ਸਾਹਨੇਵਾਲ ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ ਚੁਣੇ ਗਏ ਮਾਸਟਰ ਕੇਡਰ ਯੂਨੀਅਨ ਪੰਜਾਬ ਦਾ 6ਵਾਂ ਸੂਬਾ ਪੱਧਰੀ ਅਜਲਾਸ ਜਲੰਧਰ ਵਿਖੇ ਹੋਇਆ
Publish Date: Sun, 01 Nov 2026 09:08 PM (IST)
Updated Date: Sun, 01 Nov 2026 09:11 PM (IST)
--ਨਵੀਂ ਸੂਬਾ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ -- 6ਵਾਂ ਸੂਬਾ ਪੱਧਰੀ ਅਜਲਾਸ ਹੋਇਆ ਸੰਪੰਨ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਫਾਊਂਡਰ ਮੈਂਬਰਾਂ ਦੀ ਅਗਵਾਈ ਹੇਠ ਡਾ. ਬੀਆਰ ਅੰਬੇਡਕਰ ਭਵਨ, ਜਲੰਧਰ ਵਿਖੇ ਸੂਬਾ ਪੱਧਰੀ ਅਜਲਾਸ ਕਰਵਾਇਆ ਗਿਆ। ਇਹ ਅਜਲਾਸ ਜਥੇਬੰਦੀ ਦੇ ਫਾਊਂਡਰ ਮੈਂਬਰਾਂ ਸਾਥੀ ਰਣਜੀਤ ਸਿੰਘ, ਸਾਥੀ ਗੁਰਿੰਦਰਜੀਤ ਸਿੰਘ ਮਜੀਠਾ, ਸਾਥੀ ਪ੍ਰਭਜਿੰਦਰ ਸਿੰਘ ਅੰਮ੍ਰਿਤਸਰ, ਸਾਥੀ ਦਲਵਿੰਦਰ ਸਿੰਘ ਗਿੱਲ, ਸਾਥੀ ਵਾਸ਼ਿੰਗਟਨ ਸਿੰਘ ਸਮੀਰਵਾਲ ਤੇ ਸਾਬਕਾ ਸੂਬਾ ਪ੍ਰਧਾਨ ਸਾਥੀ ਬਲਦੇਵ ਸਿੰਘ ਬੁੱਟਰ ਦੀ ਅਗਵਾਈ ਹੇਠ ਹੋਇਆ। ਇਸ ਸਮੁੱਚੇ ਪ੍ਰੋਗਰਾਮ ਦੇ ਪ੍ਰਬੰਧਾਂ ਵਿੱਚ ਜਥੇਬੰਦੀ ਦੇ ਪੁਰਾਣੇ ਸਿਪਾਹੀ ਤੇ ਆਗੂ ਸਾਥੀ ਹਰਭਜਨ ਸਿੰਘ ਮੰਡ ਨੇ ਵਿਸ਼ੇਸ਼ ਭੂਮਿਕਾ ਨਿਭਾਈ ਤੇ ਜਲੰਧਰ ਜ਼ਿਲ੍ਹੇ ਦੇ ਪ੍ਰਬੰਧ ਉਨ੍ਹਾਂ ਦੀ ਦੇਖ-ਰੇਖ ਹੇਠ ਕੀਤੇ ਗਏ। ਇਸ ਅਜਲਾਸ ਦੌਰਾਨ ਜਥੇਬੰਦੀ ਦੀ ਨਵੀਂ ਸੂਬਾ ਕਮੇਟੀ ਦੀ ਚੋਣ ਕੀਤੀ ਗਈ ਤੇ ਅਧਿਆਪਕਾਂ ਤੇ ਸਮੁੱਚੇ ਮੁਲਾਜ਼ਮ ਵਰਗ ਦੀਆਂ ਭਖਦੀਆਂ ਮੰਗਾਂ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਅਜਲਾਸ ਵਿੱਚ ਫੈਸਲਾ ਕੀਤਾ ਗਿਆ ਕਿ ਜਿਹੜੇ ਸਾਥੀ ਰਹਿੰਦੇ ਹਨ, ਉਨ੍ਹਾਂ ਨੂੰ ਵੀ ਜਥੇਬੰਦੀ ਦੇ ਵਿਸਥਾਰ ਤੇ ਮਜ਼ਬੂਤੀ ਲਈ ਆਉਣ ਵਾਲੇ ਦਿਨਾਂ ਵਿੱਚ ਸੂਬਾ ਕਮੇਟੀ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਜਲਾਸ ਦੌਰਾਨ ਮਾਸਟਰ ਕੇਡਰ ਯੂਨੀਅਨ ਪੰਜਾਬ ਦੀਆਂ ਪ੍ਰਮੁੱਖ ਮੰਗਾਂ ਸਬੰਧੀ ਇੱਕ ਵਿਸਥਾਰਪੂਰਵਕ ਮੰਗ ਪੱਤਰ ਤਿਆਰ ਕੀਤਾ ਗਿਆ। ਇਸ ਵਿੱਚ ਸਭ ਤੋਂ ਪ੍ਰਮੁੱਖ ਮੰਗ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਰੱਖੀ ਗਈ। 253 ਅਧਿਆਪਕਾਂ ਨੂੰ ਟਰਮੀਨੇਸ਼ਨ ਆਰਡਰਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹੋਏ ਰੋਸ ਮਤਾ ਪਾਸ ਕੀਤਾ ਗਿਆ। ਇਸ ਦੇ ਨਾਲ ਹੀ ਮਾਸਟਰ ਕੇਡਰ ਤੋਂ ਲੈਕਚਰਾਰ ਤੇ ਹੋਰ ਉੱਚ ਅਹੁਦਿਆਂ ਤੱਕ ਸਮਾਂਬੱਧ ਤਰੱਕੀਆਂ ਯਕੀਨੀ ਬਣਾਉਣ ਲਈ ਸਮਾਂਬੱਧ ਪ੍ਰਮੋਸ਼ਨ ਨੀਤੀ ਬਣਾਉਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਤੇ ਏਰੀਅਰ ਜਾਰੀ ਕਰਨ, ਏਸੀਪੀ ਸਕੀਮ ਨੂੰ ਲਾਗੂ ਕਰਨ, 15-1-15 ਤੇ 17-7-20 ਨਾਲ ਸਬੰਧਤ ਮੁਲਾਜ਼ਮ ਵਿਰੋਧੀ ਪੱਤਰ ਰੱਦ ਕਰਨ ਸਮੇਤ ਹੋਰ ਵਿੱਤੀ ਤੇ ਸੇਵਾ ਸਬੰਧੀ ਮੰਗਾਂ ’ਤੇ ਵੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਅਜਲਾਸ ਵਿੱਚ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲੰਬੇ ਸਮੇਂ ਤੋਂ ਅਣਗੌਲਿਆ ਕੀਤਾ ਜਾ ਰਿਹਾ ਹੈ। ਇਸ ਲਈ ਜਥੇਬੰਦੀ ਵੱਲੋਂ ਤਿਆਰ ਕੀਤੇ ਗਏ ਮੰਗ ਪੱਤਰ ਨੂੰ ਆਧਾਰ ਬਣਾ ਕੇ ਆਉਣ ਵਾਲੇ ਦਿਨਾਂ ਵਿੱਚ ਇੱਕ ਲੰਬਾ ਤੇ ਯੋਜਨਾਬੱਧ ਸੰਘਰਸ਼ ਵਿੱਢਿਆ ਜਾਵੇਗਾ। ਅੰਤ ਵਿੱਚ ਆਗੂਆਂ ਨੇ ਕਿਹਾ ਕਿ ਮਾਸਟਰ ਕੇਡਰ ਯੂਨੀਅਨ ਪੰਜਾਬ ਅਧਿਆਪਕਾਂ ਤੇ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਲਈ ਪੂਰੀ ਦ੍ਰਿੜ੍ਹਤਾ ਨਾਲ ਸੰਘਰਸ਼ ਕਰੇਗੀ ਤੇ ਜਥੇਬੰਦੀ ਨੂੰ ਸੂਬੇ ਦੇ ਹਰ ਜ਼ਿਲ੍ਹੇ ਤੇ ਬਲਾਕ ਪੱਧਰ ਤੱਕ ਮਜ਼ਬੂਤ ਕੀਤਾ ਜਾਵੇਗਾ। ਅਜਲਾਸ ਦੌਰਾਨ ਵੱਖ ਵੱਖ ਜ਼ਿਲਿਆਂ ਤੋਂ ਆਏ ਆਗੂਆਂ ਨੇ ਸਰਬਸੰਮਤੀ ਨਾਲ ਹੇਠ ਲਿਖੇ ਆਗੂਆਂ ਨੂੰ ਵੱਖ-ਵੱਖ ਅਹੁਦਿਆਂ ਲਈ ਚੁਣਿਆ : 1. ਹਰਭਜਨ ਸਿੰਘ : ਸਰਪ੍ਰਸਤ 2. ਜਗਜੀਤ ਸਿੰਘ : ਸੂਬਾ ਪ੍ਰਧਾਨ, ਲੁਧਿਆਣਾ 3. ਅਰਜਿੰਦਰ ਸਿੰਘ ਕਲੇਰ : ਜਨਰਲ ਸਕੱਤਰ, ਅੰਮ੍ਰਿਤਸਰ 4. ਰਮਨ ਕੁਮਾਰ : ਉਪ ਪ੍ਰਧਾਨ, ਪਠਾਨਕੋਟ 5. ਬਲਵਿੰਦਰ ਸਿੰਘ ਵਿੱਤ : ਸਕੱਤਰ, ਫਾਜ਼ਿਲਕਾ 6. ਸੰਦੀਪ ਕੁਮਾਰ : ਸੂਬਾ ਪ੍ਰੈੱਸ ਸਕੱਤਰ, ਕਪੂਰਥਲਾ 7. ਪਰਵਿੰਦਰ ਸਿੰਘ ਗੋਤਰਾ – ਪ੍ਰੈੱਸ ਸਕੱਤਰ, ਜਲੰਧਰ 8. ਪ੍ਰਿਤਪਾਲ ਸਿੰਘ ਰਾਣਾ : ਸਕੱਤਰ ਜਨਰਲ, ਰੋਪੜ 9. ਲਖਵਿੰਦਰ ਸਿੰਘ : ਸੀਨੀਅਰ ਮੀਤ ਪ੍ਰਧਾਨ, ਸੰਗਰੂਰ 10. ਮਨਪ੍ਰੀਤ ਸਿੰਘ ਮੌਹਾਲੀ : ਸੀਨੀਅਰ ਮੀਤ ਪ੍ਰਧਾਨ 11. ਬਲਵਿੰਦਰ ਸਿੰਘ ਬਾਜਵਾ : ਮੀਤ ਪ੍ਰਧਾਨ, ਗੁਰਦਾਸਪੁਰ 12. ਜਸਵੀਰ ਸਿੰਘ ਸਿੱਧੂ : ਸਕੱਤਰ ਜਨਰਲ, ਮੋਗਾ 13. ਬਰਿੰਦਰ ਸਿੰਘ : ਮੀਤ ਪ੍ਰਧਾਨ, ਸ੍ਰੀ ਮੁਕਤਸਰ ਸਾਹਿਬ 14. ਸੁਖਵਿੰਦਰ ਸਿੰਘ : ਜਥੇਬੰਦਕ ਸਕੱਤਰ, ਬਠਿੰਡਾ 15. ਕੁਲਦੀਪ ਸਿੰਘ : ਜਥੇਬੰਦਕ ਸਕੱਤਰ, ਮਾਨਸਾ 16. ਪਰਮਿੰਦਰ ਸਿੰਘ ਪੰਗਲ : ਸੀਨੀਅਰ ਮੀਤ ਪ੍ਰਧਾਨ, ਨਵਾਂਸ਼ਹਿਰ