ਤਹਿਸੀਲ ਭੁਲੱਥ ’ਚ ਕਰਮਚਾਰੀਆਂ ਨੇ ਕੀਤੀ ਹੜਤਾਲ ਤਹਿਸੀਲ ਭੁਲੱਥ ਦੇ ਕਰਮਚਾਰੀਆਂ ਨੇ ਮੰਗਾਂ ਨੂੰ ਲੈਕੇ ਕੀਤੀ ਹੜਤਾਲ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜੀ
Publish Date: Thu, 23 Jul 2026 09:51 PM (IST)
Updated Date: Thu, 23 Jul 2026 09:52 PM (IST)
ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਪੰਜਾਬ ਦੇ ਡੀਸੀ ਦਫ਼ਤਰ, ਐੱਸਡੀਐੱਮ ਤੇ ਤਹਿਸੀਲ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਲਮ ਛੱਡੋ ਤੇ ਕੰਪਿਊਟਰ ਬੰਦ ਹੜਤਾਲ ਸ਼ੁਰੂ ਕਰ ਦਿੱਤੀ ਹੈ। ਕਰਮਚਾਰੀਆਂ ਨੇ 23 ਜੁਲਾਈ ਤੋਂ 26 ਜੁਲਾਈ ਤੱਕ ਹੜਤਾਲ ਦਾ ਐਲਾਨ ਕੀਤਾ ਹੈ। ਇਸ ਹੀ ਤਹਿਤ ਤਹਿਸੀਲ ਭੁਲੱਥ ਵਿਖੇ ਵੀ ਦਫਤਰਾਂ ਚ ਕੁਰਸੀਆਂ ਖਾਲੀ ਦਿਖਾਈ ਦਿੱਤੀਆਂ ਤੇ ਕਰਮਚਾਰੀ ਵੱਲੋਂ ਦਰੀ ਵਿਛਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ, ਜਿਸ ਕਾਰਨ ਆਮ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਮਚਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਮੀਟਿੰਗਾਂ ਤਾਂ ਕੀਤੀਆਂ ਜਾ ਰਹੀਆਂ ਹਨ ਪਰ ਕਰਮਚਾਰੀਆਂ ਦੀਆਂ ਮੰਗਾਂ ਦਾ ਅਜੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ। ਕਰਮਚਾਰੀਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਪਰ ਸਰਕਾਰ ਵੱਲੋਂ ਸਾਨੂੰ ਅਣਗੌਲਿਆ ਜਾ ਰਿਹਾ ਹੈ। ਇਸ ਲਈ ਅੱਜ ਸਮੂਹ ਕਰਮਚਾਰੀਆਂ ਨੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਦੀ ਮੰਗ ਸੀਨੀਅਰ ਸਹਾਇਕ ਦਾ ਪ੍ਰਮੋਸ਼ਨ ਕੋਟਾ 100% ਕਰਨਾ ਤੇ ਖਾਲੀ ਪਈਆਂ ਅਸਾਮੀਆਂ ਨੂੰ ਪ੍ਰਮੋਸ਼ਨ ਰਾਹੀਂ ਭਰਨਾ, ਸੁਪਰਡੈਂਟ ਗ੍ਰੇਡ-2 (ਮਾਲ ਤੇ ਰਿਕਾਰਡ) ਤੋਂ ਤਹਿਸੀਲਦਾਰ ਤਰੱਕੀ ਲਈ ਤਜਰਬਾ ਘਟਾ ਕੇ 2 ਸਾਲ ਕਰਨਾ, ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਪ੍ਰਮੋਸ਼ਨ ਲਈ ਕੋਟਾ ਵਧਾ ਕੇ 25 ਪ੍ਰਤੀਸ਼ਤ ਕਰਨਾ, ਸੁਪਰਡੈਂਟ ਗ੍ਰੇਡ-2 (ਮਾਲ ਤੇ ਰਿਕਾਰਡ) ਤੋਂ ਤਹਿਸੀਲਦਾਰ ਤਰੱਕੀ ਲਈ ਪਹੁੰਚੇ ਪੈਨਲ ਅਨੁਸਾਰ ਤਰੱਕੀਆਂ ਕਰਨਾ, ਤਹਿਸੀਲਾਂ ਵਿੱਚ ਸੁਪਰਡੈਂਟ (ਮਾਲ ਤੇ ਰਿਕਾਰਡ) ਅਸਾਮੀ ਦੀ ਰਚਨਾ ਕਰਨਾ, ਜ਼ਿਲ੍ਹਾ ਮਾਲ ਅਫਸਰਾਂ ਦੀਆਂ ਅਦਾਲਤਾਂ ਵਿੱਚ ਰੀਡਰ ਦੀ ਪੋਸਟ ਸੀਨੀਅਰ ਸਹਾਇਕ ਦੀ ਕਰਨਾ ਤੇ ਨਾਲ ਇੱਕ ਅਹਿਲਮਦ (ਕਲਰਕ) ਦੀ ਅਸਾਮੀ ਦੀ ਰਚਨਾ ਕਰਨਾ, ਡੀਸੀ ਦਫਤਰਾਂ ਦੇ ਸੁਪਰਡੈਂਟ ਗ੍ਰੇਡ-1 ਦੀ ਅਗਲੀ ਪ੍ਰਮੋਸ਼ਨ ਡਵੀਜ਼ਨ ਪੱਧਰ ’ਤੇ ਅਧੀਨ ਸਕੱਤਰ ਵਜੋਂ ਕਰਨਾ, ਨਾਰਮਜ਼ ਅਨੁਸਾਰ ਡੀਸੀ ਦਫਤਰਾਂ, ਐੱਸਡੀਐੱਮ, ਤਹਿਸੀਲ ਤੇ ਸਬ ਤਹਿਸੀਲ ਦਫਤਰਾਂ ਵਿੱਚ ਅਸਾਮੀਆਂ ਦੀ ਰਚਨਾ ਕਰਨਾ, ਅੰਤਰ ਜ਼ਿਲ੍ਹਾ ਬਦਲੀਆਂ ਸਬੰਧੀ ਦੋਨਾਂ ਜ਼ਿਲ੍ਹਿਆਂ ਪਾਸੋਂ ਇਤਰਾਜ਼ਹੀਣਤਾ ਸਰਟੀਫਿਕੇਟ ਜਾਰੀ ਹੋਣ ਵਾਲੇ ਕਰਮਚਾਰੀਆਂ ਦੀਆਂ ਬਦਲੀਆਂ ਸਬੰਧੀ ਹੁਕਮ ਜਾਰੀ ਕਰਨ ਆਦਿ ਮੰਗਾਂ ਹਨ। ਉਨ੍ਹਾਂ ਕਿਹਾ ਜੇਕਰ ਸਰਕਾਰ ਵੱਲੋਂ ਜਲਦ ਹੀ ਸਾਡੀਆਂ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਕਰਮਚਾਰੀ ਤਰਸੇਮ ਸਿੰਘ, ਤਾਰਾ ਸਿੰਘ, ਰਵੀ ਕੁਮਾਰ, ਕਰਮਵੀਰ ਸਿੰਘ, ਆਂਚਲ, ਸੁਨੀਲ ਕੁਮਾਰ, ਪਰਮਜੀਤ ਕੌਰ, ਰਾਧਾ ਰਾਣੀ ਤੇ ਹੋਰ ਹਾਜ਼ਰ ਸਨ।