ਸਿੱਖਿਆ ਕ੍ਰਾਂਤੀ ਦੇ ਪ੍ਰਚਾਰ ਲਈ ਵਿਦਿਆਰਥੀਆਂ ਦੇ ਮੋਢੇ ਨਾ ਵਰਤੇ ਆਪ ਸਰਕਾਰ : ਜੀਟੀਯੂ ਸਿੱਖਿਆ ਕ੍ਰਾਂਤੀ ਦੇ ਪ੍ਰਚਾਰ ਲਈ ਵਿਿਦਆਰਥੀਆਂ ਦੇ ਮੋਢੇ ਨਾ ਵਰਤੇ ਆਪ ਸਰਕਾਰ -ਜੀ.ਟੀ.ਯੂ
Publish Date: Tue, 21 Jul 2026 07:00 PM (IST)
Updated Date: Tue, 21 Jul 2026 07:01 PM (IST)
ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਹਾਇਕ ਪ੍ਰੈੱਸ ਗਣੇਸ਼ ਭਗਤ, ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੁਖਚੈਨ ਸਿੰਘ ਬੱਧਣ ਅਤੇ ਜ਼ਿਲ੍ਹਾ ਕਪੂਰਥਲਾ ਦੇ ਸੀਨੀਅਰ ਆਗੂ ਦਲਜੀਤ ਸਿੰਘ ਸੈਣੀ ਅਤੇ ਤਹਿਸੀਲ ਫਗਵਾੜਾ ਦੇ ਬਲਾਕ ਪ੍ਰਧਾਨ ਪਰਮਜੀਤ ਸਿੰਘ ਚੌਹਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਮੋਢਾ ਵਰਤ ਕੇ ਪੰਜਾਬ ਦੀ ਅਖੌਤੀ ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਦਾ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਆਗੂਆਂ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਸਰਕਾਰ ਇਸ ਤਰ੍ਹਾਂ ਦੇ ਪ੍ਰਚਾਰ ਦਾ ਡਟਵਾਂ ਵਿਰੋਧ ਕਰਦੀ ਸੀ ਪਰ ਸੱਤਾ ਮਿਲਦਿਆਂ ਹੀ ਸਰਕਾਰ ਨੇ ਆਪਣੇ ਪ੍ਰਚਾਰ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਹੁਣ ਸਰਕਾਰ ਦੁਆਰਾ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵਰਤਿਆ ਜਾ ਰਿਹਾ ਹੈ। ਇਸੇ ਤਹਿਤ ਕਦੇ ਮੁੱਖ ਮੰਤਰੀ ਦੀਆਂ ਫੋਟੋਆਂ ਵਾਲੇ ਲਿਫਾਫੇ ਭੇਜੇ ਜਾਂਦੇ ਹਨ, ਕਦੇ ਮਾਪੇ ਅਧਿਆਪਕ ਮਿਲਣੀ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਦੇ ਇਸ਼ਤਿਹਾਰ ਭੇਜੇ ਜਾਂਦੇ ਹਨ ਅਤੇ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ਜਾ ਰਹੇ ਹਨ ਜਿਨ੍ਹਾਂ ਦੇ ਉੱਪਰ ਵੀ ਮੁੱਖ ਮੰਤਰੀ ਦੀ ਫੋਟੋ ਲੱਗੀ ਹੋਈ ਹੈ। ਆਖਰ ਭਗਵੰਤ ਮਾਨ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ। ਬੜੀ ਹੈਰਾਨੀ ਦੀ ਗੱਲ ਹੈ। ਪਿਛਲੇ ਸਾਢੇ ਚਾਰ ਸਾਲ ਤੋਂ ਸੱਤਾ ਵਿੱਚ ਹੋਣ ਦੇ ਬਾਵਜੂਦ ਆਪਣਾ ਇਸ਼ਤਿਹਾਰ ਬਾਜ਼ੀ ਦਾ ਤਰੀਕਾ ਨਹੀਂ ਛੱਡਿਆ। ਕਰੋੜਾਂ ਰੁਪਏ ਇਸ਼ਤਿਹਾਰ ਬਾਜ਼ੀ ਤੇ ਖਰਚ ਕਰ ਦਿੱਤੇ। ਪੰਜਾਬ ਭਰ ਦੇ ਮੁਲਾਜ਼ਮਾ ਅਤੇ ਪੈਨਸ਼ਨਰਾਂ ਦਾ 18 ਪ੍ਰਤੀਸ਼ਤ ਡੀਏ ਦੇਣ ਲਈ ਪੈਸੇ ਨਹੀਂ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆ ਨੇ ਇਸ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਨੂੰ ਆਪਣੇ ਪ੍ਰਚਾਰ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਖਾਸ ਕਰਕੇ ਵਿਦਿਆਰਥੀਆਂ ਦੇ ਮੋਢੇ ਨਹੀਂ ਵਰਤਣੇ ਚਾਹੀਦੇ। ਪੰਜਾਬ ਵਿੱਚ ਅਖੌਤੀ ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਕਰਨ ਤੋਂ ਪਹਿਲੋਂ ਸਰਕਾਰ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸੈਂਕੜੇ ਅਸਾਮੀਆਂ ਖਾਲੀ ਹਨ, ਅਧਿਆਪਕ ਪ੍ਰਮੋਸ਼ਨਾਂ ਨੂੰ ਤਰਸ ਰਹੇ ਹਨ ਅਤੇ ਅਨੇਕਾਂ ਗੈਰ-ਵਿੱਦਿਅਕ ਕੰਮਾਂ ਕਾਰਨ ਅਧਿਆਪਕਾਂ ਨੂੰ ਸਕੂਲਾਂ ਤੋਂ ਬਾਹਰ ਰੱਖਿਆ ਹੋਇਆ ਹੈ ਅਤੇ 70% ਤੋਂ ਵੱਧ ਅਧਿਆਪਕ ਸਕੂਲਾਂ ਤੋਂ ਬਾਹਰ ਗੈਰ-ਵਿੱਦਿਆ ਕੰਮਾਂ ਵਿੱਚ ਲੱਗੇ ਹੋਏ ਹਨ ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਪੰਜਾਬ ਸਰਕਾਰ ਅਖੌਤੀ ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਕਰ ਰਹੀ ਹੈ। ਇਸ ਲਈ ਸਰਕਾਰ ਇਸ ਫੋਕੀ ਸ਼ੋਹਰਤਬਾਜ਼ੀ ਨੂੰ ਛੱਡ ਕੇ ਸਕੂਲ ਸਿੱਖਿਆ ਵੱਲ ਧਿਆਨ ਦੇਵੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਸਲੇ ਹੱਲ ਕਰੇ।