ਲਾਇਲਪੁਰ ਖਾਲਸਾ ਕਾਲਜ ’ਚ ਮਨਾਈਆਂ ਤੀਆਂ ਲਾਇਲਪੁਰ ਖਾ਼ਲਸਾ ਕਾਲਜ ਕਪੂਰਥਲਾ ਵਿਖੇ ਉਤਸ਼ਾਹ ਨਾਲ ਮਨਾਇਆ ਤੀਆਂ ਦਾ ਤਿਉਹਾਰ
Publish Date: Thu, 13 Aug 2026 08:45 PM (IST)
Updated Date: Thu, 13 Aug 2026 08:47 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀ ਅਮੀਰ ਪਰੰਪਰਾ ਨੂੰ ਦਰਸਾਉਂਦਾ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਪਹਿਰਾਵੇ ਵਿੱਚ ਸਜ-ਧਜ ਕੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਤੇ ਗਿੱਧਾ, ਲੋਕ-ਗੀਤਾਂ ਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਪੰਜਾਬੀ ਲੋਕ ਵਿਰਸੇ ਦੀ ਖੂਬਸੂਰਤ ਝਲਕ ਪੇਸ਼ ਕੀਤੀ। ਇਸ ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ ਮੁੱਖ ਮਹਿਮਾਨ ਵਜੋਂ ਤੇ ਮੈਡਮ ਗਗਨਦੀਪ ਕੌਰ ਡਿਸਟ੍ਰਿਕਟ ਯੂਥ ਅਫ਼ਸਰ ਮਾਈ ਭਾਰਤ, ਕਪੂਰਥਲਾ (ਮਨਿਸਟਰੀ ਆਫ ਯੂਥ ਅਫੇਅਰਜ਼ ਐਂਡ ਸਪੋਰਟਸ, ਭਾਰਤ ਸਰਕਾਰ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੌਰਾਨ ਵਿਦਿਆਰਥਣਾਂ ਨੇ ਪੰਜਾਬੀ ਲੋਕ ਨਾਚ ਗਿੱਧੇ ਦੀਆਂ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ਤੀਆਂ ਦੇ ਰਵਾਇਤੀ ਗੀਤਾਂ ਤੇ ਬੋਲੀਆਂ ਨੇ ਸਮਾਗਮ ਵਿੱਚ ਪੰਜਾਬੀਅਤ ਦਾ ਰੰਗ ਭਰ ਦਿੱਤਾ। ਵਿਦਿਆਰਥਣਾਂ ਨੇ ਇਸ ਤਿਉਹਾਰ ਦੀਆਂ ਪਰੰਪਰਾਵਾਂ ਤੇ ਸੱਭਿਆਚਾਰਕ ਮਹੱਤਤਾ ਨੂੰ ਬੜੇ ਉਤਸ਼ਾਹ ਨਾਲ ਪੇਸ਼ ਕੀਤਾ। ਮੁੱਖ ਮਹਿਮਾਨ ਮਮਤਾ ਬਜਾਜ ਤੇ ਵਿਸ਼ੇਸ਼ ਮਹਿਮਾਨ ਮੈਡਮ ਗਗਨਦੀਪ ਕੌਰ ਡਿਸਟ੍ਰਿਕਟ ਯੂਥ ਅਫ਼ਸਰ ਨੇ ਵਿਦਿਆਰਥਣਾਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਸੱਭਿਆਚਾਰ ਤੇ ਵਿਰਸੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਤੀਆਂ ਸਿਰਫ਼ ਮਨੋਰੰਜਨ ਦਾ ਤਿਉਹਾਰ ਨਹੀਂ, ਸਗੋਂ ਪੰਜਾਬੀ ਲੋਕ-ਸੱਭਿਆਚਾਰ, ਲੋਕ-ਗੀਤਾਂ, ਲੋਕ-ਨਾਚਾਂ ਤੇ ਸਾਂਝੀਵਾਲਤਾ ਨਾਲ ਜੁੜਿਆ ਮਹੱਤਵਪੂਰਨ ਤਿਉਹਾਰ ਹੈ। ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਤੇ ਵਿਰਾਸਤੀ ਕਦਰਾਂ-ਕੀਮਤਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਮੁੱਚਾ ਸਮਾਗਮ ਪੰਜਾਬੀਅਤ, ਖੁਸ਼ੀ ਤੇ ਸੱਭਿਆਚਾਰਕ ਰੰਗਾਂ ਨਾਲ ਭਰਪੂਰ ਰਿਹਾ। ਤੀਆਂ ਦੇ ਮੌਕੇ ਪੰਜਾਬੀ ਵਿਰਸੇ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਜਿਵੇਂ ਗੁੱਤ ਗੁੰਦਣ, ਮਹਿੰਦੀ ਤੇ ਨੇਲ ਆਰਟ ਵੀ ਕਰਵਾਈਆਂ ਗਈਆਂ। ਗੁੱਤ ਗੁੰਦਣ, ਮੁਕਾਬਲੇ ਵਿੱਚੋਂ ਪਹਿਲਾ ਸਥਾਨ ਅਰਸ਼ਦੀਪ ਨੇ ਦੂਸਰਾ ਸਥਾਨ ਤਨਵੀਰ ਤੇ ਤੀਸਰਾ ਸਥਾਨ ਅਗਮਪ੍ਰੀਤ ਨੇ ਪ੍ਰਾਪਤ ਕੀਤਾ। ਮਹਿੰਦੀ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਹੀਨਾ ਤੇ ਦੂਜਾ ਸਥਾਨ ਮਨਜੋਤ ਕੌਰ ਨੇ ਪ੍ਰਾਪਤ ਕੀਤਾ। ਨੇਲ ਆਰਟ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਗੁਰਪ੍ਰੀਤ ਕੌਰ, ਦੂਸਰਾ ਸਥਾਨ ਅਗਮ ਤੇ ਤੀਸਰਾ ਜਸਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਮੁਕਾਬਲਿਆਂ ਦੀ ਜਜਮੈਂਟ ਪ੍ਰੋ. ਅਮਨਦੀਪ ਕੌਰ ਚੀਮਾ, ਪ੍ਰੋ. ਪ੍ਰਭਜੋਤ ਕੌਰ ਤੇ ਪ੍ਰੋ. ਮੁਸਕਾਨ ਨੇ ਕੀਤੀ। ਇਸ ਮੌਕੇ ਮਿਸ ਤੀਜ ਦਾ ਐਵਾਰਡ ਹਰਪਾਹੁਲ ਆਲੂਵਾਲੀਆ ਨੂੰ ਪ੍ਰਾਪਤ ਹੋਇਆ। ਅਗਮਪ੍ਰੀਤ ਕੌਰ ਪਹਿਲੀ ਤੇ ਜੈਸਮੀਨ ਕੌਰ ਦੂਜੀ ਰਨਰਅਪ ਰਹੀਆਂ। ਮਿਸ ਤੀਜ ਮੁਕਾਬਲੇ ਦੀ ਜਜਮੈਂਟ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਪ੍ਰੋ. ਜਸਪ੍ਰੀਤ ਕੌਰ ਤੇ ਪ੍ਰੋ. ਦਮਨਜੀਤ ਕੌਰ ਨੇ ਕੀਤੀ। ਸਮਾਗਮ ਦੌਰਾਨ ਵਿਦਿਆਰਥਣਾਂ ਤੇ ਸਟਾਫ਼ ਨੇ ਮਿਲ ਕੇ ਤੀਆਂ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਪ੍ਰੋਗਰਾਮ ਦੌਰਾਨ ਸਟੇਜ ਦੀ ਕਾਰਵਾਈ ਪ੍ਰੋ. ਜਸਪ੍ਰੀਤ ਕੌਰ ਤੇ ਪ੍ਰੋ. ਵਰਿੰਦਰ ਕੌਰ ਨੇ ਬਾਖੂਬੀ ਨਿਭਾਈ।