ਲੋੜਵੰਦਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣਾ ਟਰੱਸਟ ਦਾ ਉਦੇਸ਼ : ਧੀਮਾਨ
ਲੋੜਵੰਦਾਂ ਅਤੇ ਗਰੀਬਾਂ ਨੂੰ ਬਿਹਤਰ ਸਿਹਤ ਸਹੂਲਤਾਂ ਪਹੁੰਚਾਉਣਾ ਟਰੱਸਟ ਦਾ ਉਦੇਸ਼ : ਪ੍ਰਦੀਪ ਧੀਮਾਨ
Publish Date: Tue, 31 Mar 2026 07:08 PM (IST)
Updated Date: Tue, 31 Mar 2026 07:10 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰੱਸਟ ਦੀ ਇਕ ਮਹੱਤਵਪੂਰਨ ਮੀਟਿੰਗ ਟਰੱਸਟ ਦੇ ਪ੍ਰਧਾਨ ਪ੍ਰਦੀਪ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਟਰੱਸਟ ਦੇ ਮੈਂਬਰਾਂ ਤੇ ਹਸਪਤਾਲ ਦੇ ਮੈਡੀਕਲ ਸਟਾਫ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਟਰੱਸਟ ਦੁਆਰਾ ਕੀਤੀਆਂ ਜਾ ਰਹੀਆਂ ਸਮਾਜਿਕ ਤੇ ਸਿਹਤ ਸੇਵਾਵਾਂ ਸਬੰਧੀ ਗਤੀਵਿਧੀਆਂ ਤੇ ਹਸਪਤਾਲ ਦੇ ਕੰਮਕਾਜ ਦੀ ਸਮੀਖਿਆ ਦੇ ਨਾਲ ਭਵਿੱਖ ਦੀਆਂ ਯੋਜਨਾਵਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਧਾਨ ਪ੍ਰਦੀਪ ਧੀਮਾਨ ਨੇ ਸਮੂਹ ਹਾਜ਼ਰੀਨ ਨੂੰ ਭਗਵਾਨ ਮਹਾਂਵੀਰ ਜਯੰਤੀ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਗਵਾਨ ਮਹਾਂਵੀਰ ਦੁਆਰਾ ਦਰਸਾਏ ਗਏ ਸੱਚ, ਅਹਿੰਸਾ ਤੇ ਸੇਵਾ ਦੇ ਮਾਰਗ ’ਤੇ ਚੱਲਣਾ ਸਮਾਜ ਦੀ ਸੱਚੀ ਸੇਵਾ ਹੈ। ਇਸ ਤੋਂ ਪ੍ਰੇਰਣਾ ਲੈਂਦੇ ਹੋਏ ਟਰੱਸਟ ਦਾ ਉਦੇਸ਼ ਵੀ ਲੋੜਵੰਦਾਂ ਤੇ ਗਰੀਬਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ ਤੇ ਇਸ ਦਿਸ਼ਾ ਵਿਚ ਨਿਰੰਤਰ ਯਤਨ ਜਾਰੀ ਰਹਿਣਗੇ। ਮੀਟਿੰਗ ਦੌਰਾਨ ਹਸਪਤਾਲ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ, ਲੋੜਵੰਦ ਮਰੀਜ਼ਾਂ ਨੂੰ ਰਾਹਤ ਪ੍ਰਦਾਨ ਕਰਨ ਤੇ ਭਵਿੱਖ ਵਿਚ ਸਮਾਜ ਭਲਾਈ ਲਈ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੈਂਬਰਾਂ ਨੇ ਟਰੱਸਟ ਦੀਆਂ ਗਤੀਵਿਧੀਆਂ ਨੂੰ ਹੋਰ ਵੱਡੇ ਪੱਧਰ ’ਤੇ ਵਧਾਉਣ ਦਾ ਸੰਕਲਪ ਲਿਆ ਤੇ ਸਮਾਜ ਸੇਵਾ ਦੇ ਕੰਮਾਂ ਵਿਚ ਰਲ-ਮਿਲ ਕੇ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ। ਅਖੀਰ ਵਿਚ ਭਗਵਾਨ ਮਹਾਂਵੀਰ ਜਯੰਤੀ ਦੇ ਸ਼ੁਭ ਮੌਕੇ ’ਤੇ ਸਮੂਹ ਟਰੱਸਟ ਮੈਂਬਰਾਂ ਨੇ ਮਨੁੱਖਤਾ ਦੀ ਸੇਵਾ ਕਰਨ ਤੇ ਸਮਾਜ ਵਿਚ ਭਾਈਚਾਰਾ ਤੇ ਸਦਭਾਵਨਾ ਬਣਾਈ ਰੱਖਣ ਦਾ ਪ੍ਰਣ ਲਿਆ। ਇਸ ਦੌਰਾਨ ਹਸਪਤਾਲ ਦੇ ਮੈਡੀਕਲ ਸਟਾਫ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜਸਪਾਲ ਸਿੰਘ ਲਾਲ, ਸੁਰਿੰਦਰ ਪਾਲ ਧੀਮਾਨ, ਗੁਰਨਾਮ ਸਿੰਘ ਜੂਤਲਾ, ਸੁਭਾਸ਼ ਧੀਮਾਨ, ਅਮੋਲਕ ਸਿੰਘ ਝੀਤਾ, ਰਾਜਿੰਦਰ ਸਿੰਘ ਰੂਪਰਾਏ, ਬਲਵਿੰਦਰ ਸਿੰਘ ਰਤਨ ਤੇ ਵਿਕਰਮ ਰੂਪਰਾਏ ਸਮੇਤ ਹੋਰ ਪਤਵੰਤੇ ਹਾਜ਼ਰ ਸਨ।