- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਕਵਰਲਡ ਸਕੂਲ ਵਿਖੇ ਤੀਆਂ ਦਾ ਤਿਉਹਾਰ ਸ਼ਾਨੋ-ਸ਼ੌਕਤ ਨਾਲ ਮਨਾਇਆ

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪੰਜਾਬ ਦੀ ਅਮੀਰ ਲੋਕ-ਵਿਰਾਸਤ, ਸੱਭਿਆਚਾਰ ਤੇ ਪਰੰਪਰਾਵਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਮਕਸਦ ਨਾਲ ਦਿ ਹਾਕਵਰਲਡ ਸਕੂਲ, ਤਲਵੰਡੀ ਵਿਖੇ ਤੀਆਂ ਦਾ ਲੋਕ-ਤਿਉਹਾਰ ਬੇਹੱਦ ਉਤਸ਼ਾਹ, ਰਵਾਇਤੀ ਸ਼ਾਨੋ-ਸ਼ੌਕਤ ਤੇ ਸੱਭਿਆਚਾਰਕ ਰੰਗਾਂ ਨਾਲ ਮਨਾਇਆ ਗਿਆ। ਰਵਾਇਤੀ ਪੰਜਾਬੀ ਪਹਿਰਾਵੇ, ਲੋਕ-ਗੀਤਾਂ ਦੀਆਂ ਸੁਰਾਂ, ਗਿੱਧੇ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਅਮੀਰ ਪੰਜਾਬੀ ਵਿਰਸੇ, ਲੋਕ-ਸੱਭਿਆਚਾਰ ਅਤੇ ਰਵਾਇਤਾਂ ਨਾਲ ਜੋੜਨਾ ਅਤੇ ਉਨ੍ਹਾਂ ਦੇ ਮਨਾਂ ਵਿੱਚ ਆਪਣੀ ਮਾਤਭੂਮੀ ਤੇ ਸੱਭਿਆਚਾਰ ਪ੍ਰਤੀ ਮਾਣ ਦੀ ਭਾਵਨਾ ਪੈਦਾ ਕਰਨਾ ਸੀ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਇੰਦਰਜੀਤ ਕੌਰ ਤੇ ਭਜਨ ਕੌਰ ਨੇ ਸ਼ਿਰਕਤ ਕੀਤੀ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਬਲਜੀਤ ਕੌਰ, ਮਨਪ੍ਰੀਤ ਕੌਰ, ਰਾਜਵਿੰਦਰ ਕੌਰ ਤੇ ਕੋਮਲਪ੍ਰੀਤ ਕੌਰ ਹਾਜ਼ਰ ਹੋਏ। ਸਕੂਲ ਪ੍ਰਬੰਧਕਾਂ, ਪ੍ਰਿੰਸੀਪਲ, ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਅਤੇ ਰਣਜੋਧ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।
ਤੀਆਂ ਦੇ ਇਸ ਸਮਾਰੋਹ ਦੌਰਾਨ ਵਿਦਿਆਰਥੀਆਂ ਲਈ ਕਈ ਰੰਗਾਰੰਗ ਅਤੇ ਰਵਾਇਤੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ ਇੰਟਰ-ਹਾਊਸ ਰਵਾਇਤੀ ਪੰਜਾਬੀ ਪਹਿਰਾਵਾ ਮੁਕਾਬਲਾ, ਪੁਰਾਣੇ ਪੰਜਾਬੀ ਵਿਆਹ ਦੀਆਂ ਰਸਮਾਂ ਦੀ ਜੀਵੰਤ ਪੇਸ਼ਕਾਰੀ ਤੇ ਇੰਟਰ-ਹਾਊਸ ਵਾਲਾਂ ਦੇ ਰਵਾਇਤੀ ਸ਼ਿੰਗਾਰ (ਹੇਅਰ ਐਕਸੈਸਰੀਜ਼ ਮੇਕਿੰਗ) ਮੁਕਾਬਲਾ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।
ਸਮਾਗਮ ਦੌਰਾਨ ਸਭ ਤੋਂ ਵੱਡੀ ਖਿੱਚ ਪੰਜਾਬੀ ਲੋਕ-ਗੀਤਾਂ 'ਤੇ ਪੇਸ਼ ਕੀਤਾ ਗਿਆ ਗਿੱਧਾ, ਭੰਗੜਾ ਅਤੇ ਹੋਰ ਲੋਕ-ਨਾਚ ਰਹੇ। ਵਿਦਿਆਰਥੀਆਂ ਨੇ ਆਪਣੇ ਮਨਮੋਹਕ ਅੰਦਾਜ਼ ਨਾਲ ਪੰਜਾਬ ਦੀਆਂ ਲੋਕ-ਰਵਾਇਤਾਂ, ਮੇਲਿਆਂ, ਤਿਉਹਾਰਾਂ ਅਤੇ ਸੱਭਿਆਚਾਰਕ ਵਿਰਾਸਤ ਨੂੰ ਮੰਚ 'ਤੇ ਜੀਵੰਤ ਕਰ ਦਿੱਤਾ। ਇਸ ਮੌਕੇ ਸਕੂਲ ਦੇ ਪ੍ਰਧਾਨ ਕੈਪਟਨ ਤੇਜਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤੀਆਂ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਪੰਜਾਬੀ ਸੱਭਿਆਚਾਰ ਦੀ ਰੂਹ ਹਨ।
ਉਪ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਕੂਲ ਦੀ ਪ੍ਰਿੰਸੀਪਲ ਸ਼ਵੇਤਾ ਮਹਿਤਾ ਨੇ ਕਿਹਾ ਕਿ ਸਕੂਲ ਦਾ ਹਮੇਸ਼ਾ ਇਹ ਯਤਨ ਰਹਿੰਦਾ ਹੈ ਕਿ ਬੱਚਿਆਂ ਨੂੰ ਪਾਠਕ੍ਰਮ ਦੇ ਨਾਲ-ਨਾਲ ਆਪਣੇ ਸੱਭਿਆਚਾਰ ਅਤੇ ਵਿਰਸੇ ਨਾਲ ਵੀ ਜੋੜਿਆ ਜਾਵੇ। ਸਮਾਗਮ ਨੂੰ ਸਫਲ ਬਣਾਉਣ ਵਿੱਚ ਅਰਚਨਾ, ਸਰਬਜੀਤ, ਕੁਲਦੀਪ, ਨਵਦੀਪ, ਜਸਬੀਰ, ਰਾਜਨ, ਕੋਮਲ, ਕੁਸੁਮ ਤੇ ਰਮਨ ਨੇ ਵਿਸ਼ੇਸ਼ ਯੋਗਦਾਨ ਪਾਇਆ। ਸਮਾਗਮ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।