ਤਲਵੰਡੀ ਚੌਂਕ ’ਚ ਭਿਆਨਕ ਜਾਮ, ਗਰਮੀ ’ਚ ਵਿਲਕਦੇ ਰਹੇ ਸਕੂਲੀ ਬੱਚੇ ਤਲਵੰਡੀ ਚੌਂਕ ’ਚ ਭਿਆਨਕ ਜਾਮ, ਤਪਦੀ ਗਰਮੀ ’ਚ ਬੱਸਾਂ ਅੰਦਰ ਘੰਟਾ ਭਰ ਵਿਲਕਦੇ ਰਹੇ ਸਕੂਲੀ ਬੱਚੇ
Publish Date: Tue, 01 Sep 2026 09:56 PM (IST)
Updated Date: Tue, 01 Sep 2026 09:58 PM (IST)
ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਦੀ ਟ੍ਰੈਫਿਕ ਵਿਵਸਥਾ ਡਗਮਗਾਈ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਇਤਿਹਾਸਕ ਤੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ ਟ੍ਰੈਫਿਕ ਵਿਵਸਥਾ ਪੂਰੀ ਤਰ੍ਹਾਂ ਲੀਹੋਂ ਲਹਿ ਚੁੱਕੀ ਹੈ। ਅੱਜ ਦੁਪਹਿਰ ਤਲਵੰਡੀ ਚੌਂਕ ਵਿੱਚ ਲੱਗੇ ਕਰੀਬ ਇੱਕ ਘੰਟੇ ਲੰਮੇ ਭਿਆਨਕ ਜਾਮ ਨੇ ਸ਼ਹਿਰ ਦੀ ਰਫ਼ਤਾਰ ਰੋਕ ਕੇ ਰੱਖ ਦਿੱਤੀ, ਜਿਸ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਤੇ ਆਮ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਜਾਮ ਦੀ ਸਭ ਤੋਂ ਵੱਧ ਮਾਰ ਸਕੂਲਾਂ ਤੋਂ ਛੁੱਟੀ ਤੋਂ ਬਾਅਦ ਘਰਾਂ ਨੂੰ ਪਰਤ ਰਹੀਆਂ ਸਕੂਲੀ ਬੱਸਾਂ ’ਤੇ ਪਈ। ਅੱਗ ਵਰ੍ਹਾਉਂਦੀ ਤਪਦੀ ਗਰਮੀ ਦੌਰਾਨ ਬੱਸਾਂ ਅੰਦਰ ਬੈਠੇ ਮਾਸੂਮ ਬੱਚੇ ਬੁਰੀ ਤਰ੍ਹਾਂ ਵਿਲਕਦੇ ਤੇ ਬੇਹਾਲ ਹੁੰਦੇ ਰਹੇ। ਹੈਰਾਨੀ ਦੀ ਗੱਲ ਇਹ ਰਹੀ ਕਿ ਪੂਰਾ ਇੱਕ ਘੰਟਾ ਆਵਾਜਾਈ ਠੱਪ ਰਹਿਣ ਦੇ ਬਾਵਜੂਦ ਚੌਂਕ ਵਿੱਚ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਕੋਈ ਵੀ ਪੁਲਿਸ ਮੁਲਾਜ਼ਮ ਮੌਕੇ ’ਤੇ ਮੌਜੂਦ ਨਹੀਂ ਸੀ, ਜਿਸ ਨੂੰ ਲੈ ਕੇ ਮਾਪਿਆਂ ਤੇ ਸਥਾਨਕ ਲੋਕਾਂ ਵਿੱਚ ਪ੍ਰਸ਼ਾਸਨ ਵਿਰੁੱਧ ਭਾਰੀ ਰੋਸ ਫੈਲ ਗਿਆ। ਸ਼ਹਿਰ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਦੇ ਵੱਡੇ-ਵੱਡੇ ਸਰਕਾਰੀ ਦਾਅਵਿਆਂ ਦੀ ਹਕੀਕਤ ਜ਼ਮੀਨ ’ਤੇ ਪੂਰੀ ਤਰ੍ਹਾਂ ਖੋਖਲੀ ਸਾਬਤ ਹੋ ਰਹੀ ਹੈ। ਸਥਾਨਕ ਲੋਕਾਂ ਅਨੁਸਾਰ ਤਲਵੰਡੀ ਚੌਂਕ ਸਮੇਤ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਨਾਜਾਇਜ਼ ਪਾਰਕਿੰਗ ਤੇ ਕਬਜ਼ਿਆਂ ਨੇ ਪਹਿਲਾਂ ਹੀ ਤੰਗ ਰਸਤਿਆਂ ਦਾ ਗਲ਼ ਘੁੱਟ ਰੱਖਿਆ ਹੈ। ਸਕੂਲਾਂ ਦੀ ਛੁੱਟੀ ਦੇ ਪੀਕ ਆਵਰ ਦੌਰਾਨ ਸਥਿਤੀ ਬੇਕਾਬੂ ਹੋ ਜਾਂਦੀ ਹੈ, ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਸ ਮੌਕੇ ਬੱਚਿਆਂ ਦੇ ਮਾਪੇ ਸੁਖਜੀਤ ਸਿੰਘ ਤੇ ਜੋਗਾ ਸਿੰਘ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸੁਲਤਾਨਪੁਰ ਲੋਧੀ ਇੱਕ ਪ੍ਰਮੁੱਖ ਧਾਰਮਿਕ ਕੇਂਦਰ ਹੈ, ਜਿੱਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਸ਼ਨਾਂ ਲਈ ਰੋਜ਼ਾਨਾ ਵੱਡੀ ਗਿਣਤੀ ਸੰਗਤ ਪਹੁੰਚਦੀ ਹੈ। ਬਾਹਰੀ ਵਾਹਨਾਂ ਦੇ ਸ਼ਹਿਰ ਅੰਦਰ ਦਾਖ਼ਲ ਹੋਣ ਕਾਰਨ ਟ੍ਰੈਫਿਕ ਦਾ ਦਬਾਅ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸਮੱਸਿਆ ਦਾ ਪੱਕਾ ਹੱਲ ਸਿਰਫ਼ ਤੇ ਸਿਰਫ਼ ਸ਼ਹਿਰ ਦੇ ਆਲੇ-ਦੁਆਲੇ ਰਿੰਗ ਰੋਡ ਬਣਾ ਕੇ ਹੀ ਸੰਭਵ ਹੈ ਤਾਂ ਜੋ ਬਾਹਰੀ ਆਵਾਜਾਈ ਬਾਹਰੋਂ ਹੀ ਲੰਘ ਸਕੇ । ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਨੂੰ ਸਿੱਧਾ ਸਵਾਲ ਕੀਤਾ ਕਿ ਜਦੋਂ ਤਪਦੀ ਗਰਮੀ ਵਿੱਚ ਮਾਸੂਮ ਬੱਚੇ ਜਾਮ ਵਿੱਚ ਫਸੇ ਤੜਫ ਰਹੇ ਹੋਣ ਅਤੇ ਸੜਕਾਂ ’ਤੇ ਕੋਈ ਪੁਲਿਸ ਮੁਲਾਜ਼ਮ ਨਾ ਹੋਵੇ, ਤਾਂ ਕੀ ਸ਼ਹਿਰ ਦੀ ਸੁਰੱਖਿਆ ਤੇ ਵਿਵਸਥਾ ਰੱਬ ਆਸਰੇ ਛੱਡ ਦਿੱਤੀ ਗਈ ਹੈ।