ਮੁਹੱਲਾ ਮੁਹੱਬਤ ਨਗਰ ’ਚ 29ਵਾਂ ਜਾਗਰਣ ਕਰਵਾਇਆ ਨੌਜਵਾਨ ਜਾਗਰਣ ਕਮੇਟੀ ਮੁਹੱਲਾ ਮੁਹੱਬਤ ਨਗਰ ਵੱਲੋਂ 29ਵਾਂ ਵਿਸ਼ਾਲ ਮਹਾਂਮਾਈ ਜਾਗਰਣ ਕਰਵਾਇਆ
Publish Date: Sun, 20 Sep 2026 09:14 PM (IST)
Updated Date: Sun, 20 Sep 2026 09:14 PM (IST)
ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਜਾਗਰਣ ’ਚ ਕੀਤੀ ਸ਼ਿਰਕਤ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਨੌਜਵਾਨ ਜਾਗਰਣ ਕਮੇਟੀ ਮੁਹੱਲਾ ਮੁਹੱਬਤ ਨਗਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 29ਵਾਂ ਵਿਸ਼ਾਲ ਮਹਾਂਮਾਈ ਜਾਗਰਣ ਤਿਰਕੋਣਾ ਪਾਰਕ ਵਿਖੇ ਸਮੂਹ ਕਮੇਟੀ ਮੈਂਬਰਾਂ ਤੇ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਤੇ ਭਗਤੀ ਭਾਵਨਾ ਨਾਲ ਕਰਵਾਇਆ ਗਿਆ। ਜਾਗਰਣ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਪਹੁੰਚ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮਾਤਾ ਚਿੰਤਪੂਰਨੀ ਜੀ ਦੀ ਪਵਿੱਤਰ ਜੋਤ ਸ਼੍ਰੀ ਸਤਨਾਰਾਇਣ ਮੰਦਿਰ ਕਪੂਰਥਲਾ ਤੋਂ ਸ਼ੋਭਾ ਯਾਤਰਾ ਦੇ ਰੂਪ ਵਿੱਚ ਜੈਕਾਰਿਆਂ ਦੀ ਗੂੰਜ ਦਰਮਿਆਨ ਜਾਗਰਣ ਸਥਲ ’ਤੇ ਲਿਆਂਦੀ ਗਈ। ਸ਼ਰਧਾਲੂਆਂ ਨੇ ਪਵਿੱਤਰ ਜੋਤ ਦੇ ਦਰਸ਼ਨ ਕਰਕੇ ਮੱਥਾ ਟੇਕਿਆ ਤੇ ਮਾਤਾ ਰਾਣੀ ਅੱਗੇ ਪਰਿਵਾਰ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਜਾਗਰਣ ਦੀ ਸ਼ੁਰੂਆਤ ਮਹੰਤ ਅਸ਼ਵਨੀ ਸ਼ਰਮਾ ਵੱਲੋਂ ਵਿਧੀਵਤ ਤੌਰ ’ਤੇ ਗਣੇਸ਼ ਵੰਦਨਾ ਨਾਲ ਕਰਵਾਈ ਗਈ, ਇਸ ਉਪਰੰਤ ਧਾਰਮਿਕ ਗਾਇਨ ਦਾ ਦੌਰ ਸ਼ੁਰੂ ਹੋਇਆ। ਪ੍ਰਸਿੱਧ ਗਾਇਕ ਨਰਿੰਦਰ ਸਚਦੇਵਾ ਨੇ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਆਪਣੀਆਂ ਧਾਰਮਿਕ ਭੇਟਾਂ ਤੇ ਭਜਨਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਧਾਰਮਿਕ ਸਮਾਗਮ ਵਿੱਚ ਵੱਖ-ਵੱਖ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਆਗੂਆਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਲਾਕੇ ਦੇ ਵੱਡੀ ਗਿਣਤੀ ਵਿੱਚ ਨਿਵਾਸੀਆਂ ਨੇ ਜਾਗਰਣ ਵਿੱਚ ਸ਼ਾਮਲ ਹੋ ਕੇ ਮੱਥਾ ਟੇਕਿਆ ਤੇ ਧਾਰਮਿਕ ਸਮਾਗਮ ਦਾ ਲਾਭ ਲਿਆ। ਸਮਾਗਮ ਦੌਰਾਨ ਸੰਗਤ ਦੀ ਸੇਵਾ ਲਈ ਅਟੁੱਟ ਲੰਗਰ ਵੀ ਲਗਾਇਆ ਗਿਆ। ਕਮੇਟੀ ਮੈਂਬਰਾਂ ਵੱਲੋਂ ਜਾਗਰਣ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਮੂਹ ਮੁਹੱਲਾ ਨਿਵਾਸੀਆਂ, ਸੇਵਾਦਾਰਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਕਮੇਟੀ ਨੇ ਕਿਹਾ ਕਿ ਧਾਰਮਿਕ ਸਮਾਗਮਾਂ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਧਰਮ ਤੇ ਸੱਭਿਆਚਾਰ ਨਾਲ ਜੋੜਨਾ ਤੇ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ।