1 ਅਕਤੂਬਰ ਤੋਂ ਮਿਡ ਡੇ ਮੀਲ ਬੰਦ ਕਰਨ ਤੇ ਪ੍ਰਾਇਮਰੀ ਖੇਡਾਂ ਦੇ ਬਾਈਕਾਟ ਦਾ ਐਲਾਨ ਅਧਿਆਪਕ ਜਥੇਬੰਦੀਆਂ ਵੱਲੋਂ 1 ਅਕਤੂਬਰ ਤੋਂ ਮਿਡ ਡੇ ਮੀਲ ਬੰਦ ਕਰਨ ਤੇ ਪ੍ਰਾਇਮਰੀ ਖੇਡਾਂ ਦੇ ਬਾਈਕਾਟ ਦਾ ਐਲਾਨ
Publish Date: Thu, 24 Sep 2026 10:19 PM (IST)
Updated Date: Thu, 24 Sep 2026 10:21 PM (IST)
--ਅਧਿਆਪਕ ਪੱਲਿਓਂ ਪੈਸੇ ਖਰਚ ਕੇ ਨਾ ਹੀ ਖੇਡਾਂ ਕਰਾਉਣਗੇ ਤੇ ਨਾ ਹੀ ਮਿਡ ਡੇ ਮੀਲ ਬਣਾਉਣਗੇ : ਅਧਿਆਪਕ ਆਗੂ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਵੱਖ-ਵੱਖ ਅਧਿਆਪਕ ਜਥੇਬੰਦੀਆਂ ਜਿਨ੍ਹਾਂ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਦੇ ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀਟੀਐੱਫ) ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ, ਜੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਅਧਿਆਪਕ ਦਲ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ, ਡੀਟੀਐੱਫ ਦੇ ਆਗੂ ਜੈਮਲ ਸਿੰਘ ਤੇ ਮਾਸਟਰ ਕਾਡਰ ਯੂਨੀਅਨ ਕਪੂਰਥਲਾ ਤੋਂ ਨਰੇਸ਼ ਕੋਹਲੀ, ਤਰਵਿੰਦਰ ਸਿੰਘ ਮੱਲ੍ਹੀ ਦੀ ਹੋਈ ਔਨਲਾਈਨ ਤੇ ਆਫ਼ਲਾਈਨ ਮੀਟਿੰਗ ਵਿੱਚ ਲਏ ਕੁਝ ਅਹਿਮ ਫੈਸਲਿਆਂ ਅਨੁਸਾਰ ਜੇਕਰ ਮਿਡ ਡੇ ਮੀਲ ਦੇ ਪੈਸੇ ਅਡਵਾਂਸ ਨਹੀਂ ਆਉਂਦੇ ਤਾਂ, ਮਿਡ ਦੇ ਮੀਲ 1 ਅਕਤੂਬਰ ਤੋਂ ਬੰਦ ਕਰ ਦਿੱਤਾ ਜਾਵੇਗਾ। ਅਧਿਆਪਕ ਆਗੂਆਂ ਨੇ ਕਿਹਾ ਕਿ ਮਿਡ ਡੇ ਮੀਲ ਲਈ ਅਪ੍ਰੈਲ ਮਹੀਨੇ ਤੋਂ ਲੈ ਕੇ ਹੁਣ ਤੱਕ ਅਧਿਆਪਕਾਂ ਦੀਆਂ ਜੇਬਾਂ ਵਿੱਚੋਂ ਬਹੁਤ ਜ਼ਿਆਦਾ ਖਰਚਾ ਹੋ ਚੁੱਕਾ ਹੈ। ਵਿਭਾਗ ਵੱਲੋਂ ਮਿਡ ਡੇ ਮੀਲ ਦੀ ਰਾਸ਼ੀ ਨਵੇਂ ਸਪਰਸ਼ ਪੋਰਟਲ ਦੁਆਰਾ ਭੇਜੀ ਜਾ ਰਹੀ ਹੈ, ਜੋ ਕਿ ਇੱਕ ਗੁੰਝਲਦਾਰ ਪ੍ਰਕਿਰਿਆ ਹੈ ਤੇ ਅਧਿਆਪਕਾਂ ਲਈ ਸਿਰਦਰਦੀ ਬਣੀ ਹੋਈ ਹੈ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਇਹ ਗੁੰਝਲਦਾਰ ਪ੍ਰਕਿਰਿਆ ਨੂੰ ਵਿਭਾਗ ਦੁਆਰਾ ਬੰਦ ਕਰਨ ਤੇ ਮਿਡ ਡੇ ਮੀਲ ਦੀ ਰਾਸ਼ੀ ਅਡਵਾਂਸ ਆਉਣ ਤੱਕ ਮਿਡ ਡੇ ਮੀਲ 1 ਅਕਤੂਬਰ ਤੋਂ ਬੰਦ ਕਰ ਦਿੱਤਾ ਗਿਆ ਜਾਵੇਗਾ। ਇਸ ਤੋਂ ਇਲਾਵਾ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਸਰਕਾਰ ਵਲੋਂ ਮੁਲਾਜ਼ਮ ਵਰਗ ਪ੍ਰਤੀ ਅਪਣਾਏ ਨਾਂਹ ਪੱਖੀ ਵਿਹਾਰ ਕਾਰਨ ਇਸ ਵਾਰ ਪ੍ਰਾਇਮਰੀ ਸਕੂਲ ਖੇਡਾਂ ਲਈ ਜੇਕਰ ਫੰਡ ਨਹੀਂ ਆਉਂਦੇ ਤਾਂ ਅਧਿਆਪਕ ਵਰਗ ਕੋਲੋਂ ਪੈਸੇ ਲਾ ਕੇ ਇਹ ਖੇਡਾਂ ਨਹੀਂ ਕਰਵਾਏਗਾ। ਅਧਿਆਪਕ ਆਗੂਆਂ ਨੇ ਇਸ ਦੌਰਾਨ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਅਫਸਰ ਜਾਂ ਹੋਰ ਅਧਿਆਪਕ ਨੇ ਖੇਡਾਂ ਦੇ ਨਾਂ ’ਤੇ ਅਧਿਆਪਕਾਂ ਤੋਂ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਰੀਆਂ ਜਥੇਬੰਦੀਆਂ ਉਸ ਦੇ ਦਫਤਰ/ਸਕੂਲ ਦਾ ਘੇਰਾਓ ਕਰਨ ਲਈ ਮਜਬੂਰ ਹੋਣਗੀਆਂ। ਇਸ ਮੌਕੇ ਅਸ਼ਵਨੀ ਕੁਮਾਰ, ਪਰਦੀਪ ਸਿੰਘ ਟੋਨੀ, ਅੰਮ੍ਰਿਤਪਾਲ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ।