ਗਿਆਨ ਦੇ ਦੀਵੇ ਜਗਾਉਣ ਵਾਲੇ ਅਧਿਆਪਕਾਂ ਨੂੰ ਸ਼ਿਵ ਮੰਦਰ ਚੌੜਾ ਖੂਹ ਨੇ ਕੀਤਾ ਸਨਮਾਨਤ ਗਿਆਨ ਦੇ ਦੀਵੇ ਜਗਾਉਣ ਵਾਲੇ ਅਧਿਆਪਕਾਂ ਨੂੰ ਸ਼ਿਵ ਮੰਦਰ ਚੌੜਾ ਖੂਹ ਵੱਲੋਂ ਸਨਮਾਨ
Publish Date: Sun, 06 Sep 2026 07:53 PM (IST)
Updated Date: Sun, 06 Sep 2026 07:55 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅਧਿਆਪਕ ਸਿਰਫ਼ ਕਲਾਸਰੂਮ ਵਿੱਚ ਪਾਠ ਪੜ੍ਹਾਉਣ ਵਾਲਾ ਵਿਅਕਤੀ ਨਹੀਂ ਹੁੰਦਾ, ਸਗੋਂ ਉਹ ਸਮਾਜ ਦੀ ਨਵੀਂ ਪੀੜ੍ਹੀ ਦੇ ਸੁਪਨਿਆਂ ਨੂੰ ਦਿਸ਼ਾ ਦੇਣ, ਚਰਿੱਤਰ ਨਿਰਮਾਣ ਕਰਨ ਤੇ ਗਿਆਨ ਦੀ ਰੌਸ਼ਨੀ ਨਾਲ ਭਵਿੱਖ ਨੂੰ ਰੁਸ਼ਨਾਉਣ ਵਾਲਾ ਮਾਰਗਦਰਸ਼ਕ ਹੁੰਦਾ ਹੈ। ਅਧਿਆਪਕ ਦਿਵਸ ਦੇ ਮੌਕੇ ’ਤੇ ਅਧਿਆਪਕਾਂ ਦੀ ਇਸ ਮਹਾਨ ਭੂਮਿਕਾ ਨੂੰ ਸਲਾਮ ਕਰਦਿਆਂ ਸ਼ਿਵ ਮੰਦਰ ਚੌੜਾ ਖੂਹ ਵੱਲੋਂ ਪ੍ਰਧਾਨ ਰਕੇਸ਼ ਨੀਟੂ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਿੱਖਿਆ ਦੇ ਖੇਤਰ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਲਖਪਤ ਰਾਏ ਪ੍ਰਭਾਕਰ, ਸਟੇਟ ਅਵਾਰਡੀ, ਦਵਿੰਦਰ ਸ਼ਰਮਾ ਅਤੇ ਸਿੱਖਿਆ ਵਿਭਾਗ ਨਾਲ ਜੁੜੇ ਸੰਜੀਵ ਸ਼ਰਮਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਕੇਸ਼ ਨੀਟੂ ਨੇ ਕਿਹਾ ਕਿ ਅਧਿਆਪਕ ਸਮਾਜ ਦੀ ਉਹ ਮਜ਼ਬੂਤ ਨੀਂਹ ਹਨ, ਜਿਨ੍ਹਾਂ ਦੇ ਹੱਥਾਂ ਵਿੱਚ ਦੇਸ਼ ਅਤੇ ਸਮਾਜ ਦਾ ਭਵਿੱਖ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਬਲਕਿ ਉਨ੍ਹਾਂ ਨੂੰ ਚੰਗਾ ਇਨਸਾਨ ਬਣਨ, ਆਪਣੇ ਫਰਜ਼ਾਂ ਨੂੰ ਸਮਝਣ ਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦੀ ਸਿੱਖਿਆ ਵੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਸਨਮਾਨ ਕਰਨਾ ਅਸਲ ਵਿੱਚ ਗਿਆਨ, ਸਿੱਖਿਆ ਅਤੇ ਸਮਾਜ ਦੇ ਉੱਜਵਲ ਭਵਿੱਖ ਦਾ ਸਨਮਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਬੱਚਿਆਂ ਦੇ ਜੀਵਨ ਵਿੱਚ ਤਕਨਾਲੋਜੀ ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਹੈ, ਅਜਿਹੇ ਸਮੇਂ ਵਿੱਚ ਅਧਿਆਪਕ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ। ਸਨਮਾਨਤ ਅਧਿਆਪਕ ਲਖਪਤ ਰਾਏ ਪ੍ਰਭਾਕਰ ਤੇ ਦਵਿੰਦਰ ਸ਼ਰਮਾ ਨੇ ਸ਼ਿਵ ਮੰਦਰ ਚੌੜਾ ਖੂਹ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਧਿਆਪਕ ਦਿਵਸ ਮੌਕੇ ਮਿਲਿਆ ਇਹ ਸਨਮਾਨ ਉਨ੍ਹਾਂ ਲਈ ਸਿਰਫ਼ ਸਨਮਾਨ ਨਹੀਂ, ਸਗੋਂ ਸਿੱਖਿਆ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਹੋਰ ਵੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਣਾ ਹੈ। ਇਸ ਮੌਕੇ ਪ੍ਰਧਾਨ ਰਕੇਸ਼ ਨੀਟੂ, ਖਜ਼ਾਨਚੀ ਡਿੰਪਲ ਡੰਡਨ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਸੁਨੀਲ ਭੰਡਾਰੀ, ਰਮਨ ਸਲਪੋਨਾ, ਗੋਰਾ ਗੁਜਰਾਲ, ਬਾਬਾ ਬਲੌਰੀ, ਪੰਡਿਤ ਲਛਮਣ ਪ੍ਰਸਾਦ ਸਮੇਤ ਹੋਰ ਪਤਵੰਤੇ ਤੇ ਸ਼ਰਧਾਲੂ ਹਾਜ਼ਰ ਸਨ।