ਬੱਚਿਆਂ ਨੂੰ ਚੰਗੇ ਸੰਸਕਾਰ ਦੇਣਾ ਮਾਪਿਆਂ ਦਾ ਫਰਜ਼ : ਸਖੂਜਾ ਬੱਚਿਆਂ ਨੂੰ ਚੰਗੇ ਸੰਸਕਾਰ ਅਤੇ ਇਮਾਨਦਾਰੀ ਨਾਲ ਜਿਉਣਾ ਸਿਖਾਉਣਾ ਮਾਪਿਆਂ ਦਾ ਵੱਡਾ ਫਰਜ਼ : ਰਜਿੰਦਰ ਕੁਮਾਰ ਸਖੂਜਾ
Publish Date: Sun, 11 Oct 2026 08:41 PM (IST)
Updated Date: Sun, 11 Oct 2026 08:44 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਬੱਚਿਆਂ ਨੂੰ ਚੰਗੇ ਸੰਸਕਾਰ ਦੇਣਾ, ਇਮਾਨਦਾਰੀ ਨਾਲ ਜੀਵਨ ਜਿਉਣ ਦੀ ਸਿੱਖਿਆ ਦੇਣਾ ਤੇ ਉਨ੍ਹਾਂ ਨੂੰ ਵੱਡਿਆਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕਰਨਾ ਮਾਪਿਆਂ ਦਾ ਅਹਿਮ ਫਰਜ਼ ਹੈ। ਇਸ ਦੇ ਨਾਲ ਹੀ ਬੱਚਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਮਾਪਿਆਂ ਦਾ ਕਹਿਣਾ ਮੰਨਣ ਤੇ ਵੱਡਿਆਂ ਤੇ ਬਜ਼ੁਰਗਾਂ ਦੀ ਸੇਵਾ ਕਰਕੇ ਉਨ੍ਹਾਂ ਦਾ ਮਾਣ-ਸਤਿਕਾਰ ਕਰਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵਕ ਤੇ ਮੋਹਨ ਸਵੀਟ ਹਾਊਸ ਦੇ ਮਾਲਕ ਰਜਿੰਦਰ ਕੁਮਾਰ ਸਖੂਜਾ ਨੇ ਕਿਹਾ ਕਿ ਬੱਚਿਆਂ ਦੇ ਚੰਗੇ ਭਵਿੱਖ ਦੀ ਨੀਂਹ ਘਰ ਤੋਂ ਹੀ ਰੱਖੀ ਜਾਂਦੀ ਹੈ। ਜੇਕਰ ਮਾਪੇ ਆਪਣੇ ਬੱਚਿਆਂ ਨੂੰ ਘਰ ਵਿੱਚ ਹੀ ਚੰਗੇ ਸੰਸਕਾਰ, ਸੱਭਿਆਚਾਰ, ਇਮਾਨਦਾਰੀ, ਵੱਡਿਆਂ ਦਾ ਆਦਰ ਤੇ ਛੋਟਿਆਂ ਨਾਲ ਪਿਆਰ ਕਰਨ ਦੀ ਸਿੱਖਿਆ ਦੇਣਗੇ ਤਾਂ ਬੱਚੇ ਬਾਹਰ ਸਮਾਜ ਵਿੱਚ ਵੀ ਇਨ੍ਹਾਂ ਕਦਰਾਂ-ਕੀਮਤਾਂ ਨੂੰ ਅਪਣਾਉਣਗੇ। ਉਨ੍ਹਾਂ ਕਿਹਾ ਕਿ ਬੱਚੇ ਆਪਣੇ ਮਾਪਿਆਂ ਦੇ ਵਿਹਾਰ ਤੋਂ ਬਹੁਤ ਕੁਝ ਸਿੱਖਦੇ ਹਨ। ਇਸ ਲਈ ਮਾਪਿਆਂ ਨੂੰ ਖੁਦ ਵੀ ਆਪਣੇ ਜੀਵਨ ਵਿੱਚ ਇਮਾਨਦਾਰੀ, ਨਿਮਰਤਾ ਤੇ ਦੂਜਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਅਪਣਾਉਣਾ ਚਾਹੀਦਾ ਹੈ, ਤਾਂ ਜੋ ਬੱਚੇ ਉਨ੍ਹਾਂ ਤੋਂ ਚੰਗੀ ਪ੍ਰੇਰਣਾ ਲੈ ਸਕਣ। ਸਖੂਜਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਤੇ ਆਪਣੇ ਸੱਭਿਆਚਾਰ ਨਾਲ ਜੋੜਨਾ ਵੀ ਬਹੁਤ ਜ਼ਰੂਰੀ ਹੈ। ਚੰਗੇ ਸੰਸਕਾਰਾਂ ਵਾਲੇ ਬੱਚੇ ਹੀ ਸਮਾਜ ਵਿੱਚ ਇੱਕ ਚੰਗੇ ਨਾਗਰਿਕ ਵਜੋਂ ਆਪਣੀ ਪਛਾਣ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਆਪਣੇ ਮਾਪਿਆਂ ਤੇ ਬਜ਼ੁਰਗਾਂ ਦਾ ਸਤਿਕਾਰ ਕਰਦੇ ਹਨ ਤੇ ਇਮਾਨਦਾਰੀ ਦੇ ਰਾਹ ’ਤੇ ਚੱਲਦੇ ਹਨ, ਉਹ ਨਾ ਸਿਰਫ਼ ਆਪਣੇ ਪਰਿਵਾਰ ਸਗੋਂ ਸਮਾਜ ਦਾ ਨਾਮ ਵੀ ਰੌਸ਼ਨ ਕਰਦੇ ਹਨ।