ਪੰਜਵਾਂ ‘ਰਾਜ ਕੁਮਾਰ ਕੁਮਰਾ ਯਾਦਗਾਰੀ ਪੁਰਸਕਾਰ' ਨਾਮਵਰ ਗ਼ਜ਼ਲਗੋ ਜਨਕਪ੍ਰੀਤ ਬੇਗੋਵਾਲ ਦੀ ਝੋਲੀ ਪਵੇਗਾ : ਕੰਵਰ ਇਕਬਾਲ\ਸ਼ਹਿਬਾਜ਼ ਖ਼ਾਨ ਪੰਜਵਾਂ ਰਾਜ ਕੁਮਾਰ ਕੁਮਰਾ ਯਾਦਗਾਰੀ ਪੁਰਸਕਾਰ' ਨਾਮਵਰ ਗ਼ਜ਼ਲਗੋ ਜਨਕਪ੍ਰੀਤ ਬੇਗੋਵਾਲ ਦੀ ਝੋਲੀ ਪਵੇਗਾ : ਕੰਵਰ ਇਕਬਾਲ\ਸ਼ਹਿਬਾਜ਼ ਖ਼ਾਨ
Publish Date: Wed, 25 Nov 2026 08:59 PM (IST)
Updated Date: Thu, 26 Nov 2026 04:11 AM (IST)
ਕੈਪਸ਼ਨ: 25ਕੇਪੀਟੀ38 ਰਾਜ ਕੁਮਾਰ ਕੁਮਰਾ ਦੀ ਤਸਵੀਰ । ਕੈਪਸ਼ਨ: 25ਕੇਪੀਟੀ39 ਜਨਕਪ੍ਰੀਤ ਬੇਗੋਵਾਲ । ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੇ ਕੁਮਰਾ ਪਰਿਵਾਰ ਅਤੇ ਜ਼ਿਲ੍ਹੇ ਦੀ ਨਾਮਵਰ ਸਾਹਿਤਕ ਸੰਸਥਾ ਸਿਰਜਣਾ ਕੇਂਦਰ ਦੇ ਆਪਸੀ ਸਹਿਯੋਗ ਨਾਲ ਇਸ ਵਾਰ ਪੰਜਵਾਂ ਰਾਜ ਕੁਮਾਰ ਕੁਮਰਾ ਯਾਦਗਾਰੀ ਪੁਰਸਕਾਰ ਨਾਮਵਰ ਗ਼ਜ਼ਲਗੋ ਜਨਕਪ੍ਰੀਤ ਬੇਗੋਵਾਲ ਨੂੰ ਮਿਤੀ 29 ਨਵੰਬਰ 2026 ਨੂੰ ਵਿਰਸਾ ਵਿਹਾਰ ਕਪੂਰਥਲਾ ਵਿਖੇ ਦਿੱਤਾ ਜਾਵੇਗਾ। ਇਹ ਜਾਣਕਾਰੀ ਕੇਂਦਰ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਅਤੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਦਿੱਤੀ। ਉਹਨਾਂ ਆਖਿਆ ਕਿ ਸਿਰਜਣਾ ਕੇਂਦਰ ਅਤੇ ਕੁਮਰਾ ਪਰਿਵਾਰ ਦੇ ਆਪਸੀ ਸਹਿਯੋਗ ਨਾਲ ਹਰ ਸਾਲ ਇਹ ਯਾਦਗਾਰੀ ਪੁਰਸਕਾਰ ਇਲਾਕੇ ਦੇ ਕਿਸੇ ਕਲਮਕਾਰ ਨੂੰ ਦਿੱਤਾ ਜਾਂਦਾ ਹੈ ਜਿਸਦੀ ਚੋਣ ਪਰਿਵਾਰ ਦੇ ਮੈਂਬਰ ਅਤੇ ਕੇਂਦਰ ਦੇ ਸਲਾਹਕਾਰ ਆਪਸੀ ਸਲਾਹ ਨਾਲ ਕਰਦੇ ਹਨ। ਕੁਮਰਾ ਪਰਿਵਾਰ ਦੇ ਮੈਂਬਰ ਅਤੇ ਸਿਰਜਣਾ ਕੇਂਦਰ ਦੇ ਸੀਨੀਅਰ ਮੀਤ ਪ੍ਰਧਾਨ ਆਸ਼ੂ ਕੁਮਰਾ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਦੇ ਦਾਦਾ ਜੀ ਦੀ ਯਾਦ ਵਿੱਚ ਦਿੱਤੇ ਜਾਣ ਵਾਲੇ ਸਨਮਾਨ ਲਈ ਜਨਕਪ੍ਰੀਤ ਬੇਗੋਵਾਲ ਦੀ ਚੋਣ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜਨਕਪ੍ਰੀਤ ਬੇਗੋਵਾਲ ਹੁਣ ਤੱਕ ਤਿੰਨ ਪੁਸਤਕਾਂ ਸਵੇਰ ਦੀ ਤਲਾਸ਼ (ਕਾਵਿ-ਸੰਗ੍ਰਹਿ), ਧਰਤੀ ਅੰਬਰ ਤੇ ਖੁਸ਼ਬੂ (ਕਾਵਿ-ਸੰਗ੍ਰਹਿ) ਅਤੇ ਮੈਂ ਮੀਲ ਪੱਥਰ ਹਾਂ ( ਗਜ਼ਲ-ਸੰਗ੍ਰਹਿ) ਲਿਖ ਚੁੱਕੇ ਹਨ। ਕੇਂਦਰ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਮੋਤਾ ਸਿੰਘ ਸਰਾਏ (ਯੂਰਪੀ ਪੰਜਾਬੀ ਸੱਥ ਯੂ. ਕੇ) ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ. ਸੁਖਪਾਲ ਸਿੰਘ ਥਿੰਦ ਸ਼ਾਮਿਲ ਹੋਣਗੇ ਜਦ ਕਿ ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. ਕੁਲਵੰਤ ਸਿੰਘ ਔਜਲਾ, ਕੰਵਰ ਇਕਬਾਲ ਸਿੰਘ, ਸੁਰਿੰਦਰ ਮਕਸੂਦਪੁਰੀ ਅਤੇ ਆਸ਼ੂ ਕੁਮਰਾ ਦੁਆਰਾ ਕੀਤੀ ਜਾਵੇਗੀ। ਮੀਡੀਆ ਨਾਲ ਗੱਲਬਾਤ ਦੌਰਾਨ ਸਲਾਹਕਾਰ ਕਮੇਟੀ ਦੇ ਮੈਂਬਰ ਡਾ. ਸੁਰਿੰਦਰਪਾਲ ਸਿੰਘ, ਅਵਤਾਰ ਸਿੰਘ ਭੰਡਾਲ, ਅਵਤਾਰ ਸਿੰਘ ਗਿੱਲ ਅਤੇ ਮਲਕੀਤ ਸਿੰਘ ਮੀਤ (ਮੀਤ ਪ੍ਰਧਾਨ) ਹਾਜ਼ਰ ਸਨ। ਕੇਂਦਰ ਦੀ ਸਲਾਹਕਾਰ ਕਮੇਟੀ ਨੇ ਇਲਾਕੇ ਦੇ ਸ਼ਾਇਰਾਂ ਨੂੰ ਇਸ ਸਨਮਾਨ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।