ਆਪ ਸਰਕਾਰ ਨਸ਼ਾ ਰੋਕਣ ’ਚ ਪੂਰੀ ਤਰ੍ਹਾਂ ਅਸਫ਼ਲ ਰਹੀ : ਸੂਰੀ ਆਪ ਸਰਕਾਰ ਨਸ਼ਾ ਤਸਕਰਾਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ-ਚੇਤਨ ਸੂਰੀ
Publish Date: Sat, 26 Sep 2026 09:35 PM (IST)
Updated Date: Sat, 26 Sep 2026 09:36 PM (IST)
---ਭਾਜਪਾ ਆਗੂਆਂ ਨੇ ਨਸ਼ਾ ਮੁਕਤੀ ਰੱਥ ਯਾਤਰਾ ਦੇ ਸਵਾਗਤ ਸਬੰਧੀ ਕੀਤੀ ਚਰਚਾ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ‘ਭਾਜਪਾ ਦਾ ਨਾਅਰਾ ਨਸ਼ਾ ਮੁਕਾਉਣਾ ਸਾਰਾ’ ਮੁਹਿੰਮ ਦੇ ਚਲਦਿਆਂ ਕਪੂਰਥਲਾ ਵਿਖੇ 28 ਸਤੰਬਰ ਸੋਮਵਾਰ ਨੂੰ ਪਹੁੰਚ ਰਹੀ ਵਿਸ਼ਾਲ ਨਸ਼ਾ ਮੁਕਤੀ ਯਾਤਰਾ ਤਿਆਰੀਆਂ ਸਬੰਧੀ ਭਾਜਪਾ ਆਗੂਆਂ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਵਾਰਡ ਨੰ. 33 ਸ਼ੇਖੂਪੁਰ ਵਿਖੇ ਰੱਖੀ ਗਈ। ਇਸ ਮੀਟਿੰਗ ਵਿਚ ਭਾਜਪਾ ਦੀ ਟਿਕਟ ’ਤੇ ਨਗਰ ਨਿਗਮ ਚੋਣਾਂ ਲੜ ਚੁੱਕੇ ਲਗਭਗ ਸਾਰੇ ਕੌਂਸਲਰਾਂ ਨੇ ਭਾਗ ਲਿਆ ਤੇ ਉਨ੍ਹਾਂ ਦੇ ਵਾਰਡ ਦੇ ਸਾਥੀਆਂ ਨਾਲ ਯਾਤਰਾ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਲੋੜ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਮਾਜ ਦੇ ਹਰ ਵਰਗ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਭਾਜਪਾ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਵਾਰਡ-ਵਾਰਡ ਤੋਂ ਲੋਕਾਂ ਨੂੰ ਨਾਲ ਲੈ ਕੇ 28 ਸਤੰਬਰ ਨੂੰ ਕਪੂਰਥਲਾ ਪਹੁੰਚਣ ਤੇ ਨਸ਼ਾ ਮੁਕਤੀ ਰੱਥ ਯਾਤਰਾ ਦਾ ਸਵਾਗਤ ਕਰਨ। ਚੇਤਨ ਸੂਰੀ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਦਾ ਸੰਦੇਸ਼ ਲੈ ਕੇ ਕੱਢੀ ਜਾ ਰਹੀ ਇਹ ਰੱਥ ਯਾਤਰਾ ਸੋਮਵਾਰ 28 ਸਤੰਬਰ ਨੂੰ ਕਪੂਰਥਲਾ ਪਹੁੰਚੇਗੀ। ਚੇਤਨ ਸੂਰੀ ਨੇ ਕਿਹਾ ਕਿ ਪੰਜਾਬ ਦੀ ਨੌਜਵਾਨ ਸ਼ਕਤੀ ਸੂਬੇ ਦੀ ਸਭ ਤੋਂ ਵੱਡੀ ਤਾਕਤ ਹੈ। ਜੇਕਰ ਨੌਜਵਾਨਾਂ ਨੂੰ ਸਿੱਖਿਆ, ਖੇਡਾਂ, ਰੁਜ਼ਗਾਰ ਤੇ ਰਚਨਾਤਮਕ ਗਤੀਵਿਧੀਆਂ ਨਾਲ ਜੋੜਿਆ ਜਾਵੇ ਤਾਂ ਉਹ ਸੂਬੇ ਦੇ ਵਿਕਾਸ ’ਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਨਾ ਸਿਰਫ਼ ਵਿਅਕਤੀ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ, ਸਗੋਂ ਪਰਿਵਾਰਾਂ ਨੂੰ ਤੋੜਨ ਤੇ ਸਮਾਜ ਦੀ ਆਰਥਿਕ ਤੇ ਸਮਾਜਿਕ ਵਿਵਸਥਾ ਨੂੰ ਕਮਜ਼ੋਰ ਕਰਨ ਦਾ ਕਾਰਨ ਵੀ ਬਣਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਭਾਜਪਾ ਦੀ ਪਹਿਲ ਹੈ। ਮੀਟਿੰਗ ਵਿੱਚ ਭਾਜਪਾ ਆਗੂਆਂ ਨੇ ਕਿਹਾ ਕਿ 28 ਸਤੰਬਰ ਨੂੰ ਹੋਣ ਵਾਲੀ ਨਸ਼ਾ ਮੁਕਤੀ ਯਾਤਰਾ ਪੰਜਾਬ ਨੂੰ ਨਸ਼ਿਆਂ ਖ਼ਿਲਾਫ਼ ਏਕਤਾ ਦਾ ਸੰਦੇਸ਼ ਦੇਵੇਗੀ। ਚੇਤਨ ਸੂਰੀ ਨੇ ਕਿਹਾ ਕਿ ਯਾਤਰਾ ਦੇ ਸਵਾਗਤ ਨੂੰ ਲੈ ਕੇ ਵਰਕਰਾਂ ਵਿੱਚ ਉਤਸ਼ਾਹ ਹੈ ਤੇ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਸਮੇਤ ਸਥਾਨਕ ਲੋਕ ਵੀ ਇਸ ਵਿੱਚ ਸ਼ਾਮਲ ਹੋਣਗੇ। ਸੂਰੀ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਨਸ਼ਿਆਂ ਨੂੰ ਖਤਮ ਕਰਨ ਦੇ ਵੱਡੇ-ਵੱਡੇ ਵਾਅਦੇ ਕਰ ਕੇ ਸੱਤਾ ਵਿੱਚ ਆਈ ਸੀ ਪਰ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਨਸ਼ੇ ਦੀ ਵਰਤੋ ਘਟਣ ਦੀ ਬਜਾਏ ਤੇਜ਼ੀ ਨਾਲ ਵਧੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਤਸਕਰਾਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਆਵਾਜ਼ ਚੁੱਕਣ ਵਾਲੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਸੱਤਾ ਵਿੱਚ ਆਉਣ ਤੋਂ ਇੰਨੇ ਸਮੇਂ ਬਾਅਦ ਵੀ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਤੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣਾ ਹੈ। ਇਸ ਮੌਕੇ ਮਨੂ ਧੀਰ, ਕੌਂਸਲਰ ਰਜੇਸ਼ ਸ਼ਰਮਾ, ਸਾਬਕਾ ਕੌਂਸਲਰ ਗਗਨ ਪਾਸੀ, ਪੁਸ਼ਪ ਪਾਸੀ, ਪ੍ਰਦੀਪ ਠਾਕੁਰ, ਬਾਊ ਰਾਮ, ਨਿਰਮਲ ਸਿੰਘ ਨਾਹਰ, ਕਰਨੈਲ ਸਿੰਘ, ਸਲਿਲ ਪਾਸੀ, ਵਿੱਕੀ, ਸੰਦੀਪ ਕੁਮਾਰ ਕਾਂਤ, ਚੇਤਨ ਮਲਣ, ਵਿਸ਼ਾਲ ਸੋਂਧੀ ਸਮੇਤ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਸਨ।