39ਵਾਂ ਮਹਾਨ ਗੁਰਮਤਿ ਸਮਾਗਮ ਸ਼ਰਧਾ ਨਾਲ ਕਰਵਾਇਆ ਗੁਰਦੁਆਰਾ ਪ੍ਰੇਮ ਨਗਰ ਵਿਖੇ 39ਵਾਂ ਮਹਾਨ ਗੁਰਮਤਿ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ
Publish Date: Sun, 01 Nov 2026 06:45 PM (IST)
Updated Date: Sun, 01 Nov 2026 06:47 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ 39ਵਾਂ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਪ੍ਰੇਮ ਨਗਰ, ਖੇੜਾ ਰੋਡ ਫਗਵਾੜਾ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਸਬੰਧੀ ਪਿਛਲੇ ਕਈ ਦਿਨਾਂ ਤੋਂ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮਾਂ ਦੀ ਲੜੀ ਲਗਾਤਾਰ ਚੱਲ ਰਹੀ ਸੀ। ਰੋਜ਼ਾਨਾ ਰਹਿਰਾਸ ਸਾਹਿਬ ਦੇ ਪਾਠ, ਸ਼ਬਦ ਕੀਰਤਨ ਤੇ ਗੁਰਬਾਣੀ ਕਥਾ-ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਸਮਾਗਮ ਦੀ ਸਮਾਪਤੀ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ਾਲ ਗੁਰਮਤਿ ਦੀਵਾਨ ਸਜਾਏ ਗਏ। ਇਨ੍ਹਾਂ ਦੀਵਾਨਾਂ ਵਿੱਚ ਭਾਈ ਜਗਤਾਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਹਰਦੀਪ ਸਿੰਘ ਜੀ ਰਾਮ ਦੀਵਾਲੀ, ਭਾਈ ਰਾਜ ਪਰਮਿੰਦਰ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਪ੍ਰੇਮ ਨਗਰ, ਭਾਈ ਦਲਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਛੇਵੀਂ ਪਾਤਸ਼ਾਹੀ, ਗਿਆਨੀ ਜੈਦੀਪ ਸਿੰਘ ਜੀ ਫਗਵਾੜਾ, ਭਾਈ ਨਰਿੰਦਰ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ, ਭਾਈ ਸ਼ਮਸ਼ੇਰ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਸੁਖਚੈਨਆਣਾ ਸਾਹਿਬ, ਭਾਈ ਮਨਜੀਤ ਸਿੰਘ ਜੀ ਫਗਵਾੜਾ, ਭਾਈ ਗੁਰਦੀਪ ਸਿੰਘ ਜੀ, ਭਾਈ ਸਤਿੰਦਰਜੀਤ ਸਿੰਘ ਜੀ ਗੁਰਦੁਆਰਾ ਰਾਮਦਾਸ ਜੀ ਸੇਵਾ ਸਿਮਰਨ ਸੋਸਾਇਟੀ ਤੇ ਭਾਈ ਸੁਖਜਿੰਦਰ ਪਾਲ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਪ੍ਰੇਮ ਨਗਰ ਸਮੇਤ ਵੱਖ-ਵੱਖ ਰਾਗੀ, ਕੀਰਤਨੀ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਤੇ ਕਥਾ-ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਮੈਂਬਰ ਪਾਰਲੀਮੈਂਟ ਤੇ ਹਲਕਾ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ, ਜ਼ਿਲ੍ਹਾ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਅਵਤਾਰ ਸਿੰਘ ਭੁੰਗਰਨੀ, ਐੱਸਸੀ ਵਿੰਗ ਦੇ ਸੂਬਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ, ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ, ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ, ਕੌਂਸਲਰ ਕੁਲਵਿੰਦਰ ਸਿੰਘ ਕਿੰਦਾ, ਹਰਜੋਤ ਸਿੰਘ ਪਾਹਵਾ, ਸਾਬਕਾ ਕੌਂਸਲਰ ਸਰਬਜੀਤ ਕੌਰ ਤੇ ਜਸਵਿੰਦਰ ਸਿੰਘ ਭਗਤਪੁਰਾ ਸਮੇਤ ਵੱਡੀ ਗਿਣਤੀ ਵਿੱਚ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਪ੍ਰਬੰਧਕਾਂ ਵੱਲੋਂ ਰਾਗੀ, ਢਾਡੀ ਤੇ ਕੀਰਤਨੀ ਜਥਿਆਂ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮੁੱਚਾ ਗੁਰਮਤਿ ਸਮਾਗਮ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ, ਗੁਰਬਾਣੀ ਅਤੇ ਸਿੱਖੀ ਸਿਧਾਂਤਾਂ ਨਾਲ ਜੁੜਨ ਦਾ ਸੰਦੇਸ਼ ਦਿੰਦਾ ਹੋਇਆ ਸ਼ਰਧਾਪੂਰਵਕ ਸੰਪੰਨ ਹੋਇਆ।