‘ਵਾਰਿਸ ਪੰਜਾਬ ਦੇ’ ਦਾ ਨਿਸ਼ਾਨਾ ਸਿਰਫ਼ ਬਾਦਲ ਪਰਿਵਾਰ ਨੂੰ ਹਰਾਉਣਾ : ਨਾਹਰ ਵਾਰਿਸ ਪੰਜਾਬ ਦੇ ਦਾ ਨਿਸ਼ਾਨਾ ਪੰਜਾਬ ਦੇ ਹੱਕ ਨਹੀਂ, ਸਿਰਫ਼ ਬਾਦਲ ਪਰਿਵਾਰ ਨੂੰ ਹਰਾਉਣਾ: ਜੀਆ ਲਾਲ ਨਾਹਰ
Publish Date: Mon, 31 Aug 2026 07:21 PM (IST)
Updated Date: Mon, 31 Aug 2026 07:22 PM (IST)
--ਰੱਖੜ ਪੁੰਨਿਆ ਮੌਕੇ ਦਿੱਤੇ ਬਿਆਨਾਂ ਨੇ ਪੰਜਾਬ ਦੀ ਸਿਆਸਤ ਮੁੜ ਗਰਮਾਈ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੱਖੜ ਪੁੰਨਿਆ ਦੇ ਮੌਕੇ ‘ਵਾਰਿਸ ਪੰਜਾਬ ਦੇ’ ਦੇ ਆਗੂਆਂ ਵੱਲੋਂ ਦਿੱਤੇ ਗਏ ਬਿਆਨਾਂ ਨੇ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਗਰਮਾਹਟ ਪੈਦਾ ਕਰ ਦਿੱਤੀ ਹੈ। ਇੱਕ ਸਟੇਜ ਤੋਂ ਬੋਲਦਿਆਂ ਆਗੂਆਂ ਵੱਲੋਂ ਕਿਹਾ ਗਿਆ ਕਿ ਭਾਵੇਂ ਪੰਥਕ ਧਿਰਾਂ ਜਿੱਤਣ ਦੀ ਸਥਿਤੀ ਵਿੱਚ ਨਾ ਹੋਣ, ਪਰ ਬਾਦਲ ਪਰਿਵਾਰ ਨੂੰ ਹਰਾਉਣ ਦੀ ਸਥਿਤੀ ਵਿੱਚ ਹਨ ਤੇ ਇਸ ਲਈ ਜਿਸ ਧਿਰ ਨੂੰ ਵੀ ਸਮਰਥਨ ਦੇਣਾ ਪਵੇ, ਦਿੱਤਾ ਜਾਵੇਗਾ। ਇਨ੍ਹਾਂ ਬਿਆਨਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਐੱਸਸੀ ਵਿੰਗ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜੀਆ ਲਾਲ ਨਾਹਰ ਨੇ ਕਿਹਾ ਕਿ ‘ਵਾਰਿਸ ਪੰਜਾਬ ਦੇ’ ਵੱਲੋਂ ਦਿੱਤੇ ਗਏ ਬਿਆਨ ਇਹ ਸਵਾਲ ਖੜ੍ਹਾ ਕਰਦੇ ਹਨ ਕਿ ਕੀ ਉਨ੍ਹਾਂ ਦਾ ਮੁੱਖ ਮਕਸਦ ਪੰਜਾਬ ਦੇ ਹੱਕਾਂ ਦੀ ਲੜਾਈ ਲੜਨਾ ਹੈ ਜਾਂ ਸਿਰਫ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਬਾਦਲ ਪਰਿਵਾਰ ਨੂੰ ਸਿਆਸੀ ਤੌਰ ’ਤੇ ਹਰਾਉਣਾ। ਜੀਆ ਲਾਲ ਨਾਹਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸਿਆਸਤ ਦੀ ਇੱਕ ਪੁਰਾਣੀ ਤੇ ਇਤਿਹਾਸਕ ਜਥੇਬੰਦੀ ਹੈ, ਜਿਸ ਨੇ ਪੰਜਾਬ ਦੇ ਹੱਕਾਂ, ਪੰਜਾਬੀ ਸੂਬੇ ਦੀ ਲਹਿਰ ਤੇ ਸਿੱਖ ਪੰਥ ਨਾਲ ਜੁੜੇ ਕਈ ਮਹੱਤਵਪੂਰਨ ਮਸਲਿਆਂ ਵਿੱਚ ਲੰਬਾ ਰਾਜਨੀਤਿਕ ਸਫ਼ਰ ਤੈਅ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੀ ਸਿਆਸਤ ਵਿੱਚ ਲੰਬੇ ਸਮੇਂ ਤੋਂ ਮਹੱਤਵਪੂਰਨ ਭੂਮਿਕਾ ਰਹੀ ਹੈ ਤੇ ਸਰਕਾਰਾਂ ਦੌਰਾਨ ਸੂਬੇ ਵਿੱਚ ਕਈ ਵਿਕਾਸ ਕਾਰਜ ਵੀ ਕਰਵਾਏ ਗਏ ਹਨ ਤੇ ਹਰ ਧਰਮ ਦਾ ਮਾਣ ਤੇ ਸਤਿਕਾਰ ਕੀਤਾ ਤੇ ਕਈ ਇਤਿਹਾਸਕ ਸਥਾਨ ਬਣਾਏ। ਉਨ੍ਹਾਂ ਅਨੁਸਾਰ ਬਾਦਲ ਪਰਿਵਾਰ ਨੂੰ ਸਿਰਫ਼ ਵਿਰੋਧ ਦੀ ਰਾਜਨੀਤੀ ਤਹਿਤ ਨਿਸ਼ਾਨਾ ਬਣਾਉਣਾ ਪੰਜਾਬ ਦੀ ਰਾਜਨੀਤੀ ਦੀ ਪੂਰੀ ਤਸਵੀਰ ਪੇਸ਼ ਨਹੀਂ ਕਰਦਾ। ਜੀਆ ਲਾਲ ਨਾਹਰ ਨੇ ਕਿਹਾ ਕਿ ਸਿਆਸੀ ਵਿਰੋਧ ਆਪਣੀ ਥਾਂ ’ਤੇ ਹੋ ਸਕਦਾ ਹੈ, ਪਰ ਕਿਸੇ ਵੀ ਧਿਰ ਨੂੰ ਸਿਰਫ਼ ਕਿਸੇ ਇੱਕ ਪਰਿਵਾਰ ਨੂੰ ਹਰਾਉਣ ਦੇ ਏਜੰਡੇ ਤੱਕ ਸੀਮਤ ਨਹੀਂ ਹੋਣਾ ਚਾਹੀਦਾ। ਪੰਜਾਬ ਦੇ ਲੋਕਾਂ ਸਾਹਮਣੇ ਬੇਰੁਜ਼ਗਾਰੀ, ਨਸ਼ਾ, ਕਿਸਾਨੀ, ਉਦਯੋਗ, ਕਾਨੂੰਨ-ਵਿਵਸਥਾ ’ਤੇ ਪੰਜਾਬ ਦੇ ਹੱਕਾਂ ਵਰਗੇ ਵੱਡੇ ਮੁੱਦੇ ਹਨ, ਜਿਨ੍ਹਾਂ ’ਤੇ ਰਾਜਨੀਤਿਕ ਧਿਰਾਂ ਨੂੰ ਆਪਣੀ ਨੀਤੀ ਸਪੱਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਇਹ ਫੈਸਲਾ ਕਰਨਗੇ ਕਿ ਕਿਹੜੀ ਸਿਆਸੀ ਧਿਰ ਪੰਜਾਬ ਦੇ ਹਿੱਤਾਂ ਲਈ ਸਭ ਤੋਂ ਵੱਧ ਮਜ਼ਬੂਤੀ ਨਾਲ ਖੜ੍ਹੀ ਹੈ।