ਠੇਕੇਦਾਰੀ ਪ੍ਰਥਾ ਖਤਮ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਠੇਕੇਦਾਰੀ ਪ੍ਰਥਾ ਖਤਮ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ, ਫਗਵਾੜਾ ਨਗਰ ਨਿਗਮ ਦੀਆਂ ਸਥਾਨਕ ਮੰਗਾਂ ਦੇ ਹੱਲ ਦੀ ਮੰਗ
Publish Date: Sun, 16 Aug 2026 09:44 PM (IST)
Updated Date: Sun, 16 Aug 2026 09:45 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਨਗਰ ਨਿਗਮ ਫਗਵਾੜਾ ਦੇ ਮੁਲਾਜ਼ਮਾਂ ਤੇ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਵੱਲੋਂ ਸਥਾਨਕ ਸਰਕਾਰ ਮੰਤਰੀ ਹਰਜੋਤ ਬੈਂਸ ਨਾਲ ਮੁਲਾਕਾਤ ਕਰਕੇ ਨਗਰ ਨਿਗਮ ਨਾਲ ਸਬੰਧਤ ਵੱਖ-ਵੱਖ ਸਥਾਨਕ ਮੰਗਾਂ ਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸਬੰਧੀ ਮੰਗ-ਪੱਤਰ ਸੌਂਪਿਆ ਗਿਆ। ਇਸ ਮੌਕੇ ਮੁਲਾਜ਼ਮ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਵੱਲੋਂ ਠੇਕੇਦਾਰੀ ਪ੍ਰਥਾ ਖਤਮ ਕਰਨ ਵੱਲ ਚੁੱਕੇ ਗਏ ਕਦਮ ਲਈ ਸਰਕਾਰ ਤੇ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਲੰਮੇ ਸਮੇਂ ਤੋਂ ਠੇਕੇਦਾਰੀ ਤੇ ਆਊਟਸੋਰਸਿੰਗ ਪ੍ਰਥਾ ਅਧੀਨ ਕੰਮ ਕਰ ਰਹੇ ਮੁਲਾਜ਼ਮਾਂ ਲਈ ਵੱਡੀ ਰਾਹਤ ਹੈ। ਮੁਲਾਜ਼ਮਾਂ ਵੱਲੋਂ ਮੰਗ-ਪੱਤਰ ਵਿੱਚ ਸਭ ਤੋਂ ਪਹਿਲਾਂ ਸਾਲ 2021 ਵਿੱਚ ਪਾਸ ਹੋਏ ਮਤੇ ਅਨੁਸਾਰ ਨਗਰ ਨਿਗਮ ਫਗਵਾੜਾ ਦੇ ਸਫ਼ਾਈ ਕਰਮਚਾਰੀਆਂ ਨੂੰ ਸਿੱਧੇ ਤੌਰ ’ਤੇ ਪੱਕਾ ਕਰਨ ਦੀ ਮੰਗ ਰੱਖੀ ਗਈ। ਸਮਾਜ ਸੇਵੀ ਆਸ਼ੂ ਮੱਟੂ ਨੇ ਦੱਸਿਆ ਕਿ ਸਫ਼ਾਈ ਕਰਮਚਾਰੀ ਉਮੀਦਵਾਰਾਂ ਦੀ ਸੂਚੀ ਦੋ ਵਾਰ ਸ਼ਾਰਟਲਿਸਟ ਕਰਕੇ ਨਗਰ ਨਿਗਮ ਦੇ ਨੋਟਿਸ ਬੋਰਡ ’ਤੇ ਲਗਾਈ ਜਾ ਚੁੱਕੀ ਹੈ, ਪਰ ਅਜੇ ਤੱਕ ਨਿਯੁਕਤੀ ਪੱਤਰ ਜਾਰੀ ਨਹੀਂ ਹੋਏ। ਇਸ ਤੋਂ ਇਲਾਵਾ ਨਗਰ ਨਿਗਮ ਦੀਆਂ ਦਰਜਾ-3 ਤੇ ਦਰਜਾ-4 ਦੀਆਂ 800 ਤੋਂ ਵੱਧ ਖਾਲੀ ਅਸਾਮੀਆਂ ਨੂੰ ਜਲਦ ਭਰਨ ਦੀ ਮੰਗ ਕੀਤੀ ਗਈ। ਮੁਲਾਜ਼ਮਾਂ ਨੇ ਕਿਹਾ ਕਿ ਖਾਲੀ ਅਸਾਮੀਆਂ ਕਾਰਨ ਨਗਰ ਨਿਗਮ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ ਤੇ ਸ਼ਹਿਰ ਵਾਸੀਆਂ ਨੂੰ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਵੀ ਦਿੱਕਤਾਂ ਆ ਰਹੀਆਂ ਹਨ। ਮੰਗ-ਪੱਤਰ ਵਿੱਚ ਸਟ੍ਰੀਟ ਲਾਈਟ ਤੇ ਇਲੈਕਟ੍ਰੀਕਲ ਕਰਮਚਾਰੀਆਂ ਦਾ ਮਸਲਾ ਵੀ ਉਠਾਇਆ ਗਿਆ। ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਹਟਾਏ ਗਏ ਕਰਮਚਾਰੀਆਂ ਨੂੰ ਮੁੜ ਬਹਾਲ ਕਰਨ ਤੇ ਇਸ ਸਟਾਫ਼ ਲਈ ਲੋੜੀਂਦੀਆਂ ਅਸਾਮੀਆਂ ਮਨਜ਼ੂਰ ਕਰਨ ਦੀ ਮੰਗ ਕੀਤੀ ਗਈ। ਫਾਇਰ ਬ੍ਰਾਂਚ ਵਿੱਚ ਡਰਾਈਵਰਾਂ ਦੀ ਘਾਟ ਦਾ ਮਾਮਲਾ ਵੀ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ। ਨੁਮਾਇੰਦਿਆਂ ਅਨੁਸਾਰ ਕੁੱਲ 24 ਡਰਾਈਵਰ ਅਸਾਮੀਆਂ ਵਿੱਚੋਂ ਕੇਵਲ ਇੱਕ ਮੁਲਾਜ਼ਮ ਮੌਜੂਦ ਹੈ। ਇਸ ਦੇ ਨਾਲ ਹੀ ਡਰਾਈਵਰ ਵਜੋਂ ਸੇਵਾ ਨਿਭਾ ਰਹੇ ਕੁਝ ਮੁਲਾਜ਼ਮਾਂ ਦੀਆਂ ਬਕਾਇਆ ਤਨਖ਼ਾਹਾਂ ਜਾਰੀ ਕਰਨ ਦੀ ਮੰਗ ਕੀਤੀ ਗਈ। ਕੰਪਿਊਟਰ ਆਪਰੇਟਰਾਂ ਲਈ ਸੇਵਾ ਮਿਆਦ 5 ਸਾਲ ਤੋਂ ਘਟਾ ਕੇ 3 ਸਾਲ ਕਰਨ ਦੀ ਮੰਗ ਵੀ ਮੰਗ-ਪੱਤਰ ਵਿੱਚ ਸ਼ਾਮਲ ਕੀਤੀ ਗਈ, ਤਾਂ ਜੋ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਕਰਮਚਾਰੀਆਂ ਨੂੰ ਸਰਕਾਰ ਦੀ ਨਵੀਂ ਨੀਤੀ ਦਾ ਜਲਦ ਲਾਭ ਮਿਲ ਸਕੇ। ਇਸ ਤੋਂ ਇਲਾਵਾ ਨਗਰ ਨਿਗਮ ਦੀ ਸੈਨੇਟਰੀ ਬ੍ਰਾਂਚ ਨਾਲ ਸਬੰਧਤ ਸ਼ਿਕਾਇਤਾਂ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਜਨਹਿੱਤ ਵਿੱਚ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਦਲੀਪ ਹੰਸ ਜੀ (ਦਲਿਤ ਵਿਕਾਸ ਬੋਰਡ ਪੰਜਾਬ) ਰਾਜ ਕੁਮਾਰ ਮੱਟੂ (ਸਮਾਜ ਸੇਵੀ) ਆਸ਼ੂ ਮੱਟੂ (ਸਮਾਜ ਸੇਵੀ), ਯੋਗੇਸ਼ ਕੁਮਾਰ (ਪ੍ਰਧਾਨ ਨਗਰ ਨਿਗਮ ਕਰਮਚਾਰੀ ਯੂਨੀਅਨ ਦਫਤਰੀ), ਵਿੱਕੀ ਸਹੋਤਾ (ਪ੍ਰਧਾਨ ਆਜ਼ਾਦ ਕਰਮਚਾਰੀ ਯੂਨੀਅਨ), ਤੀਰਥ ਸਿੰਘ (ਚੇਅਰਮੈਨ ਨਗਰ ਨਿਗਮ ਡਰਾਈਵਰ ਯੂਨੀਅਨ), ਓਹਰੀ ਸੇਠੀ, ਰਜ਼ਾ ਸਰਵਾਤਾ, ਸੁਮਿਤ ਅਰੋੜਾ ਤੇ ਹੋਰ ਬਹੁਤ ਸਾਰੇ ਸਾਥੀ ਮੌਜੂਦ ਸਨ।