ਗਲਤੀ ਪ੍ਰਸ਼ਾਸਨ ਦੀ ਦੋਸ਼ ਕਿਸਾਨਾਂ ’ਤੇ ਗਲਤੀ ਪ੍ਰਸ਼ਾਸਨ ਦੀ ਦੋਸ਼ ਕਿਸਾਨਾ ਤੇ
Publish Date: Thu, 12 Nov 2026 07:59 PM (IST)
Updated Date: Thu, 12 Nov 2026 08:00 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਇਸ ਕਦਰ ਦੂਸ਼ਿਤ ਹੋ ਚੁੱਕਾ ਹੈ ਕਿ ਉਥੇ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਦਿੱਲੀ ਦੇ ਸਿਆਸੀ ਲੀਡਰ ਆਪਣੀ ਸਿਆਸਤ ਚਮਕਾੳਣ ਲਈ ਸਾਰਾ ਦੋਸ਼ ਪੰਜਾਬ ਦੇ ਕਿਸਾਨਾਂ ਸਿਰ ਮੜ੍ਹ ਰਹੇ ਹਨ ਕਿ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਾਉਣ ਨਾਲ ਦਿੱਲੀ ਦੀ ਹਵਾ ਦੂਸ਼ਿਤ ਹੋਈ ਹੈ। ਇਹ ਸਰਾਸਰ ਆਪਣੀ ਗਲਤੀ ਨੂੰ ਕਿਸਾਨਾਂ ’ਤੇ ਮੜ੍ਹਿਆ ਜਾ ਰਿਹਾ ਹੈ, ਜਦਕਿ ਦਿਲੀ ਦੀਆ ਰਿਪੋਰਟਾਂ ਦਾ ਸਰਵੇ ਕਰਨ ਤੋਂ ਸਾਫ ਪਤਾ ਲਗਦਾ ਹੈ ਕਿ ਝੋਨੇ ਦੀ ਪਰਾਲੀ ਨਾਲ ਸਿਰਫ 2 ਕੁ ਫੀਸਦੀ ਪ੍ਰਦੁਸ਼ਨ ਹੁੰਦਾ ਹੈ ਜੋਕਿ ਦਿੱਲੀ ਦੇ ਨੇੜਲੇ ਖੇਤਾਂ ਵਿਚ ਅੱਗ ਲਗਾਉਣ ਕਾਰਣ ਹੈ ਜਦਕਿ ਉਦਯੋਗ, ਟੈ੍ਰਫਿਕ, ਵਾਹਨਾਂ, ਫੈਕਟਰੀਆਂ ਨਾਲ ਦਿੱਲੀ ਪ੍ਰਦੂਸ਼ਿਤ ਹੋਈ ਹੈ। ਇਸ ਸਬੰਧੀ ਫਗਵਾੜਾ ਦੇ ਸੂਝਵਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕੁਝ ਇਸ ਤਰ੍ਹਾਂ ਆਪਣੇ ਵਿਚਾਰ ਦੱਸੇ- ਦਿੱਲੀ ਦੀ ਹਵਾ ਦੂਸ਼ਿਤ ਹੋਣ ਵਿਚ ਉਥੋਂ ਦੇ ਲੀਡਰਾਂ ਦਾ ਯੋਗਦਾਨ ਸ਼੍ਰੋਮਣੀ ਅਕਾਲੀ ਦਲ ਫਗਵਾੜਾ ਦਿਹਾਤੀ ਦੇ ਯੂਥ ਪ੍ਰਧਾਨ ਰਣਜੀਤ ਸਿੰਘ ਜੀਤੀ ਖੇੜਾ ਨੇ ਕਿਹਾ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਇਸ ਕਦਰ ਦੂਸ਼ਿਤ ਹੋ ਚੁੱਕਾ ਹੈ ਕਿ ਉਥੇ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਦਿਲੀ ਦੇ ਸਿਆਸੀ ਲੀਡਰ ਆਪਣੀ ਸਿਆਸਤ ਚਮਕਾੳਣ ਲਈ ਸਾਰਾ ਦੋਸ਼ ਕਿਸਾਨਾਂ ਸਿਰ ਮੜ੍ਹ ਰਹੇ ਹਨ ਕਿ ਕਿਸਾਨਾਂ ਦੇ ਪੰਜਾਬ, ਹਰਿਆਣਾ ਵਿੱਚ ਪਰਾਲੀ ਨੂੰ ਅੱਗ ਲਾਉਣ ਨਾਲ ਦਿੱਲੀ ਦੀ ਹਵਾ ਦੂਸ਼ਿਤ ਹੋਈ ਹੈ। ਇਹ ਸਰਾਸਰ ਆਪਣੀ ਗਲਤੀ ਨੂੰ ਕਿਸਾਨਾਂ ’ਤੇ ਮੜ੍ਹਿਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਯੂਥ ਪ੍ਰਧਾਨ ਰਣਜੀਤ ਸਿੰਘ ਜੀਤੀ ਖੇੜਾ ਨੇ ਆਖਿਆ ਕਿ ਲੀਡਰਾਂ ਨੇ ਸਾਰੀ ਦਿੱਲੀ ਦੇ ਦਰਖਤ ਵਿਕਾਸ ਦੇ ਨਾਮ ’ਤੇ ਕਟਵਾ ਕੇ ਡਕਾਰ ਲਏ ਹਨ। ਦਿੱਲੀ ਵਿੱਚ ਲਗੇ ਸੰਘਣੇ ਦਰਖਤਾਂ ਨੂੰ ਕਟਕੇ ਪੱਕੀਆਂ ਸੜਕਾਂ, ਇੰਟਰਲਾਕ ਟਾਇਲਾਂ ਦੀਆਂ ਗਲੀਆਂ ਆਦਿ ਵਿੱਚ ਤਬਦੀਲ ਕਰਵਾ ਦਿੱਤਾ ਗਿਆ ਹੈ ਤੇ ਹੁਣ ਦਰਖਤਾਂ ਦੀ ਘਾਟ ਨਾਲ ਹਵਾ ਦੂਸ਼ਿਤ ਹੋ ਰਹੀ ਹੈ ਤੇ ਦੋਸ਼ ਪੰਜਾਬ ਦੇ ਕਿਸਾਨਾਂ ’ਤੇ ਮੜ੍ਹਿਆ ਜਾ ਰਿਹਾ ਹੈ। ਇੱਥੇ ਸਾਰੀ ਗਲਤੀ ਉਥੋਂ ਦੇ ਸਿਆਸੀ ਲੀਡਰਾਂ ਦੀ ਹੈ। ਸੋਚਣ ਵਾਲੀ ਗਲ ਹੈ ਕਿ ਹਰਿਆਣਾ ਛੱਡਕੇ ਪੰਜਾਬ ਦਾ ਧੂੰਆਂ ਦਿੱਲੀ ਕਿਹੜੀ ਟਰੇਨ, ਪਲੇਨ ਜਾਂ ਟਰਾਲੇ ਵਿਚ ਜਾਂਦਾ ਹੈ। ਪੰਜਾਬ ਵਿਚ ਵੀ ਹੋ ਰਹੀ ਹੈ ਅੰਨ੍ਹੇਵਾਹ ਰੁੱਖਾਂ ਦੀ ਕਟਾਈ ਸ੍ਰੋਮਣੀ ਅਕਾਲੀ ਦਲ ਫਗਵਾੜਾ ਦੇ ਸੂਬਾ ਮੀਤ ਪ੍ਰਧਾਨ ਅਵਤਾਰ ਸਿੰਘ ਭੂੰਗਰਨੀ ਨੇ ਆਖਿਆ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਹਵਾ ਵੀ ਦਿੱਲੀ ਵਾਂਗ ਦੂਸ਼ਿਤ ਹੋ ਜਾਵੇਗੀ। ਰੁੱਖਾਂ ਦੀ ਕਟਾਈ ਤਾਂ ਪੰਜਾਬ ਵਿੱਚ ਵੀ ਅੰਨ੍ਹੇਵਾਹ ਹੋ ਰਹੀ ਹੈ। ਭਾਵੇਂ ਸਥਾਨਕ ਸਰਕਾਰਾਂ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਵੱਡੀ ਗਿਣਤੀ ਵਿਚ ਬੂਟੇ ਲਗਾਏ ਗਏ ਹਨ ਪਰ ਲਗਾਏ ਬੂਟਿਆਂ ਦੀ ਸੰਭਾਲ ਕੋਈ ਨਹੀ ਕਰਦਾ। ਉਨ੍ਹਾਂ ਆਖਿਆ ਕਿ ਹਵਾ ਵਿੱਚ ਫੈਲ ਰਿਹਾ ਜ਼ਹਿਰ ਸਾਡੀ ਆਉਣ ਵਾਲ਼ੀ ਪੀੜੀ ਲਈ ਘਾਤਕ ਸਾਬਿਤ ਹੋਵੇਗਾ। ਆਉਣ ਵਾਲੇ ਕੁਝ ਸਾਲਾਂ ਤੱਕ ਪੰਜਾਬ ਵੀ ਦਿੱਲੀ ਬਣ ਸਕਦਾ ਹੈ, ਇਸ ਲਈ ਸਾਨੂੰ ਜਾਗਣਾ ਪਵੇਗਾ ਤੇ ਮਿਹਨਤ ਕਰਕੇ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਕੇ ਉਨ੍ਹਾ ਦੀ ਸੰਭਾਲ ਕਰਨੀ ਪਵੇਗੀ। ਜਿਵੇਂ-ਜਿਵੇਂ ਸਾਡੇ ਬੱਚੇ ਵੱਡੇ ਹੋਣਗੇ, ਉਸੇ ਤਰ੍ਹਾਂ ਬੂਟੇ ਵੀ ਵੱਡੇ ਹੋਕੇ ਸਾਡੇ ਬੱਚਿਆਂ ਨੂੰ ਸਾਫ ਹਵਾ ਦੇਕੇ ਹਿਫਾਜਤ ਕਰਨਗੇ। ਗਲਤੀ ਦਿੱਲੀ ਦੀ ਦੋਸ਼ ਪੰਜਾਬ ’ਤੇ ਸ੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਦਿਹਾਤੀ ਪ੍ਰਧਾਨ ਜਸਵਿੰਦਰ ਸਿੰਘ ਘੁੰਮਣ ਨੇ ਆਖਿਆ ਕਿ ਸਿਆਸੀ ਲੀਡਰ ਆਪਣੀ ਗਲਤੀ ਛੁਪਾਉਣ ਲਈ ਸਾਰਾ ਦੋਸ਼ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ’ਤੇ ਮੜ੍ਹ ਰਹੇ ਹਨ। ਮਿਸਾਲ ਦੇ ਤੌਰ ’ਤੇ ਜੇਕਰ ਇਕ ਗਿਲਾਸ ਪਾਣੀ ਦਾ ਭਰਿਆ ਹੋਇਆ ਹੈ ਤਾਂ ਉਸ ਵਿੱਚ ਹੋਰ ਪਾਣੀ ਪਾਉਣ ਨਾਲ ਪਾਣੀ ਬਾਹਰ ਡਿੱਗਣ ਲਗੇਗਾ। ਇਸੇ ਤਰਾ ਦਿੱਲੀ ਦੀ ਹਵਾ ਵਾਹਨਾਂ, ਫੈਕਟਰੀਆਂ ਦੇ ਧੂੰਏਂ ਆਦਿ ਨਾਲ ਪੂਰੀ ਤਰ੍ਹਾਂ ਦੂਸ਼ਿਤ ਹੋ ਚੁੱਕੀ ਹੈ ਤੇ ਸਿਆਸੀ ਲੀਡਰ ਆਪਣੀ ਗਲਤੀ ਛੁਪਾਉਣ ਲਈ ਸਾਰਾ ਦੋਸ਼ ਕਿਸਾਨਾਂ ਸਿਰ ਪਾ ਰਹੇ ਹਨ। ਉਨ੍ਹਾਂ ਆਖਿਆ ਕਿ ਵਿਕਾਸ ਬਹੁਤ ਜ਼ਰੂਰੀ ਹੈ ਪਰ ਵਿਕਾਸ ਦੇ ਨਾਮ ’ਤੇ ਕੱਟੇ ਜਾ ਰਹੇ ਰੁੱਖਾਂ ਨੂੰ ਵੇਚਕੇ ਸਿਆਸੀ ਲੀਡਰ ਪੈਸੇ ਡਕਾਰ ਜਾਂਦੇ ਹਨ। ਵੱਢੇ ਗਏ ਇਕ ਰੁੱਖ ਨਾਲ ਹੀ ਸੈਂਕੜੇ ਰੁੱਖ ਲਗਾਉਣ ਦੇ ਪੈਸੇ ਇਕੱਠੇ ਹੋ ਜਾਂਦੇ ਹਨ ਪਰ ਸਿਆਸੀ ਲੀਡਰ ਸਿਰਫ ਸਿਆਸੀ ਰੋਟੀਆਂ ਹੀ ਸੇਕ ਸਕਦੇ ਹਨ। ਵੱਧ ਤੋਂ ਵੱਧ ਬੂਟੇ ਲਗਾਉਣਾ ਸਾਡੀ ਸਭਦੀ ਜ਼ਿੰਮੇਵਾਰੀ ਸ਼ਰੋਮਣੀ ਅਕਾਲੀ ਦਲ ਦੇ ਐੱਸਸੀ ਵਿੰਗ ਸੂਬਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਨੇ ਆਖਿਆ ਕਿ ਜਦੋਂ ਸਾਨੂੰ ਭੁੱਖ ਲੱਗਦੀ ਹੈ ਤਾਂ ਅਸੀ ਫਟਾਫਟ ਖਾਣਾ ਲੱਭਦੇ ਹਾਂ ਸਾਡੀ ਧਰਤੀ ਨੂੰ ਵੀ ਰੁੱਖਾਂ ਦੀ ਭੁੱਖ ਲੱਗੀ ਹੋਈ ਹੈ ਸਾਨੂੰ ਸਾਰਿਆਂ ਨੂੰ ਸਿਆਸੀ ਲੀਡਰਾਂ ਦਾ ਪਿੱਛਾ ਛੱਡਕੇ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਕੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਦਿੱਲੀ ਵਿੱਚ ਵੀ ਸਭਤੋਂ ਪਹਿਲ਼ਾਂ ਰੁੱਖਾਂ ਦੀ ਘਾਟ ਕਾਰਣ ਸੂਰਜ ਦੀ ਤੇਜ਼ ਤਪਸ਼ ਲੋਕ ਝੱਲ ਰਹੇ ਸਨ ਤੇ ਹੁਣ ਪੰਜਾਬ ਵਿੱਚ ਵੀ ਸੂਰਜ ਆਪਣਾ ਰੰਗ ਦਿਖਾਉਣ ਲੱਗਾ ਹੈ ਆਉਣ ਵਾਲੇ ਕੁਝ ਸਾਲਾਂ ਤੱਕ ਪੰਜਾਬ ਵਿੱਚ ਵੀ ਹਲਾਤ ਦਿੱਲੀ ਵਾਂਗ ਹੋਣ ਵਾਲੇ ਹਨ। ਹਰ ਰੋਜ਼ ਵਾਤਾਵਰਣ ਦੀ ਤਪਸ਼ ਵਿੱਚ ਵਾਧਾ ਹੋ ਰਿਹਾ ਹੈ। ਧਰਤੀ ਤੋ ਵੱਢੇ ਜਾ ਰਹੇ ਅੰਨ੍ਹੇਵਾਹ ਰੁੱਖਾਂ ਕਾਰਨ ਤਾਪਮਾਨ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਜੋਕਿ ਧਰਤੀ ’ਤੇ ਰਹਿ ਰਹੇ ਜੀਵ-ਜੰਤੂਆਂ ਲਈ ਬਹੁਤ ਘਾਤਕ ਸਾਬਤ ਹੋਣ ਵਾਲਾ ਹੈ। ਧਰਤੀ ਲੋਕਾਂ ਤੋਂ ਉਮੀਦ ਲਗਾਈ ਬੈਠੀ ਹੈ ਕਿ ਉਸਨੂੰ ਸਿਰਫ ਰੁੱਖਾਂ ਦੀ ਭੁੱਖ ਹੈ। ਲੋਕ ਜਾਗਰੂਕ ਹੋ ਕੇ ਵੱਧ ਤੋਂ ਵੱਧ ਬੂਟੇ ਲਗਾਕੇ ਧਰਤੀ ਦੀ ਭੁੱਖ ਨੂੰ ਸ਼ਾਂਤ ਕਰ ਸਕਦੇ ਹਨ। ਹਾਲੇ ਵੀ ਸਮਾਂ ਸੰਭਾਲਣ ਦੀ ਲੋੜ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਸੂਬਾ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਕੁਲਾਰ ਆਖਿਆ ਕਿ ਸਾਨੂੰ ਵਾਤਾਵਰਣ ਤੋਂ ਮੰਗਣ ਦੀ ਆਦਤ ਹੈ ਪਰ ਜਦੋਂ ਸਾਡਾ ਫਰਜ਼ ਬਣਦਾ ਹੈ ਰੁੱਖ ਲਗਾਕੇ ਪਾਣੀ ਬਚਾਕੇ ਵਾਤਾਵਰਣ ਨੂੰ ਸੰਤੁਲਿਤ ਕਰੀਏ ਤਾਂ ਅਸੀ ਪਿੱਛੇ ਹੱਟ ਜਾਦੇ ਹਾਂ, ਜਿਸਦਾ ਖਾਮਿਆਜ਼ਾ ਅੱਜ ਦਿੱਲੀ ਦੇ ਲੋਕ ਭੁਗਤ ਰਹੇ ਹਨ। ਵਾਤਾਵਰਣ ਨੂੰ ਵਿਗਾੜਨ ਕੋਈ ਬਾਹਰੀ ਲੋਕ ਨਹੀ ਆਏ, ਅਸੀਂ ਸਾਰਿਆਂ ਨੇ ਆਪਣੇ ਲਈ ਇੰਨਾ ਘਾਤਕ ਸਮਾਂ ਪੈਦਾ ਕਰ ਲਿਆ ਹੈ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਨਾ ਤਾਂ ਪਾਣੀ ਮਿਲੇਗਾ ਤੇ ਨਾ ਹੀ ਸਾਫ਼ ਵਾਤਾਵਰਣ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਸੜਕਾਂ ਦਾ ਜਾਲ ਵਿੱਛ ਚੁੱਕਾ ਹੈ। ਦੇਸ਼ ਦਾ ਵਿਕਾਸ ਜ਼ਰੂਰੀ ਹੈ ਪਰ ਵਾਤਾਵਰਣ ਦਾ ਨਾਸ਼ ਕਰਕੇ ਹੋਇਆ ਵਿਕਾਸ਼ ਵਿਨਾਸ਼ ਦੇ ਸਮਾਨ ਹੈ। ਉਨ੍ਹਾਂ ਕਿਹਾ ਕਿ ਬੇਵਜ੍ਹਾ ਕਿਸਾਨਾਂ ਨੂੰ ਦੋਸ਼ ਦੇਣਾ ਬੰਦ ਕਰਕੇ ਪ੍ਰਸ਼ਾਸਨ ਨੂੰ ਖਾਲੀ ਪਈਆਂ ਥਾਂਵਾਂ ’ਤੇ ਵੱਧ ਤੋਂ ਵੱਧ ਬੂਟੇ ਲਗਵਾਉਣੇ ਚਾਹੀਦੇ ਹਨ।