂਲਤਾਂ, ਜਿਵੇਂ ਪਾਣੀ, ਸੀਵਰੇਜ, ਸੜਕਾਂ ਤੇ ਹੋਰ ਬੁਨਿਆਦੀ ਪ੍ਰਬੰਧਾਂ ਦੀ ਸਥਿਤੀ ਬਾਰੇ ਵੀ ਪੂਰੀ ਜਾਣਕਾਰੀ ਜ਼ਰੂਰ ਹਾਸਲ ਕਰਨ। ਪੰਚਾਇਤ ਨੇ ਕਿਹਾ ਕਿ ਪਿੰਡ ਵਿੱਚ ਭਾਈਚਾਰਕ ਸਾਂਝ ਤੇ ਆਪਸੀ ਸਦਭਾਵਨਾ ਦੀ ਪਰੰਪਰਾ ਨੂੰ ਕਾਇਮ ਰੱਖਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਓਮ ਪ੍ਰਕਾਸ਼, ਮਹਿੰਦਰ ਸਿੰਘ, ਪਰਮਜੀਤ ਸਿੰਘ, ਰੋਸ਼ਨ ਲਾਲ, ਸਤਨਾਮ ਸਿੰਘ, ਤਲਵਿੰਦਰ ਸਿੰਘ, ਸੰਤੋਖ ਸਿੰਘ, ਅਵਤਾਰ ਸਿੰਘ, ਸੁੱਚਾ ਸਿੰਘ, ਬਰਿਜ ਸ਼ਰਨ ਆਦਿ ਹਾਜ਼ਰ ਸਨ।