ਅਧਿਆਪਕਾਂ ਨੂੰ ਦਿੱਤੀ ਕਾਲੇ ਪਾਣੀ ਦੀ ਸਜ਼ਾ : ਟੂਰਾ ਤਰੱਕੀਆਂ ਵਿੱਚ ਦੂਰ ਦੁਰਾਡੇ ਸਟੇਸ਼ਨ ਅਲਾਟ ਕਰਕੇ ਅਧਿਆਪਕਾਂ ਨੂੰ ਦਿੱਤੀ ਦਿੱਤੀ ਕਾਲੇ ਪਾਣੀ ਦੀ ਸਜ਼ਾ ਟੂਰਾ
Publish Date: Tue, 29 Sep 2026 07:06 PM (IST)
Updated Date: Tue, 29 Sep 2026 07:09 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਐੱਸਸੀ/ਬੀਸੀ ਇੰਪਲਾਈਜ਼ ਯੂਨੀਅਨ ਦੇ ਸਮਾਜ ਤੇ ਮੁਲਾਜ਼ਮ ਵਰਗ ਦੀਆਂ ਜਾਇਜ਼ ਤੇ ਸੰਵਿਧਾਨਕ ਮੰਗਾਂ ਦੀ ਹਮੇਸ਼ਾ ਆਵਾਜ਼ ਬੁਲੰਦ ਕਰਨ ਵਾਲੇ ਅਧਿਆਪਕ ਆਗੂ ਸਤਵੰਤ ਟੂਰਾ, ਮਨਜੀਤ ਗਾਟ, ਲਖਵੀਰ ਚੰਦ, ਬਲਵਿੰਦਰ ਨਿਧੱੜਕ, ਸੰਤੋਖ ਸਿੰਘ ਮੱਲੀ, ਮਨਜੀਤ ਦਾਸ ਆਦਿ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਸਿੱਖਿਆ ਵਿਭਾਗ ਵੱਲੋਂ ਪ੍ਰਾਈਮਰੀ ਕੈਡਰ ਅਧਿਆਪਕਾਂ ਤੋਂ ਮਾਸਟਰ ਕੈਡਰ ਵਿੱਚ ਤਰੱਕੀਆਂ ਦੀਆਂ ਲਿਸਟਾਂ ਜਾਰੀ ਕੀਤੀਆਂ ਗਈਆਂ, ਜਿਨ੍ਹਾਂ ਨੂੰ ਵੇਖਣ ਉਪਰੰਤ ਅਜਿਹਾ ਲੱਗਦਾ ਹੈ ਕਿ ਅਧਿਆਪਕਾਂ ਨੂੰ ਇਹ ਤਰੱਕੀਆਂ ਦੇ ਚਾਅ ਬਹੁਤ ਘੱਟ ਅਧਿਆਪਕਾਂ ਨੂੰ ਨਸੀਬ ਹੋਏ ਹਨ ਤੇ ਕਾਲੇ ਪਾਣੀ ਦੀਆਂ ਸਜ਼ਾਵਾਂ ਵੱਧ ਲੱਗਦੀਆਂ ਹਨ, ਕਿਉਂਕਿ ਸਾਰੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਆਪਣੇ ਪੱਧਰ ’ਤੇ ਸਟੇਸ਼ਨ ਦੂਰ-ਦੁਰਾਡੇ ਅਲਾਟ ਕੀਤੇ ਗਏ ਹਨ ਤੇ ਅਧਿਆਪਕਾਂ ਕੋਲੋਂ ਸਟੇਸ਼ਨ ਚੋਣ ਸਬੰਧੀ ਕੋਈ ਵੀ ਸਹਿਮਤੀ ਨਹੀਂ ਲਈ ਗਈ ਤੇ ਨਾ ਹੀ ਸਟੇਸ਼ਨ ਚੋਣ ਕਰਵਾਈ ਗਈ ਹੈ, ਜਿਸ ਨਾਲ ਅਧਿਆਪਕਾਂ ਵਿੱਚ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਵਤੀਰੇ ਤੋਂ ਲੱਗਦਾ ਹੈ ਕਿ ਬਹੁਤੇ ਅਧਿਆਪਕਾਂ ਨੂੰ ਤਰੱਕੀਆਂ ਛੱਡਣ ਲਈ ਮਜਬੂਰ ਹੋਣਾ ਪਵੇ। ਟੂਰਾ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਸਕੱਤਰ ਸਿੰਘ ਬੱਲ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਨੂੰ ਦੂਰ-ਦੁਰਾਡੇ ਸਟੇਸ਼ਨ ਵਿਭਾਗ ਵੱਲੋਂ ਆਪਣੇ ਪੱਧਰ ’ਤੇ ਦਿੱਤੇ ਗਏ ਹਨ, ਉਨ੍ਹਾਂ ਨੂੰ ਮੁੜ ਉਨ੍ਹਾਂ ਦੀ ਸਹਿਮਤੀ ਅਨੁਸਾਰ ਸਟੇਸ਼ਨ ਚੋਣ ਕਰਵਾਈ ਜਾਵੇ ਤੇ ਲੋਕਲ ਬਲਾਕਾਂ ਵਿੱਚ ਖਾਲੀ ਪਏ ਸਟੇਸ਼ਨ ਉੱਤੇ ਐਡਜਸਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਵਿਭਾਗ ਵੱਲੋਂ ਵੱਰ-ਵਾਰ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਇਸ ਗੱਲ ਉੱਤੇ ਜ਼ੋਰ ਪਾਇਆ ਗਿਆ ਕਿ ਤਰੱਕੀ ਪ੍ਰਾਪਤ ਅਧਿਆਪਕਾਂ ਨੂੰ ਅੱਜ ਹੀ ਇਨ੍ਹਾਂ ਤਰੱਕੀ ਵਾਲੇ ਸਟੇਸ਼ਨਾਂ ਤੇ ਹਾਜ਼ਰ ਕਰਵਾਇਆ ਜਾਵੇ, ਜਿਸ ਤੋਂ ਲੱਗਦਾ ਹੈ ਕਿ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਮੁਲਾਜ਼ਮ ਵਰਗ ਦੇ ਨਾਲ ਕਿੜ ਕੱਢ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਨੂੰ ਵਿਭਾਗ ਵੱਲੋਂ ਬਿਨਾਂ ਸਹਿਮਤੀ ਲਈ ਤੇ ਬਿਨਾਂ ਸਟੇਸ਼ਨ ਚੋਣ ਕਰਵਾਏ ਦੂਰ-ਦੁਰਾਡੇ ਭੇਜਿਆ ਗਿਆ ਹੈ, ਨੂੰ ਤੁਰੰਤ ਸਹਿਮਤੀ ਲੈਂਦੇ ਹੋਏ ਲੋਕਲ ਪਏ ਖਾਲੀ ਸਟੇਸ਼ਨ ਉੱਪਰ ਅਡਜਸਟ ਕਰਵਾਇਆ ਜਾਵੇ ਤਾਂ ਕਿ ਅਧਿਆਪਕ ਵਰਗ ਵਿੱਚ ਪਾਇਆ ਜਾਂਦਾ ਰੋਸ ਸ਼ਾਂਤ ਹੋ ਸਕੇ। ਇਸ ਮੌਕੇ ਰਾਮਪਾਲ, ਅਸ਼ੋਕ ਵਾਹਦ, ਦਿਨੇਸ਼ ਕੁਮਾਰ, ਵਿਨੋਦ ਕੁਮਾਰ, ਸੋਹਣ ਲਾਲ, ਦੀਪਕ ਸਹਿਗਲ, ਗੁਰਸੇਵਕ ਸਿੰਘ, ਸੰਦੀਪ ਸਿੰਘ, ਕੁਲਦੀਪ ਰਾਮ, ਜਸਵੀਰ ਖਲਵਾੜਾ ਆਦਿ ਹਾਜ਼ਰ ਸਨ।